ਸਰਕਾਰੀ ਆਦਰਸ਼ ਸਕੂਲ ''ਚ ਮਿਡ-ਡੇ ਮੀਲ ਦੇ ਪ੍ਰਬੰਧਾਂ ਦੀ ਜਾਂਚ

Friday, Jan 26, 2018 - 04:12 AM (IST)

ਸਰਕਾਰੀ ਆਦਰਸ਼ ਸਕੂਲ ''ਚ ਮਿਡ-ਡੇ ਮੀਲ ਦੇ ਪ੍ਰਬੰਧਾਂ ਦੀ ਜਾਂਚ

ਸ੍ਰੀ ਅਨੰਦਪੁਰ ਸਾਹਿਬ, (ਬਾਲੀ)- ਦਸਵੇਂ ਜੁਆਇੰਟ ਰੀਵਿਊ ਮਿਸ਼ਨ ਪੰਜਾਬ 2018 ਤਹਿਤ ਜ਼ਿਲਾ ਰੂਪਨਗਰ ਦੇ ਸਰਕਾਰੀ ਸਕੂਲਾਂ 'ਚ ਮਿਡ-ਡੇ ਮੀਲ ਦੀ ਗੁਣਵੱਤਾ 'ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੀ ਟੀਮ ਨੇ ਕਿਹਾ ਕਿ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਭੋਜਨ ਅਨੇਕਾਂ ਸੂਬਿਆਂ ਦੇ ਮੁਕਾਬਲੇ ਉੱਚ ਪੱਧਰ ਦਾ ਹੈ। 
ਕੇਂਦਰੀ ਮੰਤਰਾਲੇ ਦੀ ਇਕ ਟੀਮ ਜਿਸ ਦੀ ਅਗਵਾਈ ਪ੍ਰਿੰਸੀਪਲ ਸਰਕਾਰੀ ਕਾਲਜ ਆਫ ਹੋਮ ਸਾਇੰਸ ਚੰਡੀਗੜ੍ਹ ਡਾ. ਸੁਧਾ ਕਟਿਆਲ, ਸੀਨੀਅਰ ਸਲਾਹਕਾਰ ਕੇ.ਕੇ. ਸ਼ਰਮਾ ਤੇ ਡਾ. ਅਨਿਨਦਿੱਤਾ ਸ਼ੁਕਲਾ ਕਰ ਰਹੇ ਸਨ, ਵੱਲੋਂ ਜ਼ਿਲਾ ਰੂਪਨਗਰ ਦੇ ਸਰਕਾਰੀ ਸਕੂਲਾਂ ਦਾ ਦੌਰਾ ਕਰ ਕੇ ਭੋਜਨ ਦੀ ਗੁਣਵੱਤਾ ਦੀ ਪਰਖ ਕੀਤੀ ਗਈ। ਟੀਮ ਵੱਲੋਂ ਭੋਜਨ ਸਮੱਗਰੀ, ਵਰਤੇ ਜਾਂਦੇ ਬਰਤਨਾਂ ਅਤੇ ਭੋਜਨ ਦੇ ਸਟਾਕ ਦੇ ਨਾਲ-ਨਾਲ ਤਿਆਰ ਭੋਜਨ ਅਤੇ ਵਿਦਿਆਰਥੀਆਂ ਨੂੰ ਭੋਜਨ ਕਰਵਾਏ ਜਾਣ ਦੀ ਪ੍ਰਕਿਰਿਆ ਦਾ ਮੁਕੰਮਲ ਨਿਰੀਖਣ ਕੀਤਾ ਗਿਆ। 
ਟੀਮ ਵੱਲੋਂ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ ਰਸੋਈ ਦੇ ਨਿਰੀਖਣ ਤੋਂ ਇਲਾਵਾ ਭੋਜਨ ਤਿਆਰ ਕਰਨ ਵਾਲੇ ਸਟਾਫ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਸਟਾਫ ਨੂੰ ਮੌਸਮੀ ਸਬਜ਼ੀਆਂ ਅਤੇ ਦਾਲਾਂ ਦੀ ਵੱਧ ਤੋਂ ਵੱਧ ਵਰਤੋਂ ਕਰਨ ਬਾਰੇ ਕਿਹਾ। ਜੇਕਰ ਕਿਸੇ ਕਾਰਨ ਵਿਦਿਆਰਥੀਆਂ ਨੂੰ ਭੋਜਨ ਨਹੀਂ ਦਿੱਤਾ ਜਾ ਸਕਿਆ ਤਾਂ ਇਹ ਸਕੂਲ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ ਕਿ ਵਿਦਿਆਰਥੀਆਂ ਨੂੰ ਭੋਜਨ ਬਦਲੇ ਬਣਦਾ ਮਾਣਭੱਤਾ ਦਿੱਤਾ ਜਾਵੇ। 
ਇਸ ਮੌਕੇ ਮਿਡ-ਡੇ ਮੀਲ ਪੰਜਾਬ ਦੇ ਜਨਰਲ ਮੈਨੇਜਰ ਪ੍ਰਭਚਰਨ ਸਿੰਘ, ਫਾਇਨਾਂਸ ਮੈਨੇਜਰ ਮੇਹਰ ਸਿੰਘ, ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਸ੍ਰੀ ਅਨੰਦਪੁਰ ਸਾਹਿਬ ਊਮਾ ਸ਼ਰਮਾ, ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਨੰਗਲ ਸੁਦੇਸ਼, ਚਰਨਜੀਤ ਸਿੰਘ, ਨਵਦੀਪ ਕੌਰ, ਗੁਰਬਚਨ ਸਿੰਘ, ਕਮਲਦੀਪ ਸਿੰਘ, ਆਦਰਸ਼ ਸਕੂਲ ਦੇ ਪ੍ਰਿੰਸੀਪਲ ਰੂਚੀ ਗਰੋਵਰ ਅਤੇ ਹੋਰ ਹਾਜ਼ਰ ਸਨ।


Related News