ਹੁਣ ਜਲੰਧਰ ਦੇ ਇਨ੍ਹਾਂ ਚੌਕਾਂ ''ਚ ਵੀ ਕੱਟੇ ਜਾਣਗੇ ਆਨਲਾਈਨ ਚਲਾਨ! ਨੋਟ ਕਰ ਲਓ ਤਾਰੀਖ਼

Thursday, May 28, 2026 - 03:34 PM (IST)

ਹੁਣ ਜਲੰਧਰ ਦੇ ਇਨ੍ਹਾਂ ਚੌਕਾਂ ''ਚ ਵੀ ਕੱਟੇ ਜਾਣਗੇ ਆਨਲਾਈਨ ਚਲਾਨ! ਨੋਟ ਕਰ ਲਓ ਤਾਰੀਖ਼

ਜਲੰਧਰ: ਜਲੰਧਰ ਸ਼ਹਿਰ ਵਿਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ 'ਤੇ ਹੁਣ ਸ਼ਿਕੰਜਾ ਹੋਰ ਕੱਸਿਆ ਜਾ ਰਿਹਾ ਹੈ। ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਟ੍ਰੈਫਿਕ ਪੁਲਸ ਸੀ.ਸੀ.ਟੀ.ਵੀ. ਕੈਮਰਿਆਂ ਰਾਹੀਂ ਟ੍ਰੈਫ਼ਿਕ ਚਾਲਾਨ ਕੱਟਣ ਦਾ ਘੇਰਾ ਵਧਾ ਰਹੀ ਹੈ। 1 ਜੂਨ ਤੋਂ ਸ਼ਹਿਰ ਦੇ 9 ਹੋਰ ਪ੍ਰਮੁੱਖ ਚੌਕਾਂ 'ਤੇ ਈ-ਚਾਲਾਨ ਦੀ ਸਖ਼ਤ ਪ੍ਰਣਾਲੀ ਲਾਗੂ ਹੋਣ ਜਾ ਰਹੀ ਹੈ।

ਇਨ੍ਹਾਂ 9 ਚੌਕਾਂ 'ਤੇ ਹੋਵੇਗੀ ਵਿਸ਼ੇਸ਼ ਨਜ਼ਰ:

  • ਸ਼੍ਰੀ ਗੁਰੂ ਰਵਿਦਾਸ ਚੌਕ
  • ਫੁੱਟਬਾਲ ਚੌਕ
  • ਕਪੂਰਥਲਾ ਚੌਕ
  • ਭਗਵਾਨ ਵਾਲਮੀਕਿ ਚੌਕ
  • ਗੁਰੂ ਅਮਰਦਾਸ ਚੌਕ
  • ਵਰਕਸ਼ਾਪ ਚੌਕ
  • ਡਾ. ਬੀ.ਆਰ. ਅੰਬੇਡਕਰ ਚੌਕ
  • ਮਾਡਲ ਟਾਊਨ ਚੌਕ
  • ਚੁੰਨਮੁੰਨ ਚੌਕ

ਹੁਣ ਤੱਕ 1 ਲੱਖ ਤੋਂ ਵੱਧ ਕੱਟੇ ਗਏ ਚਾਲਾਨ

ਪੁਲਸ ਲਾਈਨ ਸਥਿਤ ਕਮਾਂਡ ਐਂਡ ਕੰਟਰੋਲ ਸੈਂਟਰ ਰਾਹੀਂ ਪਹਿਲਾਂ ਹੀ ਪੀ.ਏ.ਪੀ. ਚੌਕ, ਬੀ.ਐੱਮ.ਸੀ. ਚੌਕ, ਬੀ.ਐੱਸ.ਐੱਫ. ਚੌਕ ਅਤੇ ਗੁਰੂ ਨਾਨਕ ਮਿਸ਼ਨ ਚੌਕ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਪਿਛਲੇ 9 ਮਹੀਨਿਆਂ ਦੇ ਅੰਕੜਿਆਂ ਅਨੁਸਾਰ, ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਮੋਬਾਈਲ 'ਤੇ 1 ਲੱਖ ਤੋਂ ਵੱਧ ਈ-ਚਾਲਾਨ ਭੇਜੇ ਜਾ ਚੁੱਕੇ ਹਨ। 

ਕਿਵੇਂ ਕੰਮ ਕਰੇਗਾ ਸਿਸਟਮ:

ਕਮਾਂਡ ਐਂਡ ਕੰਟਰੋਲ ਸੈਂਟਰ ਰਾਹੀਂ ਸ਼ਹਿਰ ਦੇ ਮੁੱਖ ਚੌਕਾਂ 'ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ। ਜੇਕਰ ਕੋਈ ਵਾਹਨ ਚਾਲਕ ਰੈੱਡ ਲਾਈਟ ਜੰਪ ਕਰਦਾ ਹੈ, ਬਿਨਾਂ ਹੈਲਮੇਟ ਦੇ ਵਾਹਨ ਚਲਾਉਂਦਾ ਹੈ ਜਾਂ ਕੋਈ ਹੋਰ ਨਿਯਮ ਤੋੜਦਾ ਹੈ ਤਾਂ ਕੈਮਰਿਆਂ ਰਾਹੀਂ ਗੱਡੀ ਦਾ ਨੰਬਰ ਸਕੈਨ ਹੋਵੇਗਾ ਅਤੇ ਤੁਰੰਤ ਈ-ਚਾਲਾਨ ਜਨਰੇਟ ਹੋ ਕੇ ਚਾਲਕ ਦੇ ਮੋਬਾਈਲ 'ਤੇ ਮੈਸੇਜ ਪਹੁੰਚ ਜਾਵੇਗਾ। ਪੁਲਸ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ।
 


author

Anmol Tagra

Content Editor

Related News