ਪੰਜਾਬ ''ਚ ਕਾਮਿਆਂ ਤੇ ਮੁਲਾਜ਼ਮਾਂ ਲਈ ਅੱਜ ਛੁੱਟੀ ਦਾ ਐਲਾਨ, ਹੇਠਲੀਆਂ ਅਦਾਲਤਾਂ ਵੀ ਰਹਿਣਗੀਆਂ ਬੰਦ
Tuesday, May 26, 2026 - 07:49 AM (IST)
ਚੰਡੀਗੜ੍ਹ (ਅੰਕੁਰ) : ਫੈਕਟਰੀਆਂ ਸਮੇਤ ਪੰਜਾਬ ਦੇ ਅਦਾਰਿਆਂ ’ਚ ਕੰਮ ਕਰਨ ਵਾਲੇ ਸਾਰੇ ਬਾਲਗ ਕਾਮਿਆਂ ਤੇ ਮੁਲਾਜ਼ਮਾਂ ਲਈ ਨਗਰ ਨਿਗਮ ਚੋਣਾਂ ’ਚ ਆਪਣੀ ਵੋਟ ਪਾਉਣ ਲਈ ਛੋਟ ਦਾ ਐਲਾਨ ਕੀਤਾ ਗਿਆ ਹੈ। ਇਹ ਛੋਟ ਉਨ੍ਹਾਂ ਸਬੰਧਿਤ ਨਗਰ ਨਿਗਮਾਂ ਦੇ ਮਾਲ ਅਧਿਕਾਰ ਖੇਤਰ ’ਚ ਕੰਮ ਕਰਨ ਵਾਲੇ ਸਾਰੇ ਯੋਗ ਵੋਟਰਾਂ 'ਤੇ ਲਾਗੂ ਹੁੰਦੀ ਹੈ, ਜਿੱਥੇ 26 ਮਈ ਨੂੰ ਵੋਟਿੰਗ ਹੋਣੀ ਹੈ। ਇਸ ਸਬੰਧੀ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਦਫ਼ਤਰਾਂ, ਵਿੱਦਿਅਕ ਅਦਾਰਿਆਂ, ਅਦਾਲਤਾਂ ਵਿਚ 26 ਮਈ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਰਜਿਸਟਰਡ ਦੁਕਾਨਾਂ ਅਤੇ ਵਪਾਰਕ ਅਦਾਰਿਆਂ ’ਚ ਕੰਮ ਕਰਦੇ ਕਰਮਚਾਰੀਆਂ ਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਛੋਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਨਗਰ ਨਿਗਮ ਤੇ ਕੌਂਸਲ ਚੋਣਾਂ ਅੱਜ, 7,555 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ
ਇਸ ਸਬੰਧੀ ਪੰਜਾਬ ਅੰਦਰ ਰਜਿਸਟਰਡ ਦੁਕਾਨਾਂ ਅਤੇ ਅਦਾਰਿਆਂ 'ਚ ਕੰਮ ਕਰਦੇ ਉਹ ਕਰਮਚਾਰੀ, ਜੋ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਵੋਟਰ ਹਨ, ਨੂੰ ਵੋਟਿੰਗ ਵਾਲੇ ਦਿਨ ਮੰਗਲਵਾਰ, 26 ਮਈ 2026 ਨੂੰ ‘ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਐਸਟੈਬਲਿਸ਼ਮੈਂਟਸ ਐਕਟ’ ਦੀ ਧਾਰਾ 10 ਦੀ ਉਪ-ਧਾਰਾ (1) ਦੇ ਉਪਬੰਧਾਂ ਤੋਂ ਛੋਟ ਦਿੱਤੀ ਗਈ ਹੈ। ਸਰਕਾਰ ਨੇ ਫੈਕਟਰੀਆਂ ਸਮੇਤ ਪੰਜਾਬ ਦੇ ਵੱਖ-ਵੱਖ ਅਦਾਰਿਆਂ 'ਚ ਕੰਮ ਕਰਦੇ ਸਾਰੇ ਬਾਲਗ ਕਾਮਿਆਂ ਅਤੇ ਕਰਮਚਾਰੀਆਂ ਨੂੰ ਨਗਰ ਨਿਗਮ ਆਮ ਚੋਣਾਂ 2026 ਵਿਚ ਆਪਣੀ ਵੋਟ ਪਾਉਣ ਲਈ ਛੁੱਟੀ ਦੇਣ ਦਾ ਐਲਾਨ ਕੀਤਾ ਹੈ।
ਪੰਜਾਬ ਦੀਆਂ ਹੇਠਲੀਆਂ ਅਦਾਲਤਾਂ ’ਚ ਅੱਜ ਰਹੇਗੀ ਆਮ ਛੁੱਟੀ
ਲੁਧਿਆਣਾ (ਮਹਿਰਾ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਨੇ ਇਕ ਮਹੱਤਵਪੂਰਨ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਪੰਜਾਬ ਰਾਜ ਦੀਆਂ ਸਾਰੀਆਂ ਹੇਠਲੀਆਂ ਅਦਾਲਤਾਂ ’ਚ 26 ਮਈ ਨੂੰ ਆਮ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਸੂਬੇ ’ਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ ਚੋਣਾਂ 2026 ਦੇ ਮੱਦੇਨਜ਼ਰ ਐਲਾਨੀ ਗਈ ਹੈ। ਹਾਈਕੋਰਟ ਵੱਲੋਂ ਮੁੱਖ ਜੱਜ ਦੇ ਹੁਕਮਾਂ ਮੁਤਾਬਕ ਜਾਰੀ ਸਰਕੂਲਰ ’ਚ ਕਿਹਾ ਗਿਆ ਹੈ ਕਿ ਇਹ ਹੁਕਮ ਪਹਿਲਾਂ 22 ਮਈ 2026 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਗਿਣਤੀ 90 ’ਚ ਅੰਸ਼ਿਕ ਸੋਧ ਕਰ ਕੇ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪੰਜਾਬ, ਹਰਿਆਣਾ ਅਤੇ ਯੂ. ਟੀ. ਚੰਡੀਗੜ੍ਹ ਦੇ ਸਾਰੇ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਨੂੰ ਜ਼ਰੂਰੀ ਕਾਰਵਾਈ ਲਈ ਨਿਰਦੇਸ਼ ਭੇਜ ਦਿੱਤੇ ਗਏ ਹਨ। ਆਮ ਜਨਤਾ ਅਤੇ ਵਾਦਕਾਰੀਆਂ ਦੀ ਸਹੂਲਤ ਲਈ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਵੱਖ-ਵੱਖ ਸਰਕਾਰੀ ਵਿਭਾਗਾਂ, ਬਾਰ ਕੌਂਸਲ, ਬਾਰ ਐਸੋਸੀਏਸ਼ਨ ਅਤੇ ਪ੍ਰਮੁੱਖ ਅਖਬਾਰਾਂ ਨੂੰ ਤਤਕਾਲ ਪ੍ਰਕਾਸ਼ਿਤ ਕਰਨ ਲਈ ਭੇਜੀਆਂ ਗਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
