ਇਤਿਹਾਸ ਦੀ ਡਾਇਰੀ : ਭਗਤ ਸਿੰਘ ਦੀ ਜ਼ਿੰਦਗੀ ਦੇ ਉਹ ਆਖਰੀ 12 ਘੰਟੇ (ਵੀਡੀਓ)

03/23/2020 11:07:35 AM

ਜਲੰਧਰ (ਬਿਊਰੋ): 23 ਮਾਰਚ 1931, 88 ਸਾਲ ਪਹਿਲਾਂ ਅੱਜ ਦੇ ਦਿਨ ਹੀ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ ਸੀ ਪਰ ਆਖਰੀ ਸਮੇਂ ਉਨ੍ਹਾਂ ਸ਼ੇਰਾਂ ਦੇ ਮਨ ਵਿਚ ਕੀ ਚੱਲ ਰਿਹਾ ਸੀ। ਮੌਤ ਨੂੰ ਇੰਨੇ ਕਰੀਬ ਦੇਖ ਉਨ੍ਹਾਂ ਨੇ ਕੀ ਕੀਤਾ। ਉਨ੍ਹਾਂ ਦੇ ਆਖਰੀ 12 ਘੰਟੇ ਕਿਵੇਂ ਬੀਤੇ।

ਭਗਤ ਸਿੰਘ
ਇਸ ਖਬਰ ਨੇ ਕੈਦੀਆਂ ਨੂੰ ਝੰਜੋੜ ਦਿੱਤਾ। ਕੈਦੀਆਂ ਨੇ ਬਰਕਤ ਨੂੰ ਦਰਖਾਸਤ ਕੀਤੀ ਕਿ ਉਹ ਫਾਂਸੀ ਤੋਂ ਬਾਅਦ ਭਗਤ ਸਿੰਘ ਦਾ ਕੋਈ ਵੀ ਸਾਮਾਨ, ਜਿਵੇਂ ਕੰਘੀ, ਪੈਂਟ, ਘੜੀ ਆਦਿ ਲਿਆ ਕੇ ਦੇਵੇ ਤਾਂ ਜੋ ਉਹ ਆਪਣੇ ਪੋਤੇ-ਪੋਤੀਆਂ ਨੂੰ ਦੱਸ ਸਕਣ ਕਿ ਉਹ ਵੀ ਜੇਲ ਵਿਚ ਭਗਤ ਸਿੰਘ ਦੇ ਨਾਲ ਰਹੇ ਹਨ ਬਰਕਤ, ਭਗਤ ਸਿੰਘ ਦੇ ਕਮਰੇ ਵਿਚ ਗਿਆ ਤੇ ਉੱਥੋਂ ਉਸ ਦਾ ਪੈਨ ਤੇ ਕੰਘਾ ਲੈ ਆਇਆ। ਸਾਰੇ ਕੈਦੀਆਂ ਵਿਚ ਇਸ ਸਾਮਾਨ ਨੂੰ ਆਪਣੇ ਕੋਲ ਰੱਖਣ ਦੀ ਹੋੜ ਮਚ ਗਈ। ਆਖਿਰ ਵਿਚ ਇਸ ਲਈ ਡਰਾਅ ਕੱਢਿਆ ਗਿਆ। ਫਿਰ ਕੁਝ ਸਮੇਂ ਬਾਅਦ ਸਾਰੇ ਕੈਦੀ ਚੁਪ ਹੋ ਗਏ। ਉਨ੍ਹਾਂ ਦੀਆਂ ਨਜ਼ਰਾਂ ਉਸ ਰਸਤੇ 'ਤੇ ਸਨ, ਜਿੱਥੋਂ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਲਈ ਲਿਜਾਇਆ ਜਾਣਾ ਸੀ।

ਇਹ ਵੀ ਪੜ੍ਹੋ: ਆਜ਼ਾਦੀ ਦੇ ਗੀਤ ਗਾਉਂਦਿਆਂ ਅੱਜ ਦੇ ਦਿਨ ਭਗਤ ਸਿੰਘ ਨੇ ਸਾਥੀਆਂ ਸਣੇ ਚੁੰਮਿਆ ਸੀ ਫਾਂਸੀ ਦਾ ਰੱਸਾ

ਫਾਂਸੀ ਤੋਂ ਦੋ ਘੰਟੇ ਪਹਿਲਾਂ
ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ ਦੋ ਘੰਟੇ ਪਹਿਲਾਂ ਉਨ੍ਹਾਂ ਦੇ ਵਕੀਲ ਪ੍ਰਾਣਨਾਥ ਮਹਿਤਾ ਉਨ੍ਹਾਂ ਨੂੰ ਮਿਲਣ ਪਹੁੰਚੇ। ਮਹਿਤਾ ਨੇ ਬਾਅਦ ਵਿਚ ਲਿਖਿਆ ਕਿ ਭਗਤ ਸਿੰਘ ਆਪਣੀ ਛੋਟੀ ਜਿਹੀ ਕੋਠੜੀ ਵਿਚ ਪਿੰਜਰੇ 'ਚ ਬੰਦ ਸ਼ੇਰ ਵਾਂਗ ਚੱਕਰ ਲਗਾ ਰਹੇ ਸਨ। ਭਗਤ ਨੇ ਮੁਸਕਰਾ ਕੇ ਉਸ ਦਾ ਸੁਆਗਤ ਕੀਤਾ ਤੇ ਪੁੱਛਿਆ ਕਿ ਤੁਸੀਂ ਮੇਰੀ ਕਿਤਾਬ 'ਰੈਵੂਲੂਸ਼ਨਰੀ ਲਿਨਿਨ' ਲੈ ਕੇ ਆਏ ਜਾਂ ਨਹੀਂ। ਮਹਿਤਾ ਨੇ ਭਗਤ ਸਿੰਘ ਨੂੰ ਕਿਤਾਬ ਦਿੱਤੀ ਤਾਂ ਉਹ ਉਸੇ ਸਮੇਂ ਕਿਤਾਬ ਪੜ੍ਹਨ ਲੱਗੇ। ਮੰਨੋ ਜਿਵੇਂ ਉਨ੍ਹਾਂ ਕੋਲ ਹੁਣ ਜ਼ਿਆਦਾ ਸਮਾਂ ਨਾ ਬਚਿਆ ਹੋਵੇ। ਮਹਿਤਾ ਨੇ ਉਨ੍ਹਾਂ ਤੋਂ ਪੁੱਛਿਆ ਕਿ ਤੁਸੀਂ ਦੇਸ਼ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ। ਭਗਤ ਸਿੰਘ ਨੇ ਕਿਤਾਬ ਤੋਂ ਆਪਣਾ ਮੂੰਹ ਹਟਾਏ ਬਿਨਾਂ ਕਿਹਾ, ਸਿਰਫ ਦੋ ਸੰਦੇਸ਼ 'ਸਮਰਾਜਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ'।

ਭਗਤ ਸਿੰਘ ਨੇ ਮੁਸਲਿਮ ਸਫਾਈ ਕਰਮਚਾਰੀ ਨੂੰ ਕਿਹਾ ਸੀ ਕਿ ਉਹ ਉਸ ਨੂੰ ਫਾਂਸੀ ਦਿੱਤੇ ਜਾਣ ਤੋਂ ਇਕ ਦਿਨ ਪਹਿਲਾਂ ਆਪਣੇ ਘਰੋਂ ਖਾਣਾ ਲਿਆ ਕੇ ਖੁਆਉਣ ਪਰ 12 ਘੰਟੇ ਪਹਿਲਾਂ ਅਚਾਨਕ ਫਾਂਸੀ ਦਿੱਤੇ ਜਾਣ ਕਾਰਨ ਉਹ ਭਗਤ ਸਿੰਘ ਦੀ ਆਖਰੀ ਇੱਛਾ ਪੂਰੀ ਨਹੀਂ ਕਰ ਸਕਿਆ। ਥੋੜ੍ਹੀ ਦੇਰ ਬਾਅਦ ਤਿੰਨਾਂ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੀ ਤਿਆਰੀ ਲਈ ਉਨ੍ਹਾਂ ਦੀਆਂ ਕੋਠੜੀਆਂ ਤੋਂ ਬਾਹਰ ਕੱਢਿਆ ਜਾਣ ਲੱਗਾ। ਤਿੰਨਾਂ ਨੇ ਹੱਥ ਜੋੜੇ ਤੇ ਆਪਣਾ ਪਿਆਰਾ ਆਜ਼ਾਦੀ ਗੀਤ ਗਾਉਣ ਲੱਗੇ। ਕਭੀ ਬੋ ਦਿਨ ਵੀ ਆਏਗਾ, ਜਬ ਆਜ਼ਾਦ ਹੋਂਗੇ ਹਮ, ਯੇ ਅਪਨੀ ਜ਼ਮੀਨ ਹੋਗੀ, ਯੇ ਅਪਨਾ ਆਸਮਾਨ ਹੋਗਾ, ਫਿਰ ਤਿੰਨਾਂ ਦਾ ਭਾਰ ਚੈੱਕ ਕੀਤਾ ਗਿਆ।  ਸਾਰਿਆਂ ਦਾ ਭਾਰ ਵਧਿਆ ਹੋਇਆ ਸੀ। ਸਾਰਿਆਂ ਨੂੰ ਆਖਰੀ ਇਸ਼ਨਾਨ ਕਰਨ ਲਈ ਕਿਹਾ ਗਿਆ। ਉਨ੍ਹਾਂ ਨੂੰ ਕਾਲੇ ਕੱਪੜੇ ਪਹਿਨਾਏ ਗਏ ਪਰ ਮੂੰਹ ਖੁੱਲ੍ਹੇ ਰਹਿਣ ਦਿੱਤੇ ਗਏ। ਚਰਤ ਸਿੰਘ ਨੇ ਭਗਤ ਸਿੰਘ ਦੇ ਕੰਨ ਵਿਚ ਕਿਹਾ ਕਿ ਈਸ਼ਵਰ ਨੂੰ ਯਾਦ ਕਰ ਲਓ, ਜਿਸ 'ਤੇ ਭਗਤ ਸਿੰਘ ਨੇ ਕਿਹਾ ਕਿ ਪੂਰੀ ਜ਼ਿੰਦਗੀ ਮੈਂ ਈਸ਼ਵਰ ਨੂੰ ਯਾਦ ਨਹੀਂ ਕੀਤਾ। ਮੈਂ ਕਈ ਵਾਰੀ ਗਰੀਬਾਂ ਦੇ ਕਲੇਸ਼ ਲਈ ਰੱਬ ਨੂੰ ਕੋਸਿਆ ਵੀ ਹੈ, ਜੇ ਹੁਣ ਮੈਂ ਉਨ੍ਹਾਂ ਤੋਂ ਮੁਆਫੀ ਮੰਗਾ ਤਾਂ ਉਹ ਕਹਿਣਗੇ ਕਿ ਇਸ ਤੋਂ ਵੱਡਾ ਡਰਪੋਕ ਨਹੀਂ ਹੈ।

ਇਹ ਵੀ ਪੜ੍ਹੋ:  ਇਤਿਹਾਸ ਦੀ ਡਾਇਰੀ: ਬੀਮਾਰੀ ਨੂੰ ਹਰਾ ਇਸ ਸ਼ਖਸ ਨੇ ਕਮਾ ਲਿਆ ਬਾਡੀ ਬਿਲਡਰ ਦਾ ਖਿਤਾਬ (ਵੀਡੀਓ)

23 ਮਾਰਚ, ਸਮਾਂ- ਸ਼ਾਮ 6.00 ਵਜੇ
ਜਿਵੇਂ ਹੀ ਜੇਲ੍ਹ ਦੀ ਘੜੀ ਵਿਚ ਛੇ ਵਜੇ ਤਾਂ ਕੈਦੀਆਂ ਨੇ ਦੂਰ ਤੋਂ ਪੈਰਾਂ ਦੀ ਥਾਪ ਸੁਣੀ। ਇਸ ਦੇ ਨਾਲ ਗਾਣੇ ਦੀ ਆਵਾਜ਼ ਵੀ ਸੁਣਾਈ ਦੇ ਰਹੀ ਸੀ। ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ। ਦੇਖਨਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੇਂ ਹੈ। ਫਿਰ ਜ਼ੋਰ-ਜ਼ੋਰ ਨਾਲ ਇਨਕਾਲਾਬ ਜ਼ਿੰਦਾਬਾਦ ਤੇ ਹਿੰਦੂਸਤਾਨ ਆਜ਼ਾਦ ਹੋ ਦੇ ਨਾਅਰੇ ਸੁਣਾਈ ਦੇਣ ਲੱਗੇ। ਫਾਂਸੀ ਦਾ ਤਖਤਾ ਪੁਰਾਣਾ ਸੀ। ਫਾਂਸੀ ਦੇਣ ਲਈ ਮਸੀਮ ਜੱਲਾਦ ਨੂੰ ਲਾਹੌਰ ਦੇ ਸ਼ਹਾਦਰਾ ਤੋਂ ਮੰਗਵਾਇਆ ਗਿਆ ਸੀ। ਭਗਤ ਸਿੰਘ ਵਿਚਕਾਰ ਖੜ੍ਹੇ ਸਨ। ਭਗਤ ਸਿੰਘ ਆਪਣੀ ਮਾਂ ਨੂੰ ਕੀਤਾ ਉਹ ਵਾਅਦਾ ਪੂਰਾ ਕਰਨਾ ਚਾਹੁੰਦੇ ਸਨ ਕਿ ਉਹ ਫਾਂਸੀ ਦੇ ਤਖਤੇ ਤੋਂ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਗਾਉਣਗੇ। ਲਾਹੌਰ ਜ਼ਿਲਾ ਕਾਂਗਰਸ ਦੇ ਸਕੱਤਰ ਪਿੰਡੀ ਦਾਸ ਸੌਂਧੀ ਦਾ ਘਰ ਜੇਲ ਦੇ ਬਿਲਕੁਲ ਨਾਲ ਸੀ। ਭਗਤ ਸਿੰਘ ਨੇ ਇੰਨਾਂ ਉੱਚਾ ਨਾਅਰਾ ਲਗਾਇਆ ਕਿ ਉਸ ਦੀ ਆਵਾਜ਼ ਸੌਂਧੀ ਦੇ ਘਰ ਤੱਕ ਗਈ। ਭਗਤ ਸਿੰਘ ਦੀ ਆਵਾਜ਼ ਸੁਣ ਜੇਲ ਦੇ ਦੂਜੇ ਕੈਦੀ ਵੀ ਨਾਅਰੇ ਲਗਾਉਣ ਲੱਗੇ। ਇਸੇ ਦੌਰਾਨ ਤਿੰਨਾਂ ਦੇ ਗਲਾਂ ਵਿਚ ਰੱਸੀ ਪਾ ਦਿੱਤੀ ਗਈ। ਉਨ੍ਹਾਂ ਦੇ ਹੱਥ ਤੇ ਪੈਰ ਬੰਨ੍ਹ ਦਿੱਤੇ ਗਏ। ਜੱਲਾਦ ਨੇ ਪੁੱਛਿਆ ਕਿ ਸਭ ਤੋਂ ਪਹਿਲਾਂ ਕੌਣ ਜਾਏਗਾ। ਸੁਖਦੇਵ ਨੇ ਸਭ ਤੋਂ ਪਹਿਲਾਂ ਫਾਂਸੀ 'ਤੇ ਲਟਕਣ ਦੀ ਹਾਮੀ ਭਰੀ। ਜੱਲਾਦ ਨੇ ਇਕ-ਇਕ ਕਰ ਰੱਸੀ ਖਿੱਚੀ ਤੇ ਉਨ੍ਹਾਂ ਦੇ ਪੈਰਾਂ ਹੇਠ ਲੱਗੇ ਤਖਤਿਆਂ ਨੂੰ ਪੈਰ ਮਾਰ ਕੇ ਹਟਾ ਦਿੱਤਾ। ਕਾਫੀ ਦੇਰ ਤੱਕ ਉਨ੍ਹਾਂ ਦੀਆਂ ਦੇਹਾਂ ਤਖਤਿਆਂ 'ਤੇ ਲਟਕਦੀਆਂ ਰਹੀਆਂ। ਅੰਤ ਉਨ੍ਹਾਂ ਨੂੰ ਹੇਠਾਂ ਉਤਾਰਿਆ ਗਿਆ ਤੇ ਉੱਥੇ ਮੌਜੂਦ ਡਾ. ਲੈਫਟੀਨੈਂਟ ਕਰਨਲ ਜੇਜੇਨੈਲਸਨ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਕ ਜੇਲ ਅਧਿਕਾਰੀ 'ਤੇ ਇਸ ਫਾਂਸੀ ਦਾ ਇੰਨਾਂ ਅਸਰ ਹੋਇਆ ਕਿ ਜਦੋਂ ਉਸ ਨੂੰ ਮ੍ਰਿਤਕਾਂ ਦੀ ਪਛਾਣ ਕਰਨ ਨੂੰ ਕਿਹਾ ਗਿਆ ਤਾਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੂੰ ਉਸੇ ਸਮੇਂ ਮੁਅੱਤਲ ਕਰ ਦਿੱਤਾ ਗਿਆ ਤੇ ਇਕ ਜੂਨੀਅਰ ਅਫਸਰ ਨੇ ਇਹ ਕੰਮ ਕੀਤਾ। ਪਹਿਲਾਂ ਯੋਜਨਾ ਸੀ ਕਿ ਇਨ੍ਹਾਂ ਤਿੰਨਾਂ ਅੰਤਮ ਸੰਸਕਾਰ ਜੇਲ੍ਹ ਦੇ ਅੰਦਰ ਹੀ ਕੀਤਾ ਜਾਵੇ ਪਰ ਜਦੋਂ ਅਧਿਕਾਰੀਆਂ ਨੂੰ ਲੱਗਾ ਕਿ ਜੇਲ੍ਹ ਤੋਂ ਧੂੰਆਂ ਉੱਠਦਾ ਦੇਖ ਜੇਲ੍ਹ ਦੇ ਬਾਹਰ ਖੜ੍ਹੀ ਭੀੜ ਜੇਲ੍ਹ 'ਤੇ ਹਮਲਾ ਕਰ ਸਕਦੀ ਹੈ ਤਾਂ ਇਸ ਯੋਜਨਾ ਨੂੰ ਬਦਲ ਦਿੱਤਾ ਗਿਆ। ਇਸ ਲਈ ਜੇਲ੍ਹ ਦੀ ਪਿਛਲੀ ਕੰਧ ਤੋੜੀ ਗਈ। ਉਸੇ ਰਸਤੇ ਤੋਂ ਇਕ ਟਰੱਕ ਜੇਲ੍ਹ ਦੇ ਅੰਦਰ ਲਿਆਂਦਾ ਗਿਆ ਤੇ ਉਸ 'ਤੇ ਅਪਮਾਨਜਨਕ ਤਰੀਕੇ ਨਾਲ ਮ੍ਰਿਤਕ ਦੇਹਾਂ ਨੂੰ ਸਾਮਾਨ ਵਾਂਗ ਲੱਦਿਆ ਗਿਆ। ਰਾਵੀ ਤੱਟ 'ਤੇ ਸਸਕਾਰ ਕੀਤਾ ਜਾਣਾ ਸੀ ਪਰ ਪਾਣੀ ਘੱਟ ਹੋਣ ਕਾਰਨ ਸਤਲੁਜ ਦੇ ਕੰਢੇ ਸਸਕਾਰ ਕਰਨ ਦਾ ਤੈਅ ਕੀਤਾ ਗਿਆ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀਆਂ ਮ੍ਰਿਤਕ ਦੇਹਾਂ ਨੂੰ ਫਿਰੋਜ਼ਪੁਰ ਨੇੜੇ ਸਤਲੁਜ ਕੰਢੇ ਲਿਆਂਦਾ ਗਿਆ।

ਦੂਜੇ ਪਾਸੇ ਵਾਰਡਨ ਚਰਤ ਸਿੰਘ ਸੁਸਤ ਕਦਮਾਂ ਨਾਲ ਆਪਣੇ ਕਮਰੇ 'ਚ ਪਹੁੰਚੇ ਤੇ ਫੁੱਟ-ਫੁੱਟ ਕੇ ਰੋਣ ਲੱਗੇ। ਆਪਣੇ 30 ਸਾਲਾਂ ਦੇ ਕੈਰੀਅਰ 'ਚ ਉਨ੍ਹਾਂ ਨੇ ਸੈਂਕੜੇ ਫਾਂਸੀਆਂ ਦੇਖੀਆਂ ਸਨ ਪਰ ਕਿਸੇ ਨੇ ਮੌਤ ਨੂੰ ਇੰਨੀਂ ਬਹਾਦਰੀ ਨਾਲ ਗਲੇ ਨਹੀਂ ਲਗਾਇਆ ਸੀ, ਜਿਵੇਂ ਭਗਤ ਸਿੰਘ ਤੇ ਉਸ ਦੇ ਦੋ ਸਾਥੀਆਂ ਨੇ ਕੀਤਾ। 16 ਸਾਲਾਂ ਬਾਅਦ ਇਹੀ ਸ਼ਹਾਦਤ ਬ੍ਰਿਟਿਸ਼ ਸਾਮਰਾਜ ਦੇ ਅੰਤ ਦਾ ਕਾਰਨ ਬਣੀ...ਜੈ ਹਿੰਦ।

ਇਹ ਵੀ ਪੜ੍ਹੋ: ਇਤਿਹਾਸ ਦੀ ਡਾਇਰੀ: ਜਦੋਂ ਇਕ 'ਨਾਲਾਇਕ ਮੁੰਡਾ' ਬਣਿਆ ਦੁਨੀਆ ਦਾ ਸਭ ਤੋਂ ਹੁਸ਼ਿਆਰ ਇਨਸਾਨ (ਵੀਡੀਓ)


Shyna

Content Editor

Related News