ਰਾਮਦੇਵ ਨਗਰ ''ਚ ਪ੍ਰਸ਼ਾਸਨ ਨੇ ਸ਼ੁਰੂ ਕਰਵਾਈ ਪਾਣੀ ਦੀਆਂ ਪਾਈਪਾਂ ਦੀ ਖੋਦਾਈ
Wednesday, Jul 19, 2017 - 01:29 AM (IST)
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)— 'ਜਗ ਬਾਣੀ' ਵਿਚ 'ਮੁਹੱਲਾ ਰਾਮਦੇਵ ਨਗਰ ਦੇ ਲੋਕ ਡਾਇਰੀਆ ਦੀ ਲਪੇਟ ਵਿਚ' ਸਿਰਲੇਖ ਹੇਠ ਛਪੀ ਖਬਰ ਦਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਪ੍ਰਸ਼ਾਸਨ ਨੇ ਅੱਜ ਸਵੇਰੇ ਹੀ ਰਾਏਕੋਟ ਰੋਡ ਟ੍ਰਾਈਡੈਂਟ ਫੈਕਟਰੀ ਨੇੜੇ ਰਾਮਦੇਵ ਨਗਰ 'ਚ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪੁੱਟ ਕੇ ਉਸ 'ਚ ਸੀਵਰੇਜ ਦਾ ਪਾਣੀ ਮਿਕਸ ਹੋਣ ਦੀ ਸਮੱਸਿਆ ਨੂੰ ਦੂਰ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਸਵੇਰੇ ਹੀ ਮਜ਼ਦੂਰ ਪੁਟਾਈ ਕਰਨ ਦੇ ਕੰਮ 'ਚ ਜੁਟੇ ਹੋਏ ਸਨ। ਮੁਹੱਲਾ ਵਾਸੀ ਦੂਸ਼ਿਤ ਪਾਣੀ ਨਾ ਪੀਣ ਇਸ ਲਈ ਪਾਣੀ ਦੇ ਟੈਂਕਰ ਵੀ ਜ਼ਿਲਾ ਪ੍ਰਸ਼ਾਸਨ ਵੱਲੋਂ ਮੁਹੱਲੇ 'ਚ ਭੇਜੇ ਗਏ। ਜ਼ਿਕਰਯੋਗ ਹੈ ਕਿ 'ਜਗ ਬਾਣੀ' ਨੇ ਇਸ ਸਮੱਸਿਆ ਨੂੰ ਸਭ ਤੋਂ ਪਹਿਲਾਂ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਅਤੇ ਇਹ ਮਾਮਲਾ ਧਿਆਨ 'ਚ ਲਿਆਉਣ 'ਤੇ ਸਿਵਲ ਸਰਜਨ ਬਰਨਾਲਾ ਨੇ ਬੀਤੇ ਦਿਨੀਂ ਹੀ ਡਾਕਟਰਾਂ ਦੀਆਂ ਟੀਮਾਂ ਮੁਹੱਲੇ 'ਚ ਭੇਜ ਦਿੱਤੀਆਂ ਸਨ, ਜਿਨ੍ਹਾਂ ਡਾਇਰੀਏ ਤੋਂ ਪੀੜਤ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕੀਤਾ।
