ਇਤਿਹਾਸ ਦੀ ਡਾਇਰੀ: ਪੰਥਕ ਸਿੱਖ ਸਿਆਸਤ ਦਾ ਧਰੂ ਤਾਰਾ 'ਮਾਸਟਰ ਤਾਰਾ ਸਿੰਘ' (ਵੀਡੀਓ)

2/7/2020 10:49:25 AM

ਜਲੰਧਰ (ਬਿਊਰੋ): ਜਗਬਾਣੀ ਦੇ ਖਾਸ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' 7 ਫਰਵਰੀ ਨੂੰ ਅਸੀਂ ਗੱਲ ਕਰਾਂਗੇ ਸਿੱਖ ਸਿਆਸਤ ਦੇ ਉਸ ਧਰੂ ਤਾਰੇ ਦੀ, ਜੋ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਲੌਅ ਨਾਲ ਅੱਜ ਵੀ ਚਮਕ ਰਿਹਾ ਹੈ। ਸਿੱਖ ਸਿਆਸਤ ਦੇ ਉਸ ਮਾਸਟਰ ਤਾਰਾ ਸਿੰਘ ਦੀ, ਜੋ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ। ਅੱਜ ਦੇ ਹੀ ਦਿਨ 7 ਫਰਵਰੀ 1955 'ਚ ਉਨ੍ਹਾਂ ਨੇ ਚੌਥੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਾਗਡੋਰ ਸੰਭਾਲੀ। ਇਸਦੇ ਨਾਲ ਹੀ ਗੱਲ ਕਰਾਂਗੇ ਅੱਜ ਦੇ ਦਿਨ ਵਾਪਰੀਆਂ ਕੁਝ ਖਾਸ ਘਟਨਾਵਾਂ ਦੀ। ਤਾਂ ਆਓ, ਫੋਲਦੇ ਹਾਂ ਇਤਿਹਾਸ ਦੀ ਡਾਇਰੀ ਦੇ ਸੁਨਹਿਰੀ ਪੰਨੇ...
ਮਾਸਟਰ ਤਾਰਾ ਸਿੰਘ
ਪੰਥ ਰਤਨ ਮਾਸਟਰ ਤਾਰਾ ਸਿੰਘ ਸਿੱਖ ਪੰਥ 'ਚ ਇਕ ਅਹਿਮ ਸਥਾਨ ਰੱਖਦੇ ਹਨ। ਮਾਸਟਰ ਜੀ ਨੇ ਕਰੀਬ ਅੱਧੀ ਸਦੀ ਸਿੱਖ ਕੌਮ ਦੀ ਅਗਵਾਈ ਕੀਤੀ।  ਸੰਨ 1921 ਤੋਂ ਲੈ ਕੇ 1967 ਤੱਕ ਪੰਜਾਬ ਦਾ ਇਤਿਹਾਸ ਮਾਸਟਰ ਤਾਰਾ ਸਿੰਘ ਦੀਆਂ ਸਿਆਸੀ ਤੇ ਧਾਰਮਿਕ ਸਰਗਰਮੀਆਂ ਦੀ ਗਾਥਾ ਹੈ। ਮਾਸਟਰ ਤਾਰਾ ਸਿੰਘ ਸਿਰਫ਼ ਇਕ ਸ਼ਖਸੀਅਤ ਹੀ ਨਹੀਂ ਬਲਕਿ ਆਪਣੇ ਆਪ 'ਚ ਇਕ ਪੂਰੀ ਸੰਸਥਾ ਸਨ। ਸੱਚੇ ਤੇ ਸੁੱਚੇ ਕਿਰਦਾਰ ਵਾਲੇ ਮਾਸਟਰ ਤਾਰਾ ਸਿੰਘ ਦਾ ਰੁਤਬਾ ਅਜਿਹਾ ਸੀ ਕਿ ਜਿਥੇ ਪੰਡਿਤ ਜਵਾਹਰ ਲਾਲ ਨਹਿਰੂ ਉਨ੍ਹਾਂ ਦੀ ਹਰ ਗੱਲ ਮੰਨਦੇ ਸਨ। ਉਥੇ ਹੀ ਪਾਕਿਸਤਾਨ ਦਾ ਫਾਊਂਡਰ ਮੁਹੰਮਦ ਅਲੀ ਜਿਨਹਾ ਉਨ੍ਹਾਂ ਤੋਂ ਡਰਦਾ ਸੀ। ਮਾਸਟਰ ਤਾਰਾ ਸਿੰਘ ਦੀ ਬਦੌਲਤ ਹੀ ਪੰਜਾਬ ਦਾ ਬਹੁਤਾ ਹਿੱਸਾ ਪਾਕਿਸਤਾਨ ਵਿਚ ਜਾਣ ਤੋਂ ਬਚ ਗਿਆ। ਮਾਸਟਰ ਤਾਰਾ ਸਿੰਘ ਜੀ ਨੇ ਪੰਜਾਬ ਸੂਬੇ ਲਈ ਅਣਥੱਕ ਸੰਘਰਸ਼ ਕੀਤਾ। ਮਾਸਟਰ ਜੀ ਨੇ ਨਾ ਸਿਰਫ ਸਿੱਖ ਗੁਰਦੁਆਰਿਆਂ ਦੀ ਆਜ਼ਾਦੀ ਲਈ ਲੜਾਈ ਲੜੀ ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 7 ਵਾਰ ਪ੍ਰਧਾਨ ਬਣ ਕੇ ਇਸਦੀ ਅਗਵਾਈ ਵੀ ਕੀਤੀ। 7 ਫਰਵਰੀ 1955 'ਚ ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ 18ਵੇਂ ਪ੍ਰਧਾਨ ਚੁਣੇ ਗਏ। ਕਮੇਟੀ ਮੈਂਬਰਾਂ ਵਲੋਂ ਉਨ੍ਹਾਂ ਨੂੰ ਚੌਥੀ ਵਾਰ ਪ੍ਰਧਾਨ ਬਣਾਇਆ ਗਿਆ। ਉਚਾ ਤੇ ਸੁੱਚਾ ਜੀਵਨ ਜਿਊਣ ਵਾਲੇ ਮਾਸਟਰ ਤਾਰਾ ਸਿੰਘ ਸਿੱਖਾਂ 'ਚ ਇਸ ਕਦਰ ਹਰਮਨ ਪਿਆਰੇ ਸਨ ਕਿ ਇਸ ਤੋਂ ਪਹਿਲਾਂ ਤੇ ਬਾਅਦ 'ਚ ਵੀ ਸੰਗਤ ਨੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਦਾ ਮੌਕਾ ਦਿੱਤਾ।

ਮਾਸਟਰ ਤਾਰਾ ਸਿੰਘ ਜੀ 7 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ
12 ਅਕਤੂਬਰ 1930 ਤੋਂ ਲੈ ਕੇ 17 ਜੂਨ 1933
13 ਜੂਨ 1936 ਤੋਂ ਲੈ ਕੇ 19 ਨਵੰਬਰ 1944
22 ਜੂਨ 1952 ਤੋਂ ਲੈ ਕੇ 5 ਅਕਤੂਬਰ 1952
7 ਫਰਵਰੀ 1955 ਤੋਂ ਲੈ ਕੇ 21 ਮਈ 1955
16 ਅਕਤੂਬਰ 1955 ਤੋਂ ਲੈ ਕੇ 16 ਨਵੰਬਰ 1958
7 ਮਾਰਚ 1960 ਤੋਂ ਲੈ ਕੇ 30 ਅਪ੍ਰੈਲ 1960
10 ਮਾਰਚ 1961 ਤੋਂ ਲੈ ਕੇ 11 ਮਾਰਚ 1962

ਜੀਵਨ ਤੇ ਸਿੱਖ ਸਿਆਸਤ
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ, 1885 ਈ. ਨੂੰ ਰਾਵਲਪਿੰਡੀ ਦੇ ਪਿੰਡ ਹਰਿਆਲ ਵਿਖੇ ਇਕ ਹਿੰਦੂ ਪਰਿਵਾਰ 'ਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਖ਼ਸ਼ੀ ਗੋਪੀ ਚੰਦ ਤੇ ਮਾਤਾ ਦਾ ਨਾਂ ਮੂਲਾਂ ਦੇਵੀ ਸੀ। ਮਾਸਟਰ ਜੀ ਦਾ ਅਸਲ ਨਾਂ ਨਾਨਕ ਚੰਦ ਸੀ ਪਰ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਸਿੱਖ ਧਰਮ ਦਾ ਅਜਿਹਾ ਮੋਹ ਪਿਆ ਕਿ ਉਹ 1902 'ਚ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਮਾਸਟਰ ਜੀ ਦਾ ਸਿਆਸੀ ਜੀਵਨ, ਪੜ੍ਹਾਈ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ।1907 ਈ. 'ਚ ਮਾਸਟਰ ਤਾਰਾ ਸਿੰਘ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਬਣੇ। ਮਾਸਟਰ ਜੀ ਅਸਲ ਵਿਚ ਧਾਰਮਿਕ ਬਿਰਤੀ ਦੇ ਮਨੁੱਖ ਸਨ ਪਰ ਸਮੇਂ ਨੇ ਉਨ੍ਹਾਂ ਨੂੰ ਸਿਆਸਤ 'ਚ ਲੈ ਆਉਂਦਾ।ਗੁਰਦੁਆਰਾ ਲਹਿਰ ਦੌਰਾਨ ਮਾਸਟਰ ਤਾਰਾ ਸਿੰਘ ਜੀ ਨੇ ਕਈ ਜੇਲ੍ਹਾਂ ਕੱਟੀਆਂ। ਮਾਸਟਰ ਤਾਰਾ ਸਿੰਘ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵਾਰ ਪ੍ਰਧਾਨ ਬਣੇ। ਮਾਸਟਰ ਜੀ ਇਕੋ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਲੀਗ ਤਿੰਨੇ ਸੰਸਥਾਵਾਂ ਦੇ ਪ੍ਰਧਾਨ ਰਹੇ। ਮਾਸਟਰ ਤਾਰਾ ਸਿੰਘ ਨੇ ਆਪਣਾ ਸਾਰਾ ਜੀਵਨ ਪੰਥ ਦੀ ਭਲਾਈ ਲਈ ਅਰਪਣ ਕੀਤਾ।

ਇਹ ਤਾਂ ਸੀ ਸਿੱਖ ਸਿਆਸਤ ਦੀ ਗੱਲ, ਹੁਣ ਤੁਹਾਨੂੰ ਲੈ ਚੱਲਦੇ ਹਾਂ ਖੇਡ ਦੀ ਦੁਨੀਆ 'ਚ  ਤੇ ਗੱਲ ਕਰਦੇ ਹਾਂ ਉਸ ਬੈਡਮਿੰਟਨ ਪਲੇਅਰ ਦੀ, ਜਿਸਨੇ ਦੁਨੀਆ ਦੇ ਨਕਸ਼ੇ 'ਤੇ ਭਾਰਤ ਦਾ ਨਾਂ ਚਮਕਾਇਆ। ਦੁਨੀਆ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਰਹਿ ਚੁੱਕੇ ਕਿਦਾਂਬੀ ਸ਼੍ਰੀਕਾਂਤ ਦਾ ਜਨਮ ਅੱਜ ਦੇ ਹੀ ਦਿਨ ਯਾਨੀ ਕਿ 7 ਫਰਵਰੀ ਨੂੰ ਹੋਇਆ ਸੀ।2018 'ਚ ਦੁਨੀਆ ਦੇ ਨੰਬਰ ਇਕ ਬੈਡਮਿੰਟਨ ਖਿਡਾਰੀ ਰਹਿ ਚੁੱਕੇ ਕਿਦਾਂਬੀ ਸ਼੍ਰੀਕਾਂਤ ਦਾ ਜਨਮ 7 ਫਰਵਰੀ 1993 ਨੂੰ ਆਂਦਰਾਪ੍ਰਦੇਸ਼ ਦੇ ਪੂਰਬ ਗੋਦਾਵਲੀ ਜ਼ਿਲਾ ਦੇ ਪਿੰਡ ਰਾਵੁਲਾਪਲੇਮ 'ਚ ਹੋਇਆ। ਉਨ੍ਹਾਂ ਦਾ ਪੂਰਾ ਨਾਂ ਸ਼੍ਰੀਕਾਂਤ ਨਾਂਮਾਲਵਾਰ ਕਿਦਾਂਬੀ ਹੈ। ਸ਼੍ਰੀਕਾਂਤ ਦੇ ਪਿਤਾ ਜਿਮੀਂਦਾਰ ਤੇ ਮਾਤਾ ਘਰੇਲੂ ਔਰਤ ਹੈ।

ਕਾਮਨਵੈਲਥ ਦੇ ਮਿਕਸਡ ਟੀਮ ਇਵੇਂਟ 'ਚ ਜਿੱਤਣ ਤੋਂ ਬਾਅਦ ਕਿਦਾਂਬੀ ਸ਼੍ਰੀਕਾਂਤ ਦੁਨੀਆ ਦੇ ਨੰਬਰ ਇਕ ਖਿਡਾਰੀ ਬਣੇ।  27 ਸਾਲਾ ਸ਼੍ਰੀਕਾਂਤ ਰੈਂਕਿੰਗ ਸਿਸਟਮ ਤੋਂ ਸ਼ੁਰੂ ਹੋਣ ਮਗਰੋਂ ਨੰਬਰ ਇਕ ਦਾ ਮੁਕਾਮ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ ਜਦਕਿ 1980 'ਚ ਤਿੰਨ ਟਾਪ ਟੂਰਨਾਮੈਂਟ ਜਿੱਤਣ ਮਗਰੋਂ ਪ੍ਰਕਾਸ਼ ਪਾਦੂਕੋਣ ਨੂੰ ਨੰਬਰ ਇਕ ਭਾਰਤੀ ਖਿਡਾਰੀ ਮੰਨਿਆ ਜਾਂਦਾ ਸੀ। ਸ਼੍ਰੀਕਾਂਤ ਤੋਂ ਪਹਿਲਾਂ ਇਸ ਸਥਾਨ 'ਤੇ ਡੇਨਮਾਰਕ ਦੇ ਵਿਕਟਰ ਏਲੇਕਸਨ ਦਾ ਨਾਂ ਸੀ।  ਸ਼੍ਰੀਕਾਂਤ ਨੇ 76,895 ਪੁਆਇੰਟਸ ਨਾਲ ਬੈਡਮਿੰਟਨ ਵਰਲਡ ਫੈਡਰੇਸ਼ਨ ਦੀ ਰੈਂਕਿੰਗ 'ਚ ਪਹਿਲਾ ਸਥਾਨ ਹਾਸਲ ਕੀਤਾ ਸੀ।
ਹਾਦਸੇ ਨੇ ਸਾਲ ਕੀਤਾ ਲੇਟ ਕਿਦਾਂਬੀ ਸ਼੍ਰੀਕਾਂਤ ਦੀ ਕਾਬਲੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੇਕਰ ਉਹ ਜ਼ਖ਼ਮੀ ਨਾ ਹੁੰਦੇ ਤਾਂ ਸਾਲ ਪਹਿਲਾਂ ਹੀ ਉਹ ਇਸ ਖਿਤਾਬ ਨੂੰ ਹਾਸਿਲ ਕਰ ਸਕਦੇ ਸਨ। ਦਰਅਸਲ, ਇਕ ਸੱਟ ਲੱਗ ਜਾਣ ਕਰਕੇ ਉਹ ਕੁਝ ਮੈਚ ਖੇਡ ਨਹੀਂ ਸਕੇ। ਲਿਹਾਜ਼ਾ ਨੰਬਰ ਵਨ ਦਾ ਖਿਤਾਬ ਹਾਸਲ ਕਰਨ 'ਚ ਸ਼੍ਰੀਕਾਂਤ ਨੂੰ ਇਕ ਸਾਲ ਦਾ ਇੰਤਜਾਰ ਕਰਨਾ ਪਿਆ। ਕਿਦਾਂਬੀ ਇੰਡੋਨੇਸ਼ੀਆ, ਆਸਟ੍ਰੇਲੀਆ, ਡੈੱਨਮਾਰਕ ਤੇ ਫਰਾਂਸ ਸੁਪਰ ਸੀਰੀਜ਼ ਟਾਇਟਲ ਵੀ ਜਿੱਤ ਚੁੱਕੇ ਹਨ ਤੇ ਇਕ ਸਾਲ 'ਚ ਚਾਰ ਸੁਪਰ ਸੀਰੀਜ਼ ਜਿੱਤਣ ਵਾਲੇ ਸ਼੍ਰੀਕਾਂਤ ਪਹਿਲੇ ਭਾਰਤੀ ਤੇ ਚੌਥੇ ਵਿਸ਼ਵ ਖਿਡਾਰੀ ਬਣੇ।

ਅੱਜ ਦੇ ਦਿਨ ਦੇਸ਼-ਦੁਨੀਆ 'ਚ ਕਿਹੜੀਆਂ ਖਾਸ ਘਟਨਾਵਾਂ ਵਾਪਰੀਆਂ...
7 ਫਰਵਰੀ 1904 'ਚ ਬਾਲਟੀਮੋਰ, ਮੈਰੀਲੈਂਡ 'ਚ ਅੱਗ ਲੱਗੀ ਸੀ, ਜਿਸਨੇ 30 ਘੰਟਿਆਂ 'ਚ 1500 ਤੋਂ ਜ਼ਿਆਦਾ ਇਮਾਰਤਾਂ ਨੂੰ ਨਸ਼ਟ ਕਰ ਦਿੱਤਾ।
7 ਫਰਵਰੀ 1931 'ਚ ਬੈਲਜ਼ੀਅਮ 'ਚ ਸੰਵਿਧਾਨ ਲਾਗੂ ਹੋਇਆ।
7 ਫਰਵਰੀ 1940 ਬ੍ਰਿਟੇਨ 'ਚ ਰੇਲਵੇ ਦਾ ਰਾਸ਼ਟੀਕਰਨ ਹੋਇਆ।
7 ਫਰਵਰੀ 1942 'ਚ ਯੂ.ਕੇ. ਨੇ ਥਾਈਲੈਂਡ ਖਿਲਾਫ ਯੁੱਧ ਦਾ ਐਲਾਨ ਕੀਤਾ।
7 ਫਰਵਰੀ 1951 'ਚ ਕੋਰੀਆਈ ਯੁੱਧ 'ਚ 700 ਤੋਂ ਵੱਧ ਸ਼ੱਕੀ ਕਮਿਊਨਿਸਟ ਸਮਰਥਕਾਂ ਨੂੰ ਦੱਖਣੀ ਕੋਰੀਆਈ ਬਲਾਂ ਵਲੋਂ ਮਾਰ ਦਿੱਤਾ ਗਿਆ।
7 ਫਰਵਰੀ 1962 'ਚ ਜਰਮਨੀ ਦੀ ਕੋਇਲੇ ਦੀ ਇਕ ਖਾਨ 'ਚ ਧਮਾਕਾ ਹੋਇਆ, ਜਿਸ ਵਿਚ 300 ਮਜ਼ਦੂਰਾਂ ਦੀ ਮੌਤ ਹੋ ਗਈ।
7 ਫਰਵਰੀ 2009 'ਚ ਮਹਾਰਾਸ਼ਟਰ ਦੇ ਰਾਜਪਾਲ ਐੱਸ. ਸੀ. ਜਮੀਰ ਨੇ ਭਾਰਤ ਦੀ 12ਵੀਂ ਤੇ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟੇਲ ਨੂੰ ਡੀ. ਲਿਟ. ਦੀ ਉਪਾਧੀ ਨਾਲ ਨਵਾਜਿਆ।

ਜਨਮ
7 ਫਰਵਰੀ 1898 'ਚ ਡਾ. ਭੀਮਰਾਓ ਅੰਬੇਦਕਰ ਦੀ ਪਤਨੀ ਰਮਾਬਾਈ ਅੰਬੇਦਕਰ ਦਾ ਜਨਮ ਹੋਇਆ।
7 ਫਰਵਰੀ 1908 ਪ੍ਰਮੁੱਖ ਕ੍ਰਾਂਤੀਕਾਰੀ ਤੇ ਲੇਖਕ ਮੰਮਥਨਾਥ ਗੁਪਤ ਦਾ ਜਨਮ ਹੋਇਆ।
7 ਫਰਵਰੀ 1934 'ਚ ਭੋਜਪੁਰੀ ਤੇ ਹਿੰਦੀ ਫਿਲਮਾਂ ਦੇ ਪ੍ਰਸਿੱਧ ਅਭਿਨੇਤਾ ਸੁਜੀਤ ਕੁਮਾਰ ਦਾ ਜਨਮ ਹੋਇਆ।
7 ਫਰਵਰੀ 1938 'ਚ ਮਾਰਕਸਵਾਦੀ ਨੇਤਾ ਐੱਸ. ਰਾਮਚੰਦਰਨ ਪਿੱਲੇ ਦਾ ਜਨਮ ਹੋਇਆ।
7 ਫਰਵਰੀ 1970 'ਚ ਪੰਜਾਬੀ ਗਾਇਕ ਜਸਬੀਰ ਜੱਸੀ ਦਾ ਜਨਮ ਹੋਇਆ

ਮੌਤ
7 ਫਰਵਰੀ 1942 'ਚ ਭਾਰਤ ਦੇ ਪ੍ਰਸਿੱਧ ਕ੍ਰਾਂਤੀਕਾਰੀ ਸ਼ਚਿੰਦਰਨਾਥ ਸਾਨਿਆਲ ਦਾ ਦੇਹਾਂਤ ਹੋਇਆ।
7 ਫਰਵਰੀ  2010 'ਚ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ. ਟੀ. ਆਰ ਵਿਨੋਦ ਦਾ ਦੇਹਾਂਤ ਹੋਇਆ।  


Shyna

Edited By Shyna