ਕੀ PM ਮੋਦੀ ਵਾਕਿਆ ਹੀ ਰਾਸ਼ਟਰ ਪਿਤਾ ਹਨ ?

09/25/2019 8:31:11 PM

ਜਲੰਧਰ (ਜਸਬੀਰ ਵਾਟਾਂਵਾਲੀ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਫਾਦਰ ਆਫ ਇੰਡੀਆ' ਕਹੇ ਜਾਣ ਤੋਂ ਬਾਅਦ ਨਵਾਂ ਵਿਵਾਦ ਭਖਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਟਿੱਪਣੀ ਕਰਦਿਆਂ ਏ.ਆਈ.ਐੱਮ.ਆਈ.ਐੱਮ. (ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ) ਚੀਫ ਅਸਦੁਦੀਨ ਓਵੈਸੀ ਨੇ ਕਿਹਾ ਕਿ ਪੀ.ਐੱਮ ਮੋਦੀ ਦੂਰ-ਦੂਰ ਤੱਕ ਫਾਦਰ ਆਫ ਇੰਡੀਆ ਨਹੀਂ ਹਨ। ਓਵੈਸੀ ਨੇ ਤਾਂ ਇੱਥੋ ਤੱਕ ਵੀ ਕਹਿ ਦਿੱਤਾ ਕਿ ਡੋਨਾਲਡ ਟਰੰਪ ਇਕ ਜਾਹਿਲ ਅਤੇ ਅਗਿਆਨੀ ਆਦਮੀ ਹਨ, ਜੋ ਨਾ ਤਾਂ ਜ਼ਿਆਦਾ ਪੜ੍ਹੇ-ਲਿਖੇ ਹਨ ਅਤੇ ਨਾ ਤਾਂ ਉਨ੍ਹਾਂ ਨੂੰ ਹਿੰਦੁਸਤਾਨ ਬਾਰੇ ਕੁਝ ਸਮਝ ਹੈ। ਓਵੈਸੀ ਨੇ ਕਿਹਾ ਕਿ ਟਰੰਪ ਮਹਾਤਮਾ ਗਾਂਧੀ ਬਾਰੇ ਵੀ ਕੁਝ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਮੋਦੀ ਕਦੇ ਵੀ ਫਾਦਰ ਆਫ ਨੇਸ਼ਨ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਮਹਾਤਮਾਂ ਗਾਂਧੀ ਨੂੰ ਫਾਦਰ ਆਫ ਨੇਸ਼ਨ ਐਵੇਂ ਨਹੀਂ ਕਿਹਾ ਜਾਂਦਾ ਬਲਕਿ ਇਹ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਨਮਾਨ ਵਿਚ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਡਤ ਨਹਿਰੂ, ਸਰਦਾਰ ਪਟੇਲ ਅਤੇ ਹਿੰਦੁਸਤਾਨ ਦੀ ਸਿਆਸਤ ਦੀਆਂ ਹੋਰ ਉੱਚੀਆਂ ਸ਼ਖਸੀਅਤਾਂ ਸਨ, ਉਨ੍ਹਾਂ ਨੂੰ ਕਦੇ ਫਾਦਰ ਆਫ ਨੇਸ਼ਨ ਨਹੀਂ ਕਿਹਾ ਗਿਆ। ਓਵੈਸੀ ਨੇ ਇਹ ਤੱਕ ਕਹਿ ਦਿੱਤਾ ਕਿ ਨਰਿੰਦਰ ਮੋਦੀ ਨੂੰ ਐਲਵਿਸ ਪ੍ਰੇਸਲੀ ਕਿਹਾ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦਾ ਕਿਰਦਾਰ ਐਲਵਿਸ ਪ੍ਰੇਸਲੀ ਨਾਲ ਮਿਲਦਾ-ਜੁਲਦਾ ਹੈ। ਪ੍ਰੇਸਲੀ ਮਜਮਾ ਲਗਾਉਣ ਦਾ ਬਹੁਤ ਮਾਹਰ ਸੀ। ਸਾਡੇ ਪ੍ਰਧਾਨ ਮੰਤਰੀ ਵੀ ਚੰਗਾ ਭਾਸ਼ਣ ਦੇਣ, ਭੀੜ ਇਕੱਠੀ ਕਰਨ ਅਤੇ ਮਜਮਾ ਲਾਉਣ ਵਿਚ ਬਹੁਤ ਮਾਹਰ ਹਨ। ਇਸ ਦੇ ਨਾਲ ਕਈ ਕਾਂਗਰਸ ਨੇਤਾਵਾਂ ਨੇ ਵੀ ਟਰੰਪ ਦੇ ਇਸ ਬਿਆਨ ਦਾ ਵਿਰੋਧ ਕੀਤਾ ਹੈ। ਇਸ ਦੇ ਉਲਟ ਰਾਜ ਮੰਤਰੀ ਜਤਿੰਦਰ ਸਿੰਘ ਨੇ ਡਾਨਲਡ ਟਰੰਪ ਵੱਲੋਂ ਪੀ. ਐੱਮ. ਮੋਦੀ ਨੂੰ ਰਾਸ਼ਟਰ ਪਿਤਾ ਕਹੇ ਜਾਣ ਦੇ ਹੱਕ ਵਿਚ ਭੁਗਤਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਟਰੰਪ ਵੱਲੋਂ ਸਾਡੇ ਪ੍ਰਧਾਨ ਮੰਤਰੀ ਜੀ ਕੀਤੀ ਤਰੀਫ ’ਤੇ ਮਾਣ ਮਹਿਸੂਸ ਨਹੀਂ ਹੋ ਰਿਹਾ ਉਹ ਖੁਦ ਨੂੰ ਭਾਰਤੀ ਨਹੀਂ ਸਮਝਦਾ। 

ਮਹਾਤਮਾਂ ਗਾਂਧੀ ਨੂੰ ਕਿਸਨੇ ਅਤੇ ਕਿਉਂ ਦਿੱਤੀ ਸੀ ਰਾਸ਼ਟਰਪਿਤਾ ਦੀ ਉਪਾਧੀ ?
ਇਹ ਗੱਲ ਵੀ ਪੂਰ ਤਰ੍ਹਾਂ ਸੱਚ ਹੈ ਕਿ ਮਹਾਤਮਾ ਗਾਂਧੀ ਨੂੰ ਅਧਿਕਾਰਿਕ ਤੌਰ ’ਤੇ ਰਾਸ਼ਟਰ ਪਿਤਾ ਦੀ ਉਪਾਧੀ ਕਦੇ ਵੀ ਨਹੀਂ ਦਿੱਤੀ ਗਈ। ਮਹਾਤਮਾ ਗਾਂਧੀ ਨੂੰ ਸਭ ਤੋਂ ਪਹਿਲਾਂ ਰਾਸ਼ਟਰ ਪਿਤਾ ਕਹਿਣ ਵਾਲੇ ਸ਼ਖ਼ਸ ਨੇਤਾ ਜੀ ਸੁਭਾਸ਼ ਚੰਦਰ ਬੋਸ ਸਨ। ਉਨ੍ਹਾਂ ਨੇ ਮਹਾਤਮਾ ਗਾਂਧੀ ਨੂੰ ਇਹ ਲਕਬ 4 ਜੂਨ 1944 ਨੂੰ ਰੰਗੂਨ ਰੇਡੀਓ ਤੋਂ ਇਕ ਸੰਦੇਸ਼ ਦਿੰਦਿਆ ਦਿੱਤਾ ਸੀ। ਰਾਸ਼ਟਰ ਪਿਤਾ ਦਾ ਖ਼ਿਤਾਬ ਉਹ ਖਿਤਾਬ ਹੈ, ਜੋ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਉਨ੍ਹਾਂ ਸ਼ਖ਼ਸੀਅਤਾ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦਾ ਦੇਸ਼, ਰਾਜ ਜਾਂ ਦੇਸ਼ ਦੀ ਸਥਾਪਨਾ ਵਿਚ ਵੱਡਾ ਯੋਗਦਾਨ ਹੋਵੇ। 

ਕੀ ਸੀ ਇਹ ਸੰਦੇਸ਼ ?
ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ 4 ਜੂਨ 1944 ਨੂੰ ਰੰਗੂਨ ਵਿਖੇ ਆਜ਼ਾਦ ਹਿੰਦ ਰੇਡੀਓ ਤੋਂ ਮਹਾਤਮਾ ਨੂੰ ਸੰਦੇਸ਼ ਭੇਜਦਿਆਂ ਕਿਹਾ ਸੀ ਕਿ “ਜੇਕਰ ਸਾਡੇ ਦੇਸ਼ ਵਾਸੀ ਆਪਣੇ ਯਤਨਾਂ ਸਦਕਾ ਖੁਦ ਨੂੰ ਆਜ਼ਾਦ ਕਰਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਸਾਡੇ ਤੋਂ ਵੱਧ ਖੁਸ਼ੀ ਕਿਸੇ ਨੂੰ ਨਹੀਂ ਹੋਵੇਗੀ। ਬ੍ਰਿਟਿਸ਼ ਸਰਕਾਰ ਜੇਕਰ ਤੁਹਾਡੇ ‘ਭਾਰਤ ਛੱਡੋ’ ਅੰਦੋਲਨ ਸਦਕਾ ਦੇਸ਼ ਨੂੰ ਆਜ਼ਾਦ ਕਰ ਦਿੰਦੀ ਹੈ ਤਾਂ ਇਸ ਪਵਿੱਤਰ ਯੁੱਧ ਵਿਚ ਸਾਡੇ ‘ਰਾਸ਼ਟਰ ਪਿਤਾ’ ਤੁਸੀਂ ਹੋਵੋਗੇ।"


jasbir singh

News Editor

Related News