ਇਤਿਹਾਸ ਦੀ ਡਾਇਰੀ : ਮੁਗਲਾਂ ਨੂੰ ਮਾਤ ਦੇਣ ਵਾਲਾ ਮਹਾਨ ਮਰਾਠੀ ਯੋਧਾ ਛਤਰਪਤੀ ਸ਼ਿਵਾਜੀ (ਵੀਡੀਓ)
Wednesday, Feb 19, 2020 - 11:50 AM (IST)
ਜਲੰਧਰ - ਅੱਜ 19 ਫਰਵਰੀ ਹੈ। ਅੱਜ ਦੇ ਦਿਨ ਦੇਸ਼ ਛਤਰਪਤੀ ਸ਼ਿਵਾਜੀ ਦੀ ਜਯੰਤੀ ਮਨਾ ਰਿਹਾ ਹੈ। ਛਤਰਪਤੀ ਸ਼ਿਵਾਜੀ ਨੂੰ ਕੌਣ ਨਹੀਂ ਜਾਣਦਾ ? ਉਸ ਮਹਾਨ ਯੋਧੇ ਦੀ ਵੀਰਗਾਥਾ ਕਿਸ ਨੇ ਨਹੀਂ ਸੁਣੀ ਹੋਣੀ ? ਕਿਹੜੇ ਮੁਗਲ ਸ਼ਾਸਕ ਦਾ ਜਿਗਰਾ ਸੀ, ਜੋ ਛਤਰਪਤੀ ਸ਼ਿਵਾਜੀ ਦੀ ਤਲਵਾਰ ਅੱਗੇ ਖੜ੍ਹੇ ਹੋਣ ਦੀ ਹਿੰਮਤ ਰੱਖਦਾ ਸੀ ? ਸ਼ਾਇਦ ਕੋਈ ਵੀ ਨਹੀਂ। ਛਤਰਪਤੀ ਸ਼ਿਵਾਜੀ ਦੀ ਜਯੰਤੀ ਨੂੰ ਸਮਰਪਿਤ ‘ਇਤਿਹਾਸ ਦੀ ਡਾਇਰੀ’ ਪ੍ਰੋਗਰਾਮ ‘ਚ ਅਸੀਂ ਉਨ੍ਹਾਂ ਦੀ ਜ਼ਿੰਦਗੀ ਦੇ ਕੁਝ ਜ਼ਰੂਰੀ ਪਹਿਲੂਆਂ ‘ਤੇ ਨਜ਼ਰ ਮਾਰਾਂਗੇ।
ਕੌਣ ਸੀ ਛਤਰਪਤੀ ਸ਼ਿਵਾਜੀ ?
19 ਫਰਵਰੀ 1630, ਇਹ ਉਹ ਤਾਰੀਖ ਹੈ, ਜਦੋਂ ਇਕ ਅਜਿਹੇ ਬੱਚੇ ਨੇ ਜਨਮ ਲਿਆ, ਜਿਸ ਨੇ ਅੱਗੇ ਚੱਲ ਦੇ ਭਾਰਤ ‘ਚ ਮਰਾਠਾ ਸਾਮਰਾਜ ਦੀ ਨੀਂਹ ਰੱਖੀ। ਨਾਮ ਸੀ ਸ਼ਿਵਾਜੀ..ਛਤਰਪਤੀ ਸ਼ਿਵਾਜੀ। ਛਤਰਪਤੀ ਸ਼ਿਵਾਜੀ ਦਾ ਜਨਮ ਮਹਾਰਾਸ਼ਟਰ ਸਥਿਤ ਸ਼ਿਵਨੇਰੀ ਦੁਰਗ ‘ਚ ਹੋਇਆ ਸੀ। ਸਾਲ 1674 ‘ਚ ਰਾਏਗੜ੍ਹ ਦੀ ਗੱਦੀ ‘ਤੇ ਬੈਠਣ ਦੇ ਨਾਲ ਹੀ ਸ਼ਿਵਾਜੀ ਨੇ ਪੱਛਮੀ ਭਾਰਤ ‘ਚ ਮਰਾਠਾ ਸਾਮਰਾਜ ਦੀ ਨੀਂਹ ਰੱਖੀ ਸੀ। ਸ਼ਿਵਾਜੀ ਨੇ ਮੁਗਲੀਆਂ ਭਾਸ਼ਾਵਾਂ ਦੀ ਥਾਂ ਭਾਰਤ ‘ਚ ਮਰਾਠੀ ਅਤੇ ਸੰਸਕ੍ਰਿਤ ਨੂੰ ਜ਼ਿਆਦਾ ਤਰਜ਼ੀਹ ਦਿੱਤੀ। ਹਿੰਦੂ ਸਿਧਾਂਤ ਅਤੇ ਪ੍ਰੰਪਰਾਵਾ ਸ਼ਿਵਾਜੀ ਦੇ ਯੁੱਗ ‘ਚ ਕਾਫੀ ਵਧੀਆਂ-ਫੁੱਲੀਆਂ।
ਮਹਾਨ ਮਰਾਠਾ ਯੋਧਾ : ਛਤਰਪਤੀ ਸ਼ਿਵਾਜੀ
ਛਤਰਪਤੀ ਸ਼ਿਵਾਜੀ ਅਜਿਹੇ ਮਹਾਨ ਮਰਾਠਾ ਯੋਧਾ ਸਨ, ਜਿਸ ਨਾਲ ਟਕਰਾਉਣ ਲਈ ਮੁਗਲ ਹਮਲਾਵਰਾਂ ਨੂੰ ਕਈ ਗੁਣਾਂ ਵੱਡੀ ਸੈਨਾ ਆਪਣੇ ਕੋਲ ਰੱਖਣੀ ਪੈਂਦੀ ਸੀ। ਸ਼ਿਵਾਜੀ ਦੀ ਸੈਨਾ ਦਾ ਇਕ-ਇਕ ਮਰਾਠਾ ਕਈ ਮੁਗਲਾਂ ‘ਤੇ ਭਾਰੀ ਪੈਂਦਾ ਸੀ। ਸ਼ਿਵਾਜੀ ਉਹ ਸ਼ਾਸਕ ਸਨ, ਜਿਨਾਂ ਨੇ ਆਪਣੇ ਪਿਤਾ ਵਲੋਂ ਵਿਰਾਸਤ ‘ਚ ਮਿਲੀ 2-3 ਹਜ਼ਾਰ ਦੀ ਸੈਨਾ ਨੂੰ 1 ਲੱਖ ਤੋਂ ਜ਼ਿਆਦਾ ਸੈਨਿਕਾ ਵਾਲੀ ਸੈਨਾ ਬਣਾਇਆ। ਛਤਰਪਤੀ ਸ਼ਿਵਾਜੀ ਗੁਰਿਲਾ ਯੁੱਧ ਪ੍ਰਣਾਲੀ ‘ਚ ਕਾਫੀ ਮਹਾਰਤ ਰੱਖਦੇ ਸਨ ਅਤੇ ਇਸੇ ਗੁਰਿਲਾ ਯੁੱਧ ਪ੍ਰਣਾਲੀ ਨੂੰ ਅਸੀਂ ਸ਼ਿਵਸੂਤਰ ਦੇ ਨਾਂ ਨਾਲ ਵੀ ਜਾਣਦੇ ਹਾਂ।
ਮੁਗਲਾਂ ਨਾਲ ਪਹਿਲੀ ਲੜਾਈ
ਮੁਗਲ ਤੇ ਬੀਜਾਪੁਰ ਦੇ ਸੁਲਤਾਨ ਦੋਵੇਂ ਸ਼ਿਵਾਜੀ ਦੇ ਵਿਰੋਧੀ ਸਨ। ਨਵੰਬਰ 1656 ਨੂੰ ਬੀਜਾਪੁਰ ਦੇ ਸੁਲਤਾਨ ਮੁਹੰਮਦ ਆਦਿਲ ਸ਼ਾਹ ਦੀ ਮੌਤ ਮਗਰੋਂ ਔਰੰਗਜੇਬ ਨੇ ਬੀਜਾਪੁਰ ‘ਤੇ ਹਮਲਾ ਕੀਤਾ ਅਤੇ ਲੁੱਟ-ਮਾਰ ਕੀਤੀ। ਵਿਰੋਧ ‘ਚ ਸ਼ਿਵਾਜੀ ਨੇ ਜੁੰਨਾਰ ‘ਤੇ ਹਮਲਾ ਕਰਕੇ ਮੁਗਲਾਂ ਦੇ ਸੈਂਕੜੇ ਘੋੜੇ ਅਤੇ ਸੰਪਤੀ ‘ਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਸ਼ਿਵਾਜੀ ਤੇ ਮੁਗਲਾਂ ‘ਚ ਵਿਰੋਧੀ ਝੜਪਾਂ ਸ਼ੁਰੂ ਹੋ ਗਈਆਂ। ਛਤਰਪਤੀ ਸ਼ਿਵਾਜੀ ਦੀ ਮੁਗਲਾਂ ਨਾਲ ਪਹਿਲੀ ਲੜਾਈ 1656-57 ‘ਚ ਹੋਈ ਸੀ।
ਔਰੰਗਜੇਬ ਨੂੰ ਉਸਦੇ ਘਰ ‘ਚ ਹੀ ਦਿੱਤਾ ਚਕਮਾ
ਮੁਗਲਾਂ ਤੇ ਮਰਾਠਿਆਂ ਵਿਚਕਾਰ ਜੰਗ ਹੋਣਾ ਕੋਈ ਨਵੀਂ ਗੱਲ ਨਹੀਂ ਸੀ। ਇਕ ਵਾਰ ਦੀ ਗੱਲ ਹੈ ਜਦੋਂ ਔਰੰਗਜੇਬ ਨੇ ਸ਼ਿਵਾਜੀ ਨੂੰ ਸੰਧੀ ਕਰਨ ਲਈ ਆਪਣੇ ਕੋਲ ਆਗਰਾ ਬੁਲਾਇਆ। ਸਹੀ ਢੰਗ ਨਾਲ ਮਾਣ-ਸਨਮਾਨ ਨਾ ਮਿਲਣ ਦਾ ਜਦੋਂ ਸ਼ਿਵਾਜੀ ਨੇ ਭਰੀ ਸਭਾ ‘ਚ ਵਿਰੋਧ ਕੀਤਾ ਤਾਂ ਔਰੰਗਜੇਬ ਨੇ ਸ਼ਿਵਾਜੀ ਨੂੰ ਬੰਦੀ ਬਣਾ ਲਿਆ, ਜਿਸ ਦੌਰਾਨ ਉਨ੍ਹਾਂ ਨੇ ਸ਼ਿਵਾਜੀ ਦੀ ਹੱਤਿਆ ਕਰਨ ਦੀ ਸਾਜਿਸ਼ ਰਚੀ। ਸਰੀਰਕ ਅਤੇ ਮਾਨਸਿਕ ਸਾਹਸ ਦਿਖਾਉਂਦੇ ਹੋਏ ਸ਼ਿਵਾਜੀ ਔਰੰਗਜੇਬ ਦੇ 5000 ਸੈਨਿਕਾ ਨੂੰ ਚਕਮਾ ਦੇ ਕੇ ਉਨ੍ਹਾਂ ਦੀ ਕੈਦ ’ਚੋਂ ਫਰਾਰ ਹੋ ਗਏ।
ਜ਼ੁਲਮੀ ਅਫਜ਼ਲ ਖਾਨ
ਮੁਗਲ ਸ਼ਾਸਕ ਕਿਸੇ ਵੀ ਕੀਮਤ ‘ਤੇ ਸ਼ਿਵਾਜੀ ਨੂੰ ਖਤਮ ਕਰਨਾ ਚਾਹੁੰਦੇ ਸਨ। ਨਵੰਬਰ 1659 ’ਚ ਅਫਜ਼ਲ ਖਾਨ ਅੱਗੇ ਆਇਆ, ਜੋ ਬੀਜਾਪੁਰ ਦੀ ਆਦਿਲ ਸ਼ਾਹੀ ਹਕੂਮਤ ਦਾ ਯੋਧਾ ਸੀ। ਅਫਜ਼ਲ ਖਾਨ ਨੇ ਸ਼ਿਵਾਜੀ ਨਾਲ ਦੋ ਵਾਰ ਮੁਲਾਕਾਤ ਕਰਨੀ ਚਾਹੀ ਪਰ ਅਸਫਲ। ਤੀਸਰੀ ਵਾਰ ਮੁਲਾਕਾਤ ਕਰਨ ਦਾ ਸਮਾਂ ਤੈਅ ਹੋਣ ’ਤੇ ਸ਼ਿਵਾਜੀ ਨੂੰ ਅਹਿਸਾਸ ਹੋਇਆ ਸੀ ਕਿ ਮੁਗਲਾਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਮੁਲਾਕਾਤ ਦੌਰਾਨ ਸੈਨਿਕ ਅਤੇ ਲੜਾਈ ਨਾ ਕਰਨਾ ਤੈਅ ਕੀਤਾ ਗਿਆ ਸੀ। ਇਕ ਪਾਸੇ ਸ਼ਿਵਾਜੀ ਨੂੰ ਧੋਖਾ ਦੇਣ ਲਈ ਅਫਜ਼ਲ ਖਾਨ ਨੇ ਕਟਾਰੀ ਲੁਕੋਈ ਹੋਈ ਸੀ ਤਾਂ ਦੂਜੇ ਪਾਸੇ ਸ਼ਿਵਾਜੀ ਨੇ ਵੀ ਆਤਮਰੱਖਿਆ ਲਈ ਅੰਗਰੱਖਾ ਅਤੇ ਬਘਨੱਖਾ ਲੁਕੋਇਆ ਹੋਇਆ ਸੀ। ਅਫਜ਼ਲ ਖਾਨ ਕਾਫੀ ਤਗੜਾ ਅਤੇ ਸ਼ਿਵਾਜੀ ਪਤਲੇ ਅਤੇ ਛੋਟੇ ਕੱਦ ਦੇ ਸਨ। ਅਫਜ਼ਲ ਖਾਨ ਨੇ ਮੁਲਾਕਾਤ ਦੌਰਾਨ ਸ਼ਿਵਾਜੀ ਨੂੰ ਆਪਣੀਆਂ ਬਾਹਾਂ ‘ਚ ਜਕੜ ਲਿਆ ਅਤੇ ਪਿੱਛ ‘ਤੇ ਕਟਾਰੀ ਨਾਲ ਹਮਲਾ ਕਰ ਦਿੱਤਾ। ਕਵਚ ਕਾਰਨ ਸ਼ਿਵਾਜੀ ਬਚ ਗਏ ਤੇ ਉਨ੍ਹਾਂ ਨੇ ਬਘਨੱਖੇ ਨਾਲ ਅਫਜ਼ਲ ਖਾਨ ਦਾ ਢਿੱਡ ਪਾੜ ਦਿੱਤਾ। ਅਫਜ਼ਲ ਖਾਨ ਢੇਰ ਹੋ ਗਿਆ ਅਤੇ ਸ਼ਿਵਾਜੀ ਮੌਕੇ ਤੋਂ ਬਚ ਨਿਕਲੇ।
ਸ਼ਿਵਾਜੀ ਮਹਾਰਾਜ ਨੇ ਆਪਣੇ ਜੀਵਨ ‘ਚ ਕਈ ਵਾਰ ਮੁਗਲਾਂ ਨੂੰ ਮਾਤ ਦਿੱਤੀ। ਆਖਿਰ ‘ਚ 3 ਅਪ੍ਰੈਲ 1680 ਨੂੰ ਮਹਾਨ ਮਰਾਠੀ ਯੋਧਾ ਛਤਰਪਤੀ ਸ਼ਿਵਾਜੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਰਹਿੰਦੀ ਦੁਨੀਆ ਤੱਕ ਲੋਕ ਸ਼ਿਵਾਜੀ ਦੇ ਬਹਾਦੁਰੀ ਭਰੇ ਕਿੱਸਿਆ ਨੂੰ ਯਾਦ ਕਰਕੇ ਮਾਣ ਮਹਿਸੂਸ ਕਰਨਗੇ। ਇਸ ਤੋਂ ਇਲਾਵਾ ਇਤਿਹਾਸ ਦੀ ਡਾਇਰੀ ‘ਚ ਹੋਰ ਕਿਹੜੀਆਂ ਘਟਨਾਵਾਂ ਦਰਜ ਹਨ, ਆਓ ਇਕ ਵਾਰ ਉਨ੍ਹਾਂ ‘ਤੇ ਵੀ ਨਜ਼ਰ ਮਾਰ ਲੈਂਦੇ ਹਾਂ।
. ਖਗੋਲਸ਼ਾਸਤਰੀ ਨਿਕੋਲਸ ਕਾਪਰਨਿਕਸ ਦਾ ਜਨਮ
ਸੂਰਜ ਧਰਤੀ ਦੇ ਆਲੇ-ਦੁਆਲੇ ਨਹੀਂ ਸਗੋਂ ਧਰਤੀ ਸੂਰਜ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ ਵਿਗਿਆਨਿਕ ਸਿਧਾਂਤ ਨੂੰ ਦੱਸਣ ਵਾਲੇ ਮਹਾਨ ਖਗੋਲਸ਼ਾਸਤਰੀ ਨਿਕੋਲਸ ਕਾਪਰਨਿਕਸ ਦਾ ਅੱਜ ਦੇ ਦਿਨ ਹੀ 19 ਫਰਵਰੀ 1473 ਨੂੰ ਜਨਮ ਹੋਇਆ ਸੀ। ਨਿਕੋਲਸ ਕਾਪਰਨਿਕਸ ਨੇ ਦੱਸਿਆ ਕਿ ਧਰਤੀ ਸੌਰਮੰਡਲ ਦੇ ਕੇਂਦਰ ‘ਚ ਨਹੀਂ ਸਗੋਂ ਸੂਰਜ ਸਾਡੇ ਸੌਰਮੰਡਰ ਦੇ ਕੇਂਦਰ ‘ਚ ਹੈ।
ਥਾਮਸ ਏਲਵਾ ਐਡੀਸਨ ਵਲੋਂ ਫੋਨੋਗ੍ਰਾਫ ਦਾ ਪੇਟੈਂਟ
. ਸਾਲ 1878 ‘ਚ ਅਮਰੀਕੀ ਵਿਗਿਆਨੀ ਥਾਮਸ ਏਲਵਾ ਐਡੀਸਨ ਨੇ ਫੋਨੋਗ੍ਰਾਫ ਦਾ ਪੇਟੈਂਟ ਕਰਵਾਇਆ ਸੀ। ਉਸ ਫੋਨੋਗ੍ਰਾਫ ‘ਚ ਆਵਾਜ਼ ਨੂੰ ਰਿਕਾਰਡ ਕਰਕੇ ਸੇਵ ਕੀਤਾ ਜਾ ਸਕਦਾ ਸੀ, ਜਿਸ ਨੂੰ ਬਾਅਦ ‘ਚ ਸੁਣਿਆ ਜਾ ਸਕਦਾ ਸੀ।
. ਗੋਪਾਲ ਕ੍ਰਿਸ਼ਨ ਗੋਘਲੇ ਦਾ ਦਿਹਾਂਤ
ਮਹਾਨ ਸੁਤੰਤਰਤਾ ਸੈਨਾਨੀ ਤੇ ਸਿਆਸਤਦਾਨ ਗੋਪਾਲ ਕ੍ਰਿਸ਼ਨ ਗੋਖਲੇ ਦਾ 19 ਫਰਵਰੀ 1915 ਨੂੰ ਦੇਹਾਂਤ ਹੋਇਆ ਸੀ। ਗੋਪਾਲ ਕ੍ਰਿਸ਼ਨ ਗੋਖਲੇ ਨੂੰ ਮਹਾਤਮਾ ਗਾਂਧੀ ਵੀ ਆਪਣਾ ਸਿਆਸੀ ਗੁਰੁ ਮੰਨਦੇ ਸਨ।
. ਅਦਾਕਾਰਾ ਸੋਨੂੰ ਵਾਲੀਆ ਦਾ ਜਨਮ
19 ਫਰਵਰੀ 1964 ਨੂੰ ਬਾਲੀਵੁੱਡ ਅਦਾਕਾਰਾ ਸੋਨੂੰ ਵਾਲੀਆ ਦਾ ਜਨਮ ਹੋਇਆ ਸੀ। ਬਾਲੀਵੁੱਡ ਫਿਲਮ ਖੂਨ ਭਰੀ ਮਾਂਗ ਉਨ੍ਹਾਂ ਦੀ ਕਾਫੀ ਹਿੱਟ ਸਾਬਤ ਹੋਈ। ਮਹਾਭਾਰਤ ਸੀਰੀਅਲ ਨੇ ਵੀ ਉਨ੍ਹਾਂ ਨੂੰ ਇੰਡਸਟਰੀ ‘ਚ ਕਾਫੀ ਪਛਾਣ ਦਿਵਾਈ।