ਧੁੰਦ ਕਾਰਨ ਟਰੇਨਾਂ ਦੇ ਲੇਟ ਆਉਣ ਦਾ ਸਿਲਸਿਲਾ ਜਾਰੀ, ਅੱਧੀ ਦਰਜਨ ਰੱਦ

Saturday, Jan 06, 2018 - 10:57 AM (IST)

ਜਲੰਧਰ (ਗੁਲਸ਼ਨ)— ਪੂਰੇ ਉੱਤਰ ਭਾਰਤ ਵਿਚ ਧੁੰਦ ਦਾ ਕਹਿਰ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ, ਜਿਸ ਦਾ ਸਿੱਧਾ ਅਸਰ ਰੇਲ ਆਵਾਜਾਈ 'ਤੇ ਪੈ ਰਿਹਾ ਹੈ। ਧੁੰਦ ਕਾਰਨ ਟਰੇਨਾਂ ਦੀ ਰਫਤਾਰ ਰੁਕ ਜਿਹੀ ਗਈ ਹੈ। ਕੋਈ ਵੀ ਟਰੇਨ ਆਪਣੇ ਮਿੱਥੇ ਸਮੇਂ 'ਤੇ ਨਾ ਹੀ ਆ ਰਹੀ ਹੈ ਅਤੇ ਨਾ ਹੀ ਜਾ ਰਹੀ ਹੈ, ਜਿਸ ਕਾਰਨ ਮੁਸਾਫਿਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਲੰਧਰ ਤੋਂ ਨਵੀਂ ਦਿੱਲੀ ਦਾ ਸਫਰ ਸ਼ਤਾਬਦੀ ਐਕਸਪ੍ਰੈੱਸ ਆਮ ਤੌਰ 'ਤੇ 5.30 ਘੰਟੇ ਵਿਚ ਤੈਅ ਕਰਦੀ ਹੈ ਪਰ ਧੁੰਦ ਕਾਰਨ 8 ਤੋਂ 10 ਘੰਟੇ ਵਿਚ ਪਹੁੰਚ ਰਹੀ ਹੈ। ਰੇਲਵੇ ਵਿਭਾਗ ਨੂੰ ਜ਼ਿਆਦਾ ਲੇਟ ਹੋ ਰਹੀਆਂ ਟਰੇਨਾਂ ਨੂੰ ਇਕ ਦਿਨ ਲਈ ਰੱਦ ਕਰਨਾ ਪੈ ਰਿਹਾ ਹੈ ਤਾਂ ਜੋ ਇਨ੍ਹਾਂ ਨੂੰ ਦੁਬਾਰਾ ਤੋਂ ਠੀਕ ਸਮੇਂ 'ਤੇ ਚਲਾਇਆ ਜਾ ਸਕੇ ਪਰ ਕੁਝ ਦਿਨਾਂ ਬਾਅਦ ਸਥਿਤੀ ਪਹਿਲਾਂ ਵਾਂਗ ਹੋ ਜਾਂਦੀ ਹੈ ਅਤੇ ਟਰੇਨਾਂ ਲੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।
ਇਸ ਦੀ ਸਭ ਤੋਂ ਵੱਧ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਝੱਲਣੀ ਪੈਂਦੀ ਹੈ, ਜਿਨ੍ਹਾਂ ਨੇ ਫਲਾਈਟ ਫੜਨੀ ਹੋਵੇ ਜਾਂ ਕੋਈ ਮੀਟਿੰਗ ਅਟੈਂਡ ਕਰਨੀ ਹੁੰਦੀ ਹੈ। ਟਰੇਨਾਂ ਦੀ ਵਿਗੜੀ ਸਮਾਂ ਸਾਰਨੀ ਕਾਰਨ ਲੋਕਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਬੀਤੀ ਰਾਤ ਵੀ ਜਲੰਧਰ ਆਉਣ ਵਾਲੀ ਸ਼ਤਾਬਦੀ ਸ਼ਾਮ 4.30 ਵਜੇ ਦੀ ਬਜਾਏ 7.30 ਵਜੇ ਚੱਲੀ ਤੇ ਦੇਰ ਰਾਤ 2.30 ਵਜੇ ਸਿਟੀ ਸਟੇਸ਼ਨ ਪਹੁੰਚੀ। 
ਉਥੇ ਹੀ ਸ਼ੁੱਕਰਵਾਰ ਅੰਮ੍ਰਿਤਸਰ-ਸਹਰਸਾ ਜਨਸੇਵਾ ਐਕਸਪ੍ਰੈੱਸ, ਅੰਮ੍ਰਿਤਸਰ-ਜੈਨਗਰ ਸ਼ਹੀਦ ਐਕਸਪ੍ਰੱੈਸ, ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈੱਸ, ਅੰਮ੍ਰਿਤਸਰ ਦਰਭੰਗਾ ਜਨਨਾਇਕ ਐਕਸਪ੍ਰੈੱਸ, ਜਲੰਧਰ-ਨਵੀਂ ਦਿੱਲੀ ਸੁਪਰ ਟਰੇਨਾਂ ਰੱਦ ਰਹੀਆਂ। ਇਨ੍ਹਾਂ ਤੋਂ ਇਲਾਵਾ ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈੱਸ, ਜੰਮੂ-ਤਵੀ-ਅਹਿਮਦਾਬਾਦ ਐਕਸਪ੍ਰੈੱਸ, ਕਟਿਹਾਰ ਐਕਸਪ੍ਰੈੱਸ, ਜੰਮੂ-ਤਵੀ-ਦੁਰਗ ਐਕਸਪ੍ਰੈੱਸ, ਸਵਰਾਜ ਐਕਸਪ੍ਰੈੱਸ, ਸੱਚਖੰਡ  ਐਕਸਪ੍ਰੈੱਸ, ਟਾਟਾ ਮੂਰੀ ਐਕਸਪ੍ਰੈੱਸ, ਜੇਹਲਮ ਐਕਸਪ੍ਰੈੱਸ, ਪੂਜਾ ਸੁਪਰਫਾਸਟ, ਹਾਵੜਾ ਐਕਸਪ੍ਰੈੱਸ, ਛੱਤੀਸਗੜ੍ਹ ਐਕਸਪ੍ਰੈੱਸ ਟਰੇਨਾਂ ਵੀ ਆਪਣੇ ਮਿਥੇ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਰਵਾਨਾ ਹੋਈਆਂ।
ਨਵੀ ਦਿੱਲੀ ਰੂਟ ਦੀਆਂ 4 ਟਰੇਨਾਂ 12 ਜਨਵਰੀ ਤੱਕ ਰੱਦ 
ਨਵੀ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ 13 ਅਤੇ ਵਾਸ਼ਏਬਲ ਐਪ੍ਰਨ ਦੀ ਰਿਪੇਅਰ ਦਾ ਕੰਮ ਚੱਲਣ ਕਾਰਨ ਰੇਲਵੇ ਇੰਜੀਨੀਅਰਿੰਗ ਵਿਭਾਗ ਵੱਲੋਂ 12 ਜਨਵਰੀ ਤੱਕ ਟ੍ਰੈਫਿਕ ਬਲਾਕ ਲਿਆ ਗਿਆ ਹੈ। ਜਿਸ ਕਾਰਨ ਵਿਭਾਗ ਨੇ ਨਵੀਂ ਦਿੱਲੀ ਰੂਟ ਦੀਆਂ 4 ਟਰੇਨਾਂ ਨੂੰ 12 ਜਨਵਰੀ ਤੱਕ ਰੱਦ ਕਰਨ ਦਾ ਫੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਟਰੇਨ ਨੰ. 14682/ 14681 ਜਲੰਧਰ ਸਿਟੀ-ਨਵੀਂ ਦਿੱਲੀ- ਜਲੰਧਰ ਸਿਟੀ ਐਕਸਪ੍ਰੈੱਸ ਅਤੇ ਟਰੇਨ ਨੰ. 12459/ 12560 ਨਵੀਂ ਦਿੱਲੀ- ਅੰਮ੍ਰਿਤਸਰ- ਨਵੀਂ ਦਿੱਲੀ ਐਕਸਪ੍ਰੈੱਸ ਟਰੈਫਿਕ ਬਲਾਕ ਕਾਰਨ ਰੱਦ ਰਹਿਣਗੀਆਂ। ਜ਼ਿਕਰਯੋਗ ਹੈ ਕਿ ਇਨ੍ਹਾਂ ਟਰੇਨਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਆਵੇਗੀ।


Related News