ਮੋਰਚੇ ਦੀ ਲਾਮਬੰਦੀ ਲਈ ਸੜਕਾਂ ''ਤੇ ਉਤਰੇ ਮਾਸੂਮ
Monday, Feb 19, 2018 - 07:04 AM (IST)

ਬਠਿੰਡਾ (ਬਲਵਿੰਦਰ)- ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿਚ ਸੰਘਰਸ਼ ਕਰ ਰਹੇ ਥਰਮਲ ਮੁਲਾਜ਼ਮਾਂ ਵੱਲੋਂ 19 ਫਰਵਰੀ ਨੂੰ ਕੀਤੇ ਜਾ ਰਹੇ ਵੱਡੇ ਐਕਸ਼ਨ ਦੀ ਲਾਮਬੰਦੀ ਲਈ ਐਤਵਾਰ ਨੂੰ ਮੁਲਾਜ਼ਮਾਂ ਦੇ ਮਾਸੂਮ ਬੱਚਿਆਂ ਨੇ ਸੜਕਾਂ 'ਤੇ ਉਤਰ ਕੇ ਰੋਸ ਮਾਰਚ ਕੀਤਾ। ਉਕਤ ਰੋਸ ਮਾਰਚ ਮਹਾਨਗਰ ਦੇ ਵੱਖ-ਵੱਖ ਹਿੱਸਿਆਂ 'ਚੋਂ ਗੁਜ਼ਰਿਆ, ਜਿਸ ਦੌਰਾਨ ਬੁਲਾਰਿਆਂ ਨੇ ਕੁਝ ਨੁੱਕੜ ਰੈਲੀਆਂ ਕਰ ਕੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਬੱਚਿਆਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰ ਕੇ ਗੁੱਸਾ ਕੱਢਿਆ।
ਇਸ ਮੌਕੇ ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ, ਕਮੇਟੀ ਮੈਂਬਰ ਅਸ਼ਵਨੀ ਕੁਮਾਰ, ਵਿਜੇ ਕੁਮਾਰ, ਗੁਰਵਿੰਦਰ ਸਿੰਘ ਪੁਨੂੰ ਆਦਿ ਨੇ ਦੱਸਿਆ ਕਿ ਸਰਕਾਰ ਆਪਣੇ ਸਾਰੇ ਵਾਅਦਿਆਂ ਤੋਂ ਭੱਜ ਰਹੀ ਹੈ। ਲੋਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਬੇਰੁਜ਼ਗਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਮਿੰਨੀ ਸੈਕਟਰੀਏਟ ਦੇ ਸਾਹਮਣੇ ਪ੍ਰਦਰਸ਼ਨ ਕਰਦੇ ਹੋਏ 49 ਦਿਨ ਬੀਤ ਚੁੱਕੇ ਹਨ ਪਰ ਸਰਕਾਰ ਨੇ ਉਨ੍ਹਾਂ ਦੀ ਕੋਈ ਸੁੱਧ ਨਹੀਂ ਲਈ।
ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਹਰ ਰੋਜ਼ ਵੱਖ-ਵੱਖ ਬਿਆਨਬਾਜ਼ੀ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਧਿਆਨ ਆਕਰਸ਼ਿਤ ਕਰਨ ਲਈ 19 ਫਰਵਰੀ ਨੂੰ ਬਠਿੰਡਾ ਵਿਚ ਵੱਡਾ ਐਕਸ਼ਨ ਕੀਤਾ ਜਾਵੇਗਾ। ਇਸ ਕਾਰਨ ਐਤਵਾਰ ਨੂੰ ਮਹਾਨਗਰ ਦੇ ਸੁੱਚਾ ਸਿੰਘ ਨਗਰ, ਗਣੇਸ਼ਾ ਬਸਤੀ ਅਤੇ ਹੋਰ ਮੁਹੱਲਿਆਂ ਵਿਚ ਰੋਸ ਮਾਰਚ ਕੀਤਾ ਜਾਵੇਗਾ। ਇਸ ਮੌਕੇ ਕ੍ਰਿਪਾਲ ਸਿੰਘ ਮੱਲੀ, ਸਤਵੀਰ ਸਿੰਘ, ਰਾਮਬਰਨ ਆਦਿ ਵੀ ਹਾਜ਼ਰ ਸਨ।