ਕੌਮਾਂਤਰੀ ਕਬੱਡੀ ਕੱਪ ਲਈ ਆਸਟਰੇਲੀਆਈ ਟੀਮ ਪੰਜਾਬ ਪਹੁੰਚੀ
Saturday, Nov 30, 2019 - 12:40 PM (IST)

ਜਲੰਧਰ/ਸੁਲਤਾਨਪੁਰ ਲੋਧੀ— ਸ੍ਰੀ ਗੁਰੂ ਨਾਨਕ ਦੇਵ ਦੀ ਜੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਇਕ ਦਸੰਬਰ ਤੋਂ ਕਰਵਾਏ ਜਾ ਰਹੇ ਕੌਮਾਂਤਰੀ ਕਬੱਡੀ ਟੂਰਨਾਮੈਂਟ-2019 ਲਈ ਆਸਟਰੇਲੀਆ ਦੀ ਕਬੱਡੀ ਟੀਮ ਜਲੰਧਰ ਪਹੁੰਚ ਗਈ ਹੈ, ਜਦਕਿ ਬਾਕੀ ਟੀਮਾਂ ਦੇ ਸ਼ਨੀਵਾਰ ਤਕ ਜਲੰਧਰ ਪਹੁੰਚਣ ਦੀ ਸੰਭਾਵਨਾ ਹੈ। ਇਹ ਜਾਣਕਾਰੀ ਸ਼ੁੱਕਰਾਵਰ ਨੂੰ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਕਲੀਅਰੰਸ ਦਿਵਾਉਣ ਲਈ ਵਿਦੇਸ਼ ਮੰਤਰਾਲਾ ਦੇ ਨਾਲ ਸੰਪਰਕ 'ਚ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰਾਲਾ ਤੋਂ ਬੇਨਤੀ ਕੀਤੀ ਹੈ।
ਪ੍ਰੈੱਸ ਕਾਨਫਰੰਸ 'ਚ ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਾਏ ਜਾ ਰਹੇ ਅਤੇ 10 ਦਸੰਬਰ ਤਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ ਭਾਰਤੀ ਟੀਮ ਸਮੇਤ ਕੁਲ 9 ਟੀਮਾਂ- ਯੂ. ਐੱਸ. ਏ., ਆਸਟਰੇਲੀਆ, ਪਾਕਿਸਤਾਨ, ਇੰਗਲੈਂਡ, ਕੈਨੇਡਾ, ਸ਼੍ਰੀਲੰਕਾ, ਕੀਨੀਆ ਅਤੇ ਨਿਊਜ਼ੀਲੈਂਡ ਹਿੱਸਾ ਲੈਣਗੀਆਂ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਟੀਮ ਨੂੰ ਕਲੀਅਰੈਂਸ ਮਿਲ ਗਈ ਹੈ ਅਤੇ ਪਾਕਿਸਤਾਨੀ ਟੀਮ ਨੂੰ ਵੀ ਸਮਾਂ ਰਹਿੰਦੇ ਕਲੀਅਰੈਂਸ ਮਿਲਣ ਦੀ ਉਮੀਦ ਹੈ। ਟੂਰਨਾਮੈਂਟ ਦੀ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਨੇ ਦੱਸਿਆ ਕਿ ਟੂਰਨਾਮੈਂਟ ਦਾ ਉਦਘਾਟਨ ਪਹਿਲੀ ਦਸੰਬਰ ਨੂੰ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਸਟੇਡੀਅਮ 'ਚ ਸਵੇਰੇ 11 ਵਜੇ ਹੋਵੇਗਾ ਅਤੇ ਉਦਘਾਟਨ ਉਹ ਖੁਦ ਕਰਨਗੇ।
ਟੂਰਨਾਮੈਂਟ ਦੇ ਖਤਮ ਹੋਣ ਦਾ ਸਮਾਗਮ 10 ਦਸੰਬਰ ਨੂੰ ਦੁਪਹਿਰ 3 ਵਜੇ ਡੇਰਾ ਬਾਬਾ ਨਾਨਕ 'ਚ ਹੋਵੇਗਾ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਿਰਕਤ ਕਰਨਗੇ ਅਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 'ਚ ਜੇਤੂ ਟੀਮ ਨੂੰ 25 ਲੱਖ ਰੁਪਏ ਦਾ ਨਕਦ ਇਨਾਮ, ਉਪ ਜੇਤੂ ਟੀਮ ਨੂੰ 15 ਲੱਖ ਰੁਪਏ ਨਕਦ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੀ ਟੀਮ ਨੂੰ 10 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਇਹ ਕੌਮਾਂਤਰੀ ਕਬੱਡੀ ਟੂਰਨਾਮੈਂਟ 7 ਜ਼ਿਲਿਆਂ ਕਪੂਰਥਲਾ, ਅੰਮ੍ਰਿਤਸਰ, ਫਿਰੋਜ਼ਪੁਰ, ਬਠਿੰਡਾ, ਪਟਿਆਲਾ, ਰੂਪਨਗਰ ਅਤੇ ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ।