ਮੋਹਾਲੀ ਪੁਲਸ ਵੱਲੋਂ 54 ਲੱਖ ਦੀ ਠੱਗੀ ਮਾਰਨ ਵਾਲਾ ਟ੍ਰੈਵਲ ਏਜੰਟ ਗ੍ਰਿਫ਼ਤਾਰ
Tuesday, Nov 04, 2025 - 11:59 AM (IST)
ਮੋਹਾਲੀ (ਜੱਸੀ) : ਮੋਹਾਲੀ ਪੁਲਸ ਵੱਲੋਂ ਜੂਨ 2024 ਨੂੰ ਧਾਰਾ-406, 420, 120ਬੀ ਅਤੇ 24 ਇੰਮੀਗ੍ਰੇਸ਼ਨ ਐਕਟ ਤਹਿਤ ਦਰਜ ਕੀਤੇ ਗਏ ਇਕ ਮਾਮਲੇ ’ਚ ਲੋੜੀਂਦੇ ਟ੍ਰੈਵਲ ਏਜੰਟ ਕੁਲਦੀਪ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ ਨੂੰ ਥਾਣਾ ਸੋਹਾਣਾ ਦੇ ਮੁੱਖ ਅਫ਼ਸਰ ਇੰਸਪੈਕਟਰ ਅਮਨਦੀਪ ਸਿੰਘ ਦੀ ਨਿਗਰਾਨੀ ਹੇਠ ਪੁਲਸ ਚੌਂਕੀ ਸਨੇਟਾ ਦੇ ਇੰਚਾਰਜ ਪ੍ਰਸ਼ਾਂਤ ਸ਼ਰਮਾ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਹ ਮਾਮਲਾ ਕੁਲਦੀਪ ਸਿੰਘ ਗਿੱਲ ਅਤੇ ਉਸ ਦੇ ਸਾਥੀਆਂ ਜਸਪਾਲ ਸਿੰਘ ਉਰਫ਼ ਚਿੱਲ ਹਾਰਟ ਰਾਜ ਵਾਸੀ ਖੰਨਾ, ਨਵਜੋਤ ਸਿੰਘ ਤੇ ਮੇਹਰਜੋਤ ਸਿੰਘ ਦੇ ਖ਼ਿਲਾਫ਼ ਸ਼ਿਕਾਇਤਕਰਤਾ ਜਸਵਿੰਦਰ ਸਿੰਘ ਵਾਸੀ ਪਿੰਡ ਦੋੜਗ, ਯਮੁਨਾਨਗਰ ਵੱਲੋਂ ਵਿਦੇਸ਼ ਭੇਜਣ ਦੇ ਨਾਂ ’ਤੇ 54 ਲੱਖ 98 ਹਜ਼ਾਰ 250 ਰੁਪਏ ਦੀ ਠੱਗੀ ਮਾਰਨ ਸਬੰਧੀ ਮਾਮਲਾ ਦਰਜ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਗਿੱਲ ਦੇ ਖ਼ਿਲਾਫ਼ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ ਹੋਰ ਵੀ ਕਈ ਮਾਮਲੇ ਦਰਜ ਹਨ। ਪੁਲਸ ਵੱਲੋਂ ਕੁਲਦੀਪ ਸਿੰਘ ਗਿੱਲ ਨੂੰ ਅਦਾਲਤ ’ਚ ਪੇਸ਼ ਕਰਕੇ ਉਸ ਦਾ 2 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਕੁਲਦੀਪ ਸਿੰਘ ਗਿੱਲ ਤੋਂ ਉਸ ਦੇ ਸਾਥੀਆਂ ਅਤੇ ਹੋਰ ਭੋਲੇ-ਭਾਲੇ ਲੋਕਾਂ ਨਾਲ ਵਿਦੇਸ਼ ਭੇਜਣ ਦੇ ਨਾਂ ’ਤੇ ਮਾਰੀਆਂ ਠੱਗੀਆਂ ਸਬੰਧੀ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।
