ਚੰਡੀਗੜ੍ਹ ਰੋਡ ''ਤੇ ਭਿਆਨਕ ਹਾਦਸਾ: ਖਰਾਬ ਟ੍ਰੈਕਟਰ-ਟਰਾਲੀ ਠੀਕ ਕਰ ਰਹੇ 4 ਲੋਕਾਂ ਨੂੰ ਬੇਕਾਬੂ ਟ੍ਰਾਲੇ ਨੇ ਦਰੜਿਆ
Saturday, May 23, 2026 - 05:26 PM (IST)
ਲੁਧਿਆਣਾ (ਰਾਜ): ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਦੇਰ ਰਾਤ ਇਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਸੜਕ ਕਿਨਾਰੇ ਖਰਾਬ ਖੜ੍ਹੀ ਤੂੜੀ ਨਾਲ ਭਰੀ ਇਕ ਟਰਾਲੀ ਨੂੰ ਰਿਪੇਅਰ ਕਰ ਰਹੇ 4 ਲੋਕਾਂ ਨੂੰ ਪਿੱਛੇ ਤੋਂ ਆਏ ਇਕ ਤੇਜ਼ ਰਫ਼ਤਾਰ ਬੇਕਾਬੂ ਟ੍ਰਾਲੇ (ਟਿੱਪਰ) ਨੇ ਬੇਰਹਿਮੀ ਨਾਲ ਦਰੜ ਦਿੱਤਾ। ਟੱਕਰ ਇੰਨੀ ਭਿਆਨਕ ਸੀ ਕਿ ਚਾਰੇ ਲੋਕ ਖੂਨ ਨਾਲ ਲੱਥਪੱਥ ਹੋ ਕੇ ਸੜਕ 'ਤੇ ਹੀ ਤੜਫਣ ਲੱਗੇ ਅਤੇ ਮੌਕੇ 'ਤੇ ਚੀਕ-ਪੁਕਾਰ ਮਚ ਗਈ। ਹਾਦਸੇ ਵਿਚ ਦੋ ਲੋਕਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ। ਇਸ ਭਿਆਨਕ ਹਾਦਸੇ ਤੋਂ ਬਾਅਦ ਹਾਈਵੇਅ 'ਤੇ ਕਈ ਕਿਲੋਮੀਟਰ ਲੰਬਾ ਜਾਮ ਲੱਗ ਗਿਆ, ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਮਿਲੀ ਜਾਣਕਾਰੀ ਮੁਤਾਬਕ ਜ਼ਖਮੀਆਂ ਦੀ ਪਛਾਣ ਜਸਵੰਤ ਸਿੰਘ (37), ਨਾਥੂ (32), ਸੀਰਾ (30) ਤਿੰਨੇ ਵਾਸੀ ਗੰਗਸਰ ਜੈਤੋ ਅਤੇ ਸੁਰਜੀਤ ਸਿੰਘ (43) ਵਾਸੀ ਸਰਪੰਚ ਕਲੋਨੀ, ਮੁੰਡੀਆਂ ਕਲਾਂ ਵਜੋਂ ਹੋਈ ਹੈ। ਸਿਵਲ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਜਸਵੰਤ ਸਿੰਘ ਨੇ ਆਪਬੀਤੀ ਸੁਣਾਉਂਦਿਆਂ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਟ੍ਰੈਕਟਰ-ਟਰਾਲੀ ਵਿਚ ਤੂੜੀ ਲੱਦ ਕੇ ਵੀਰਵਾਰ ਸਵੇਰੇ ਲੁਧਿਆਣਾ ਵੱਲ ਆ ਰਹੇ ਸਨ। ਇਸੇ ਦੌਰਾਨ ਚੰਡੀਗੜ੍ਹ ਰੋਡ 'ਤੇ ਸਥਿਤ ਵਰਧਮਾਨ ਪਾਰਕ ਦੇ ਕੋਲ ਅਚਾਨਕ ਉਨ੍ਹਾਂ ਦੀ ਟ੍ਰੈਕਟਰ-ਟਰਾਲੀ ਖਰਾਬ ਹੋ ਗਈ। ਉਨ੍ਹਾਂ ਨੇ ਗੱਡੀ ਨੂੰ ਸੜਕ ਕਿਨਾਰੇ ਸੁਰੱਖਿਅਤ ਖੜ੍ਹੀ ਕਰ ਦਿੱਤਾ ਅਤੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿਚ ਜੁੱਟ ਗਏ, ਪਰ ਵੀਰਵਾਰ ਨੂੰ ਖਰਾਬੀ ਦੂਰ ਨਹੀਂ ਹੋ ਸਕੀ। ਇਸ ਤੋਂ ਬਾਅਦ ਸ਼ੁੱਕਰਵਾਰ ਰਾਤ ਨੂੰ ਜਦੋਂ ਚਾਰੇ ਸਾਥੀ ਦੁਬਾਰਾ ਟਰਾਲੀ ਨੂੰ ਠੀਕ ਕਰ ਰਹੇ ਸਨ, ਤਾਂ ਪਿੱਛੇ ਤੋਂ ਕਾਲ ਬਣ ਕੇ ਆਏ ਇਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਚਸ਼ਮਦੀਦਾਂ ਅਨੁਸਾਰ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਚਾਰੇ ਨੌਜਵਾਨ ਹਵਾ ਵਿਚ ਉਛਲ ਕੇ ਦੂਰ ਜਾ ਡਿੱਗੇ। ਇਨ੍ਹਾਂ ਵਿਚੋਂ ਸੀਰਾ ਨਾਮਕ ਨੌਜਵਾਨ ਸਭ ਤੋਂ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ, ਜਿਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ, ਜਦਕਿ ਜਸਵੰਤ ਸਿੰਘ ਦੇ ਸਿਰ ਅਤੇ ਲੱਤ 'ਤੇ ਡੂੰਘੇ ਜ਼ਖ਼ਮ ਆਏ ਹਨ। ਹਾਦਸੇ ਤੋਂ ਬਾਅਦ ਮੁਲਜ਼ਮ ਡਰਾਈਵਰ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਉੱਥੋਂ ਗੁਜ਼ਰ ਰਹੇ ਰਾਹਗੀਰਾਂ ਨੇ ਇਨਸਾਨੀਅਤ ਦਿਖਾਉਂਦੇ ਹੋਏ ਤੁਰੰਤ ਪੁਲਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਐਂਬੂਲੈਂਸ ਨੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ।
ਇਸ ਭਿਆਨਕ ਹਾਦਸੇ ਤੋਂ ਬਾਅਦ ਲੁਧਿਆਣਾ-ਚੰਡੀਗੜ੍ਹ ਰੋਡ 'ਤੇ ਵਾਹਨਾਂ ਦੇ ਪਹੀਏ ਥਮ ਗਏ। ਫੋਰਟਿਸ ਹਸਪਤਾਲ ਤੋਂ ਲੈ ਕੇ ਜਮਾਲਪੁਰ ਚੌਂਕ ਤੱਕ ਹਾਈਵੇਅ 'ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਅਤੇ NHAI ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ। ਹਾਈਵੇਅ ਅਥਾਰਟੀ ਦੀਆਂ ਟੀਮਾਂ ਨੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਟਿੱਪਰ ਅਤੇ ਟਰਾਲੀ ਨੂੰ ਸੜਕ ਤੋਂ ਹਟਾਇਆ, ਜਿਸ ਤੋਂ ਬਾਅਦ ਕੜੀ ਮਸ਼ੱਕਤ ਨਾਲ ਆਵਾਜਾਈ ਨੂੰ ਸੁਚਾਰੂ ਕਰਵਾਇਆ ਜਾ ਸਕਿਆ। ਸਥਾਨਕ ਪੁਲਸ ਨੇ ਅਣਪਛਾਤੇ ਵਾਹਨ ਡਰਾਈਵਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦੀ ਭਾਲ ਲਈ ਸੀ.ਸੀ.ਟੀ.ਵੀ. (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
