ਇਰਾਕ 'ਚ ਮਾਰੇ ਪੰਜਾਬੀਆਂ ਦੇ ਪਰਿਵਾਰਕ ਮੈਂਬਰ ਅੱਜ ਵੀ ਕਰ ਰਹੇ ਨੇ ਸਰਕਾਰੀ ਨੌਕਰੀ ਦੀ ਉਡੀਕ

10/31/2018 11:13:46 AM

ਅੰਮ੍ਰਿਤਸਰ(ਬਿਊਰੋ)— ਇਰਾਕ ਦੇ ਮੌਸੂਲ ਸ਼ਹਿਰ ਵਿਚ ਅੱਤਵਾਦੀ ਸੰਗਠਨ ਆਈ.ਐੱਸ.ਆਈ.ਐੱਸ. ਵਲੋਂ ਬੰਦੀ ਬਣਾ ਕੇ ਮਾਰੇ ਪੰਜਾਬੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਬਾ ਸਰਕਾਰ ਵਲੋਂ ਨੌਕਰੀ ਦੇਣ ਦਾ ਕੀਤਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਆਈ.ਐੱਸ.ਆਈ.ਐੱਸ. ਵਲੋਂ 2014 ਵਿਚ 39 ਭਾਰਤੀਆਂ ਨੂੰ ਬੰਧਕ ਬਣਾਇਆ ਗਿਆ ਸੀ, ਜਿਨ੍ਹਾਂ ਵਿਚ 27 ਪੰਜਾਬੀ ਸ਼ਾਮਲ ਹਨ। ਇਨ੍ਹਾਂ ਭਾਰਤੀਆਂ ਦੀਆਂ ਲਾਸ਼ਾਂ ਨੂੰ ਵਾਪਸ ਵਤਨ ਲਿਆਉਣ ਲਈ ਭਾਰਤ ਸਰਕਾਰ ਵਲੋਂ ਕਾਫੀ ਜੱਦੋ-ਜਹਿਦ ਕੀਤੀ ਗਈ ਸੀ ਅਤੇ ਇਸੇ ਸਾਲ ਇਰਾਕ ਤੋਂ ਲਿਆ ਕੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਸਨ।

ਪੀੜਤ ਪਰਿਵਾਰਾਂ ਦੇ ਮੈਂਬਰ ਅੱਜ ਇੱਥੇ ਜ਼ਿਲਾ ਅਧਿਕਾਰੀਆਂ ਨੂੰ ਮਿਲਣ ਪੁੱਜੇ। ਇਨ੍ਹਾਂ ਵਿਚ ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ ਅਤੇ ਗੁਰਦਾਸਪੁਰ ਜ਼ਿਲੇ ਨਾਲ ਸਬੰਧਤ ਵਿਅਕਤੀ ਸ਼ਾਮਲ ਸਨ। ਪੀੜਤ ਪਰਿਵਾਰਾਂ ਨੇ ਦੱਸਿਆ ਕਿ ਸੂਬਾ ਸਰਕਾਰ ਵਲੋਂ ਐਲਾਨੀ 5-5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਸਾਰੇ ਪਵਿਰਾਰਾਂ ਨੂੰ ਮਿਲ ਚੁੱਕੀ ਹੈ ਪਰ ਸੂਬਾ ਸਰਕਾਰ ਵਲੋਂ ਪੀੜਤ ਪਰਿਵਾਰਾਂ ਦੇ ਇਕ-ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਅਜੇ ਤੱਕ ਨਹੀਂ ਨਿਭਾਇਆ ਗਿਆ। ਅੰਮ੍ਰਿਤਸਰ ਵਾਸੀ ਮਨੀਸ਼ ਕੁਮਾਰ ਜਿਸ ਦਾ ਭਰਾ ਇਰਾਕ ਵਿਚ ਮਾਰਿਆ ਗਿਆ ਸੀ, ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨੌਕਰੀ ਦੇਣ ਦਾ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਉਸ ਨੇ ਇਹ ਵੀ ਕਿਹਾ ਕਿ ਮਈ 2018 ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾ ਰਹੀ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਦਦ ਵੀ ਬੰਦ ਕਰ ਦਿੱਤੀ ਗਈ ਹੈ। ਸਿਵਲ ਇੰਜੀਨੀਅਰ ਵਜੋਂ ਯੋਗਤਾ ਪ੍ਰਾਪਤ ਮਨੀਸ਼ ਨੇ ਕਿਹਾ ਕਿ ਉਸ ਨੂੰ ਹੁਣ ਤੱਕ ਨੌਕਰੀ ਲਈ ਕੋਈ ਪੇਸ਼ਕਸ਼ ਨਹੀਂ ਆਈ ਹੈ। ਇਸੇ ਤਰ੍ਹਾਂ ਦੀ ਕਹਾਣੀ ਹੋਰ ਪਰਿਵਾਰਾਂ ਦੀ ਵੀ ਹੈ।


Related News