ਲੁਟੇਰਿਆਂ ਤੇ ਸਨੈਚਰਾਂ ਨੇ ਸ਼ਹਿਰ ''ਚ ਮਚਾਈ ਦਹਿਸ਼ਤ, ਪੁਲਸ ਕਮਿਸ਼ਨਰ ਦੀ ਕੋਠੀ ਕੋਲੋਂ ਮਹਿਲਾ ਸਰਪੰਚ ਨੂੰ ਲੁੱਟਿਆ

Monday, Sep 09, 2024 - 05:30 AM (IST)

ਲੁਧਿਆਣਾ (ਜ.ਬ.) : ਸ਼ਹਿਰ ’ਚ ਚੋਰਾਂ ਅਤੇ ਲੁਟੇਰਿਆਂ ਨੇ ਅੱਤ ਚੁੱਕੀ ਹੋਈ ਹੈ। ਬੇਖ਼ੌਫ ਸਨੈਚਰ ਲਗਾਤਾਰ ਵਾਰਦਾਤਾਂ ਕਰ ਰਹੇ ਹਨ। ਸ਼ਹਿਰ ਦੇ ਲੋਕਾਂ ਦਾ ਘਰਾਂ ’ਚੋਂ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਪੁਲਸ ਹੈ ਕਿ ਸੱਪ ਨਿਕਲ ਜਾਣ ਤੋਂ ਬਾਅਦ ਲਕੀਰ ਪਿੱਟਣ ਤੱਕ ਹੀ ਸੀਮਤ ਹੈ। ਬੀਤੇ ਕੁਝ ਘੰਟਿਆਂ ’ਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਹੋਈਆਂ ਹਨ, ਜਿਨ੍ਹਾਂ ’ਚ ਕੁਝ ਦੀਆਂ ਤਾਂ ਪੁਲਸ ਨੇ ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ ਪਰ ਕੁਝ ਅਜੇ ਠੰਡੇ ਬਸਤੇ ’ਚ ਹੀ ਹਨ।

ਪਹਿਲੇ ਮਾਮਲੇ ’ਚ ਪ੍ਰੇਮ ਨਗਰ ਦੇ ਰਹਿਣ ਵਾਲੇ ਬੰਟੀ ਪਵਾਰ ਨੇ ਦੱਸਿਆ ਕਿ ਉਸ ਦਾ ਇਕ ਰਿਸ਼ਤੇਦਾਰ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਹੈ। ਬੀਤੇ ਬੁੱਧਵਾਰ-ਵੀਰਵਾਰ ਦੀ ਅੱਧੀ ਰਾਤ ਨੂੰ ਉਹ ਆਪਣੇ ਹੋਰਨਾਂ ਰਿਸ਼ਤੇਦਾਰ ਹਰੀ ਰਾਮ ਨਾਲ ਡੀ. ਐੱਮ. ਸੀ. ਹਸਪਤਾਲ ਤੋਂ ਵਾਪਸ ਪ੍ਰੇਮ ਨਗਰ ਘਰ ਵਾਪਸ ਜਾ ਰਹੇ ਸਨ। ਜਦੋਂ ਉਹ ਐਕਟਿਵਾ ’ਤੇ ਦੰਡੀ ਸਵਾਮੀ ਚੌਕ ਤੋਂ ਹੁੰਦੇ ਹੋਏ ਪੁਲਸ ਕਮਿਸ਼ਨਰ ਦਫ਼ਤਰ ਤੋਂ ਕੁਝ ਪਿੱਛੇ ਸਨ ਤਾਂ 3 ਮੋਟਰਸਾਈਕਲਾਂ ’ਤੇ ਅੱਧਾ ਦਰਜਨ ਦੇ ਕਰੀਬ ਨੌਜਵਾਨ ਆਏ, ਜੋ ਕਿ ਤੇਜ਼ਧਾਰ ਹਥਿਆਰ ਨਾਲ ਲੈਸ ਸਨ, ਜਿਨ੍ਹਾਂ ’ਚੋਂ ਇਕ ਨੌਜਵਾਨ ਨੇ ਉਸ ਦੇ ਸਿਰ ’ਤੇ ਬੇਸਬਾਲ ਮਾਰਿਆ, ਜਿਸ ਨਾਲ ਉਹ ਬੇਸੁੱਧ ਹੋਣ ਲੱਗਾ।

PunjabKesari

ਇਸ ਦੌਰਾਨ ਮੁਲਜ਼ਮਾਂ ਨੇ ਉਸ ਕੋਲੋਂ ਅਤੇ ਉਸ ਦੇ ਰਿਸ਼ਤੇਦਾਰ ਤੋਂ 2 ਮੋਬਾਈਲ, ਕਰੀਬ 7000 ਰੁਪਏ ਅਤੇ ਬੈਗ ਖੋਹ ਲਿਆ। ਉਸ ਬੈਗ ’ਚ ਵੀ 5000 ਰੁਪਏ ਅਤੇ ਦਸਤਾਵੇਜ਼ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਐਕਟਿਵਾ ਦੀ ਚਾਬੀ ਲਈ ਅਤੇ ਧਮਕਾਉਂਦੇ ਹੋਏ ਫਰਾਰ ਹੋ ਗਏ। ਬੇਸਬਾਲ ਸਿਰ ’ਤੇ ਲੱਗਣ ਨਾਲ ਉਸ ਦੀ ਹਾਲਤ ਖਰਾਬ ਹੋ ਚੁੱਕੀ ਸੀ ਅਤੇ ਉਹ ਆਪ 2 ਦਿਨ ਤੱਕ ਹਸਪਤਾਲ ਦਾਖਲ ਰਹੇ ਸਨ। ਉਸ ਨੇ ਇਸ ਸਬੰਧ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੂੰ ਸ਼ਿਕਇਤ ਦਿੱਤੀ।

ਇਸੇ ਤਰ੍ਹਾਂ ਹੀ ਦੂਜੀ ਵਾਰਦਾਤ ਤਾਜਪੁਰ ਰੋਡ ਦੀ ਹੈ। ਭੋਲਾ ਕਾਲੋਨੀ ਦੇ ਰਹਿਣ ਵਾਲੇ ਆਸ਼ੂ ਨੇ ਦੱਸਿਆ ਕਿ ਉਹ ਫੈਕਟਰੀ ਤੋਂ ਛੁੱਟੀ ਕਰ ਕੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਘੇਰ ਲਿਆ। ਮੁਲਜ਼ਮਾਂ ਨੇ ਉਸ ਕੋਲੋਂ ਮੋਬਾਈਲ ਅਤੇ ਕੈਸ਼ ਲੁੱਟ ਲਿਆ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦਾ ਕੜਾ ਲੁਟੇਰਿਆਂ ਦੇ ਮੋਟਰਸਾਈਕਲ ’ਚ ਫਸ ਗਿਆ ਅਤੇ ਲੁਟੇਰੇ ਕਈ ਫੁੱਟ ਤੱਕ ਘੜੀਸਦੇ ਹੋਏ ਲੈ ਗਏ। ਉਸ ਦੇ ਚੀਕਣ ’ਤੇ ਵੀ ਮੁਲਜ਼ਮਾਂ ਨੇ ਮੋਟਰਸਾਈਕਲ ਨਹੀਂ ਰੋਕਿਆ।

ਇਹ ਵੀ ਪੜ੍ਹੋ : ਦਿੱਲੀ 'ਚ ਬਦਮਾਸ਼ਾਂ ਦੀ ਦਹਿਸ਼ਤ; ਨਾਈਟ ਕਲੱਬ ਬਾਹਰ ਕੀਤੀ ਅੰਨ੍ਹੇਵਾਹ ਫਾਇਰਿੰਗ, ਬਾਊਂਸਰਾਂ ਨੂੰ ਗੋਡਿਆਂ ਭਾਰ ਬਿਠਾਇਆ

ਕੁਝ ਦੂਰ ਜਾ ਕੇ ਸਪੀਡ ਬ੍ਰੇਕਰ ਆਇਆ ਤਾਂ ਉਸ ਦਾ ਹੱਥ ਮੋਟਰਸਾਈਕਲ ਤੋਂ ਨਿਕਲਿਆ ਪਰ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਉਹ ਹਸਪਤਾਲ ’ਚ ਦਾਖਲ ਰਿਹਾ ਅਤੇ ਉਸ ਨੇ ਇਸ ਸਬੰਧ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਅਣਪਛਾਤੇ ਲੁਟੇਰਿਆਂ ਬਾਰੇ ’ਚ ਕੇਸ ਦਰਜ ਕਰ ਲਿਆ ਹੈ।

ਤੀਜਾ ਮਾਮਲਾ ਘੁਮਾਰ ਮੰਡੀ ਇਲਾਕੇ ਦਾ ਹੈ। ਜਾਣਕਾਰੀ ਦਿੰਦੇ ਹੋਏ ਪਰਮਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨਵਤੇਜ ਸਿੰਘ ਅਤੇ ਉਹ ਪਿੰਡ ਮੰਨੇਵਾਲ ਦੇ ਸਾਬਕਾ ਸਰਪੰਚ ਰਹਿ ਚੁੱਕੇ ਹਨ। ਘੁਮਾਰ ਮੰਡੀ ਦੇ ਮਾਇਆ ਨਗਰ ’ਚ ਉਸ ਦਾ ਸਹੁਰਾ ਪਰਿਵਾਰ ਰਹਿੰਦਾ ਹੈ। ਕੁਝ ਦਿਨਾਂ ਤੋਂ ਉਸ ਦਾ ਸਹੁਰਾ ਬੀਮਾਰ ਚੱਲ ਰਿਹਾ ਸੀ, ਇਸ ਲਈ ਉਹ ਉਨ੍ਹਾਂ ਦੀ ਸੇਵਾ ਲਈ ਦਿਨ ਸਮੇਂ ਘਰ ਆ ਜਾਂਦੇ ਹਨ। ਸਹੁਰੇ ਦੀ ਦਵਾਈ ਖਰੀਦਣ ਲਈ ਉਹ ਮੈਡੀਕਲ ਸਟੋਰ ’ਤੇ ਗਈ ਸੀ। ਜਿਉਂ ਹੀ ਆਸਥਾ ਹਸਪਤਾਲ ਦੇ ਨੇੜੇ ਪੁੱਜੀ ਤਾਂ 2 ਅਣਪਛਾਤੇ ਨੌਜਵਾਨ ਪਹਿਲਾਂ ਤੋਂ ਹੀ ਸੜਕ ’ਤੇ ਮੋਟਰਸਾਈਕਲ ਸਟਾਰਟ ਕਰ ਕੇ ਖੜ੍ਹੇ ਸਨ।

ਉਨ੍ਹਾਂ ਨੌਜਵਾਨਾਂ ਨੂੰ ਜਦੋਂ ਉਸ ਨੇ ਕ੍ਰਾਸ ਕੀਤਾ ਤਾਂ ਇਕ ਨੌਜਵਾਨ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਗਲੇ ’ਤੇ ਹੱਥ ਪਾ ਕੇ ਸੋਨੇ ਦੀ ਚੇਨ ਝਪਟ ਲਈ। ਉਸ ਨੇ ਰੌਲਾ ਪਾਇਆ ਅਤੇ ਬਦਮਾਸ਼ਾਂ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋ ਗਏ। ਪਰਮਿੰਦਰ ਮੁਤਾਬਕ ਚੇਨ ਦਾ ਵਜ਼ਨ ਕਰੀਬ 1 ਤੋਲਾ ਸੀ। ਇਹ ਸਾਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ ਹੈ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਅਣਪਛਾਤੇ ਮੋਟਰਸਾਈਕਲ ਸਵਾਰ ’ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਿਧਾਇਕ ਦੇ ਗੁਆਂਢ ’ਚੋਂ ਮੋਟਰਸਾਈਕਲ ਚੋਰੀ
ਸ਼ਾਹਪੁਰ ਰੋਡ ਸਥਿਤ ਇਕ ਵਿਧਾਇਕ ਦੇ ਗੁਆਂਢ ’ਚੋਂ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧ ’ਚ ਥਾਣਾ ਡਵੀਜ਼ਨ ਨੰ. 2 ਨੇ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਅਤੀਕੁਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ਾਹਪੁਰ ਰੋਡ ਸਥਿਤ ਮਸਜਿਦ ਦੇ ਬਾਹਰ ਆਪਣਾ ਮੋਟਰਸਾਈਕਲ ਖੜ੍ਹਾ ਕੀਤਾ ਸੀ। ਜਦੋਂ ਕੁਝ ਦੇਰ ਬਾਅਦ ਆ ਕੇ ਦੇਖਿਆ ਤਾਂ ਉਸ ਦਾ ਮੋਟਰਸਾਈਕਲ ਉਥੇ ਨਹੀਂ ਸੀ। ਕੋਈ ਅਣਪਛਾਤਾ ਵਿਅਕਤੀ ਉਸ ਦਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ ਸੀ।

ਇਸੇ ਤਰ੍ਹਾਂ ਈ. ਡਬਲਯੂ. ਐੱਸ. ਕਾਲੋਨੀ ’ਚ ਘਰ ਦੇ ਬਾਹਰ ਖੜ੍ਹੀ ਸਵਿਫਟ ਕਾਰ ਕੋਈ ਚੋਰੀ ਕਰ ਕੇ ਲੈ ਗਿਆ। ਇਸ ਸਬੰਧ ’ਚ ਧਰਮਪਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8

 


Sandeep Kumar

Content Editor

Related News