ਫਿਰ ਸ਼ਰਮਸਾਰ ਹੋਈ ਇਨਸਾਨੀਅਤ, ਹਾਦਸੇ ''ਚ ਜ਼ਖਮੀ ਤੜਫਦੀ ਰਹੀ ਅਧਿਆਪਕ ਪਰ ਕਿਸੇ ਨੇ ਨਾ ਕੀਤੀ ਮਦਦ
Monday, Aug 21, 2017 - 08:14 PM (IST)

ਖੰਨਾ (ਸੁਨੀਲ)-ਨੈਸ਼ਨਲ ਹਾਈਵੇ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਪ੍ਰਾਈਵੇਟ ਸਕੂਲ ਦੀ ਅਧਿਆਪਕਾ ਦੇ ਗੰਭੀਰ ਰੂਪ 'ਚ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ। ਮਿਲੀ ਜਾਣਕਾਰੀ ਮੁਤਾਬਿਕ ਅਮਨਦੀਪ ਕੌਰ ਗਿੱਲ ਵਾਸੀ ਅਮਲੋਹ ਰੋਡ ਖੰਨਾ ਜੋ ਕਿ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਆ ਰਹੀ ਸੀ ਤਾਂ ਉਸਦਾ ਮੋਬਾਇਲ ਸਕੂਲ 'ਚ ਰਹਿ ਜਾਣ ਕਾਰਨ ਉਹ ਵਾਪਸ ਆਪਣੇ ਸਕੂਲ ਵੱਲ ਨੂੰ ਜਾ ਰਹੀ ਸੀ ਤਾਂ ਜਿਵੇਂ ਹੀ ਉਪਰੋਕਤ ਥਾਂ 'ਤੇ ਪੁੱਜੀ ਤਾਂ ਇਕ ਟਰੱਕ ਚਾਲਕ ਨੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਉਸਨੂੰ ਪਿੱਛੋਂ ਟੱਕਰ ਮਾਰਦੇ ਹੋਏ ਆਪਣੀ ਲਪੇਟ 'ਚ ਲੈ ਲਿਆ। ਸਿੱਟੇ ਵਜੋਂ ਮਹਿਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਈ। ਇਸ ਦੌਰਾਨ ਉਕਤ ਟਰੱਕ ਚਾਲਕ ਆਪਣਾ ਵਾਹਨ ਛੱਡਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦੌਰਾਨ 108 ਨੂੰ ਘਟਨਾ ਦੀ ਜਾਣਕਾਰੀ ਦੇਣ ਦੇ ਮਗਰੋਂ ਵੀ ਐਂਬੂਲੈਂਸ ਸਮੇਂ ਸਿਰ ਨਾ ਪੁੱਜੀ ਤੇ ਮਹਿਲਾ ਘਟਨਾ ਸਥਾਨ 'ਤੇ ਕਾਫੀ ਦੇਰ ਤੜਫ਼ਦੀ ਰਹੀ। ਇਕ ਰਾਹਗੀਰ ਨੇ ਆਪਣੀ ਗੱਡੀ 'ਚ ਜ਼ਖਮੀ ਮਹਿਲਾ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ। ਡਾਕਟਰਾਂ ਮੁਤਾਬਿਕ ਮਹਿਲਾ ਦੇ ਪੱਟ ਅਤੇ ਬਾਹ ਬੁਰੀ ਤਰ੍ਹਾਂ ਫੱਟੜ ਹੋ ਗਈ ਹੈ। ਮਹਿਲਾ ਨੂੰ ਇਲਾਜ ਦੇ ਲਈ ਪੀ. ਜੀ. ਆਈ. ਚੰਡੀਗੜ੍ਹ ਦੇ ਲਈ ਰੈਫਰ ਕਰ ਦਿੱਤਾ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਘਟਨਾ ਵਾਲੀ ਥਾਂ 'ਤੇ ਪੁੱਜਦੇ ਹੋਏ ਟਰੱਕ ਨੂੰ ਆਪਣੇ ਕਬਜ਼ੇ 'ਚ ਲੈਂਕੇ ਜਾਂਚ ਸ਼ੁਰੂ ਕਰ ਦਿੱਤੀ ਹੈ।