ਪੰਜਾਬ ਨੂੰ ਮਿਲਿਆ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ

Friday, Dec 21, 2018 - 07:24 PM (IST)

ਪੰਜਾਬ ਨੂੰ ਮਿਲਿਆ ਇਕ ਹੋਰ ਇੰਟਰਨੈਸ਼ਨਲ ਏਅਰਪੋਰਟ

ਲੁਧਿਆਣਾ : ਲੁਧਿਆਣਾ ਵਿਚ ਅੰਤਰਰਾਸ਼ਟਰੀ ਏਅਰਪੋਰਟ ਬਣਾਉਣ ਦਾ ਰਸਤਾ ਹੁਣ ਸਾਫ਼ ਹੋ ਗਿਆ ਹੈ। ਇਥੋਂ ਅਗਲੇ ਤਿੰਨ ਸਾਲਾਂ ਵਿਚ ਅੰਤਰਰਾਸ਼ਟਰੀ ਉੜਾਨਾਂ ਸ਼ੁਰੂ ਹੋਣ ਦੀ ਉਮੀਦ ਹੈ। ਹਲਵਾਰਾ ਸਥਿਤ ਏਅਰਫੋਰਸ ਸਟੇਸ਼ਨ ਵਿਚ ਸਿਵਲ ਇੰਟਰਰਨੈਸ਼ਨਲ ਟਰਮੀਨਲ ਸਥਾਪਿਤ ਕਰਨ ਲਈ ਪੰਜਾਬ ਸਰਕਾਰ ਨੇ ਵੀਰਵਾਰ ਨੂੰ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨਾਲ ਸਮਝੌਤਾ ਕੀਤਾ ਹੈ। ​ਪੰਜਾਬ ਵਲੋਂ ਸ਼ਹਿਰੀ ਏਵੀਏਸ਼ਨ ਸਕੱਤਰ ਤੇਜਵੀਰ ਸਿੰਘ ਅਤੇ ਏ. ਏ. ਆਈ. ਵਲੋਂ ਕਾਰਜਕਾਰੀ ਡਾਇਰੈਕਟਰ ਜੀ. ਡੀ. ਗੁਪਤਾ ਨੇ ਮੁੱਖ ਸਕੱਤਰ ਕਰਣ ਅਵਤਾਰ ਸਿੰਘ ਅਤੇ ਏ. ਏ. ਆਈ. ਚੇਅਰਮੈਨ ਗੁਰਪ੍ਰਸਾਦ ਮੋਹਾਪਾਤਰਾ ਦੀ ਹਾਜ਼ਰੀ ਵਿਚ ਦਸਤਖ਼ਤ ਕੀਤੇ। ਇਹ ਪ੍ਰੋਜੈਕਟ ਇਕ ਜੁਆਇੰਟ ਵੈਂਚਰ ਕੰਪਨੀ ਵਲੋਂ ਲਾਗੂ ਕੀਤਾ ਜਾਵੇਗਾ ਜਿਸ ਵਿਚ 51 ਫ਼ੀਸਦੀ ਹਿੱਸੇਦਾਰੀ ਏ. ਏ. ਆਈ. ਦੀ ਹੋਵੇਗੀ ਜਦਕਿ ਇਸ ਵਿਚ ਗ੍ਰੇਟਰ ਲੁਧਿਆਣਾ ਡਿਵੈਲਪਮੈਂਟ ਅਥਾਰਿਟੀ ਦਾ ਹਿੱਸਾ 49 ਫ਼ੀਸਦੀ ਹੋਵੇਗਾ।
​ਨਵਾਂ ਹਵਾਈ ਅੱਡਾ ਵਿਕਸਿਤ ਕਰਨ ਦਾ ਸਾਰਾ ਖ਼ਰਚ ਏ. ਏ. ਆਈ. ਵਲੋਂ ਕੀਤਾ ਜਾਵੇਗਾ। ਪੰਜਾਬ ਸਰਕਾਰ ਇਸ ਦੇ ਲਈ 135. 54 ਏਕੜ ਜ਼ਮੀਨ ਮੁਫਤ ਉਪਲੱਬਧ ਕਰਵਾਏਗੀ। ਇਸ ਨੂੰ ਚਲਾਉਣ ਅਤੇ ਪ੍ਰਬੰਧਨ ਦਾ ਖ਼ਰਚ ਜੇ. ਵੀ. ਸੀ. ਚੁਕੇਗੀ। ਸਰਕਾਰ ਨੂੰ ਉਮੀਦ ਹੈ ਕਿ ਅੰਤਰਰਾਸ਼ਟਰੀ ਸਿਵਲ ਇਨਕਲੇਵ ਦੇ ਪਹਿਲੇ ਪੜਾਅ ਦਾ ਕੰਮ ਹਵਾਈ ਜਹਾਜ਼ਾਂ ਦੀ ਕੋਡ 4-ਸੀ ਟਾਈਪ ਉਡਾਣਾਂ ਲਈ ਤਿੰਨ ਸਾਲ ਵਿਚ ਪੂਰਾ ਹੋ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੀ ਤਿੰਨ ਦਸੰਬਰ ਨੂੰ ਕੈਬਨਿਟ ਬੈਠਕ ਵਿਚ ਇਸ ਸੰਬੰਧੀ ਪ੍ਰਸਤਾਵ ਵੀ ਪਾਸ ਕੀਤਾ ਗਿਆ ਸੀ।


author

Gurminder Singh

Content Editor

Related News