ਇਤਿਹਾਸ ਦੀ ਡਾਇਰੀ 'ਚ ਜਾਣੋ ਰਾਮ ਸਿੰਘ ਦੀ ਜੀਵਨੀ ਬਾਰੇ ਇਹ ਰੋਚਕ ਗੱਲਾਂ (ਵੀਡੀਓ)

02/03/2020 10:17:36 AM

ਜਲੰਧਰ (ਬਿਊਰੋ): ਅੱਜ ਦਾ ਪ੍ਰੋਗਰਾਮ ਇਕ ਮਹਾਨ ਧਾਰਮਿਕ ਸ਼ਖਸੀਅਤ ਨੂੰ ਸਮਰਪਿਤ ਹੈ, ਜਿਨ੍ਹਾਂ ਦਾ ਨਾਮ ਹੈ ਰਾਮ ਸਿੰਘ। ਰਾਮ ਸਿੰਘ ਜੀ ਕੂਕਾ ਲਹਿਰ ਦੇ ਸੰਸਥਾਪਕ ਸੀ। ਉਨ੍ਹਾਂ ਦਾ ਜ਼ਿਕਰ ਅੱਜ ਦੇ ਪ੍ਰੋਗਰਾਮ 'ਇਤਿਹਾਸ ਦੀ ਡਾਇਰੀ' 'ਚ ਇਸ ਲਈ ਕਰ ਰਹੇ ਹਾਂ ਕਿਉਂਕਿ ਅੱਜ ਤੋਂ 204 ਸਾਲ ਪਹਿਲਾਂ ਯਾਨੀ 3 ਫਰਵਰੀ 1816 ਨੂੰ ਰਾਮ ਸਿੰਘ ਜੀ ਨੇ ਇਸ ਧਰਤੀ 'ਤੇ ਪਹਿਲਾ ਕਦਮ ਰੱਖਿਆ ਸੀ। ਤਾਂ ਆਓ ਰਾਮ ਸਿੰਘ ਜੀ ਦੇ ਸਤਿਗੁਰੂ ਰਾਮ ਸਿੰਘ ਜੀ ਤੱਕ ਦੇ ਸਫਰ 'ਤੇ ਨਜ਼ਰ ਮਾਰ ਲੈਂਦੇ ਹਾਂ।

ਸਤਿਗੁਰੂ ਰਾਮ ਸਿੰਘ ਜੀ ਦਾ ਸ਼ੁਰੂਆਤੀ ਜੀਵਨ
ਰਾਮ ਸਿੰਘ ਜੀ ਦਾ ਜਨਮ 3 ਫਰਵਰੀ 1816 ਨੂੰ ਲੁਧਿਆਣਾ ਨਜ਼ਦੀਕ ਪਿੰਡ ਭੈਣੀ ਅਰਾਈਆਂ 'ਚ ਹੋਇਆ। 1823 'ਚ 7 ਸਾਲ ਦੀ ਨਿੱਕੀ ਉਮਰ 'ਚ ਉਨ੍ਹਾਂ ਦਾ ਵਿਆਹ ਜਸਾਂ ਨਾਮ ਦੀ ਕੁੜੀ ਨਾਲ ਨਾਲ ਕਰ ਦਿੱਤਾ ਗਿਆ। 21 ਸਾਲ ਦੀ ਉਮਰ 'ਚ ਸਨ ਤਾਂ 1837 'ਚ ਰਾਮ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ 'ਚ ਬਤੌਰ ਘੁੜਸਵਾਰ ਸੈਨਿਕ ਭਰਤੀ ਹੋ ਗਏ। ਕਰੀਬ ਦੋ ਸਾਲ ਦੀ ਨੌਕਰੀ ਤੋਂ ਬਾਅਦ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ। ਤੇ ਇਹ ਉਹ ਹੀ ਸਮਾਂ ਸੀ ਜਦੋਂ ਸਿੱਖ ਰਾਜ ਦਾ ਪਤਨ ਤੇ ਅੰਗ੍ਰੇਜ਼ੀ ਹਕੂਮਤ ਨੇ ਤੇਜ਼ੀ ਨਾਲ ਖਿੱਤੇ 'ਤੇ ਕਬਜ਼ਾ ਕੀਤਾ।

ਅੰਗ੍ਰੇਜ਼ੀ ਹਕੂਮਤ ਖਿਲਾਫ ਸੰਘਰਸ਼
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਗੋਰੀ ਹਕੂਮਤ ਦਾ ਜੁਲਮ ਤੇਜ਼ੀ ਨਾਲ ਵਧ ਰਿਹਾ ਸੀ ਤਾਂ ਸਮਾਜ ਵੀ ਕੁਰੀਤੀਆਂ ਦੀ ਦਲਦਲ 'ਚ ਤੇਜ਼ੀ ਨਾਲ ਹੀ ਧਸ ਰਿਹਾ ਸੀ। 1847 'ਚ ਬਾਬਾ ਬਾਲਕ ਸਿੰਘ ਨੇ ਨਾਮਧਾਰੀ ਸੰਪਰਦਾ ਸ਼ੁਰੂ ਕੀਤੀ ਤੇ ਕੁਝ ਸਾਲਾਂ ਬਾਅਦ ਰਾਮ ਸਿੰਘ ਜੀ ਨੂੰ ਨਾਮਧਾਰੀ ਸੰਪਰਦਾ ਵਿਵਸਥਿਤ ਢੰਗ ਨਾਲ ਚਲਾਉਣ ਦਾ ਜ਼ਿੰਮਾ ਸੌਂਪਿਆ। ਨਾਮਧਾਰੀ ਸੰਪਰਦਾ ਦਾ ਉਦੇਸ਼ ਪੰਥ ਨੂੰ ਮਜਬੂਤੀ ਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਕਰਨਾ ਸੀ। ਇਸੇ ਦੌਰਾਨ ਸਮਾਜ 'ਚ ਵਿਦੇਸ਼ੀ ਹਕੂਮਤ ਦੇ ਜੁਲਮ ਦਾ ਦੌਰ ਵੀ ਵਧ ਰਿਹਾ ਸੀ। ਕਈ ਸਾਲਾਂ ਦੀ ਗੁਲਾਮੀ ਸਹਿਣ ਤੋਂ ਬਾਅਦ 1857 'ਚ ਰਾਮ ਸਿੰਘ ਜੀ ਨੇ ਭੈਣੀ ਸਾਹਿਬ ਦੀ ਧਰਤੀ 'ਤੇ ਸਫੈਦ ਝੰਡਾ ਲਹਿਰਾ ਕੇ ਗੋਰੇਆਂ ਦੇ ਯੂਨੀਅਨ ਜੈਕ ਨੂੰ ਲਲਕਾਰਿਆ। ਇਹੋ ਸਮੇਂ ਨੇ ਰਾਮ ਸਿੰਘ ਨੂੰ ਸਤਿਗੁਰੂ ਰਾਮ ਸਿੰਘ ਬਣਾਉਣ 'ਚ ਵੱਡੀ ਭੁਮਿਕਾ ਨਿਭਾਈ।

ਸਤਿਗੁਰੂ ਦੇ ਰਸਤੇ 'ਤੇ ਗਾਂਧੀ ਵੀ ਚੱਲੇ
ਸਤਿਗੁਰੂ ਰਾਮ ਸਿੰਘ ਜੀ ਨੇ ਅੰਗ੍ਰੇਜ਼ਾਂ ਦਾ ਵਿਰੋਧ ਕਰਨ ਲਈ ਨਾ-ਮਿਲਵਰਤਣ ਤੇ ਬਾਈਕਾਟ ਦੋ ਅਹਿੰਸਕ ਤਰੀਕੇ ਲੱਭੇ। ਇਸ ਵਿਰੋਧ ਰਾਹੀਂ ਅੰਗਰੇਜ਼ਾਂ ਦੀ ਰੇਲ ਗੱਡੀ 'ਚ ਸਫਰ ਨਾ ਕਰਨਾ, ਅੰਗਰੇਜ਼ਾਂ ਦਾ ਬਣਿਆ ਸਾਮਾਨ ਇਸਤੇਮਾਲ ਨਾ ਕਰਨਾ, ਮਾਮਲੇ ਨਿਪਟਾਉਣ ਲਈ ਗੋਰਿਆਂ ਦੇ ਥਾਣੇ ਨਾ ਜਾਣਾ ਅਤੇ ਸਕੂਲ ਸਮੇਤ ਅੰਗਰੇਜ਼ਾਂ ਦੀਆਂ ਚੀਜ਼ਾਂ ਇਸਤੇਮਾਲ ਨਾ ਕਰਨਾ ਸ਼ਾਮਲ ਸੀ। ਕੁਝ ਇਹੋ ਹਥਕੰਡੇ ਮਹਾਤਮਾ ਗਾਂਧੀ ਨੇ ਵੀ 50 ਸਾਲ ਬਾਅਦ ਆਜ਼ਾਦੀ ਦੇ ਸੰਘਰਸ਼ 'ਚ ਇਸਤੇਮਾਲ ਕੀਤੇ, ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਸਾਮਾਨ ਦੀ ਹੋਲੀ ਮਨਾਉਣ ਦੇ ਨਾਮ ਨਾਲ ਜਾਣਦੇ ਹਾਂ।

ਸਤਿਗੁਰੂ ਰਾਮ ਸਿੰਘ ਜੀ ਦਾ ਅੰਤਿਮ ਸਮਾਂ
ਅੰਗਰੇਜ਼ਾਂ ਦੀਆਂ ਧੱਕੇਸ਼ਾਹੀਆਂ ਦੇ ਨਾਲ ਨਾਮਧਾਰੀ ਸੰਪਰਦਾ ਨੇ ਡਟ ਕੇ ਵਿਰੋਧ ਕੀਤਾ। ਕਈ ਥਾਂ ਗੋਰੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਖਾਸਕਰ ਉਸ ਸਮੇਂ ਜਦੋਂ ਨਾਮਧਾਰੀਆਂ ਨੇ ਕਈ ਬੂਚੜਾਂ ਦੀ ਹੱਤਿਆ ਕੀਤੀ। ਬੌਖਲਾਈ ਅੰਗਰੇਜ਼ੀ ਹਕੂਮਤ ਨੇ ਕਈ ਕੂਕਿਆਂ ਨੂੰ ਤੋਪ ਦੇ ਗੋਲਿਆਂ ਨਾਲ ਉੜਾ ਦਿੱਤਾ। ਹਾਲਾਂਕਿ ਇਸ ਪੂਰੇ ਘਟਨਾਕ੍ਰਮ 'ਚ ਸਤਿਗੁਰੂ ਰਾਮ ਸਿੰਘ ਦਾ ਕੋਈ ਸਿੱਧਾ ਹੱਥ ਨਹੀਂ ਸੀ ਪਰ ਫਿਰ ਵੀ ਗੋਰੀ ਸਰਕਾਰ ਨਾਮਧਾਰੀ ਲਹਿਰ ਤੋਂ ਘਬਰਾਈ ਹੋਈ ਸੀ। ਰਾਮ ਸਿੰਘ ਜੀ ਨੂੰ ਪਹਿਲਾਂ ਭੈਣੀ ਸਾਹਿਬ 'ਚ ਨਜ਼ਰਬੰਦ ਕੀਤਾ ਗਿਆ ਫਿਰ ਕੈਦ ਕਰਕੇ 1872 'ਚ ਇਲਾਹਾਬਾਦ ਭੇਜਿਆ ਗਿਆ ਫਿਰ ਰੰਗੂਨ ਤੇ ਬਾਅਦ 1880 'ਚ ਮਰਗੋਈ ਟਾਪੂ ਲਿਜਾਇਆ ਗਿਆ। ਆਖਿਰ 'ਚ ਕਈ ਸਾਲਾਂ ਬਾਅਦ 29 ਨਵੰਬਰ 1885 ਨੂੰ ਉਨਾਂ ਦਾ ਦੇਹਾਂਤ ਹੋ ਗਿਆ।

 'ਇਤਿਹਾਸ ਦੀ ਡਾਇਰੀ' ਨਾਲ 3 ਫਰਵਰੀ ਦੀਆਂ ਹੋਰ ਕਿਹੜੀਆਂ ਯਾਦਾਂ ਜੁੜੀਆਂ ਹਨ ਇਸ 'ਤੇ ਵੀ ਨਜ਼ਰ ਮਾਰ ਲੈਂਦੇ ਹਾਂ।
ਪੰਜਾਬ ਦੇ ਦਿੱਗਜ ਨੇਤਾ ਬਲਰਾਮ ਜਾਖੜ ਦੀ 3 ਫਰਵਰੀ 2016 'ਚ ਮੌਤ ਹੋਈ ਸੀ। ਬਲਰਾਮ ਜਾਖੜ ਮੱਧਪ੍ਰਦੇਸ਼ ਦੇ ਗਵਰਨਰ, ਲੋਕ ਸਭਾ ਦੇ ਸਪੀਕਰ, ਸਾਂਸਦ ਤੇ ਵਿਧਾਇਕ ਅਹੁਦੇ ਸਮੇਤ ਕਾਫੀ ਲੰਬਾ-ਚੌੜਾ ਸਿਆਸੀ ਤਜ਼ੁਰਬਾ ਰੱਖਦੇ ਸੀ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਪਿਤਾ ਸਨ ਬਲਰਾਮ ਜਾਖੜ। 
3 ਫਰਵਰੀ 1963 ਨੂੰ ਭਾਰਤ ਦੇ ਉੱਘੇ ਅਰਥ-ਸ਼ਾਸਤਰੀ ਰਘੂਰਾਮ ਰਾਜਨ ਦਾ ਜਨਮ ਹੋਇਆ ਸੀ। ਰਘੂਰਾਮ ਰਾਜਨ ਭਾਰਤ ਦੇ ਸਾਬਕਾ ਗਵਰਨਰ ਰਹੇ ਹਨ। ਵਿਸ਼ਵ ਬੈਂਕ, ਫੈਡਰਲ ਰਿਜ਼ਰਵ ਗੋਲਡ ਅਤੇ ਸਵੀਡਿਸ਼ ਪਾਰਲੀਮੈਂਟਰੀ ਕਮਿਸ਼ਨ ਦੇ ਵੀਜ਼ੀਟਿੰਗ ਪ੍ਰੋਫੈਸਰ ਵੀ ਰਹੇ ਹਨ। 
3 ਫਰਵਰੀ 1916 'ਚ ਬਨਾਰਸ ਹਿੰਦੂ ਯੂਨਿਵਰਸਿਟੀ ਦੀ ਸਥਾਪਨਾ ਹੋਈ ਸੀ।


Shyna

Content Editor

Related News