ਕੰਮ ਤੋਂ ਪਰਤੇ ਰਹੇ ਨੌਜਵਾਨ ਨੂੰ ਜ਼ਖਮੀ ਕਰ ਕੇ ਲੁੱਟਿਆ
Wednesday, Jun 27, 2018 - 05:51 AM (IST)
ਨਡਾਲਾ, (ਰਜਿੰਦਰ)- ਬੀਤੀ ਰਾਤ ਨਡਾਲਾ ਤੋਂ ਸੁਭਾਨਪੁਰ ਰੋਡ 'ਤੇ ਕੰਮ ਤੋਂ ਪਰਤ ਰਹੇ ਨੌਜਵਾਨ 'ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਹਮਲਾ ਕਰ ਕੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਸਾਬੀ ਪੁੱਤਰ ਲੱਖਾ ਰਾਮ ਵਾਸੀ ਪਿੰਡ ਬਹਿਲੋਲਪੁਰ ਨੇ ਦੱਸਿਆ ਕਿ ਬੇਗੋਵਾਲ ਤੋਂ ਕੇਬਲ ਦੀ ਉਗਰਾਹੀ ਕਰ ਕੇ ਮੈਂ ਮੋਟਰਸਾਈਕਲ ਰਾਹੀ ਆਪਣੇ ਪਿੰਡ ਆ ਰਿਹਾ ਸੀ, ਜਦੋਂ ਮੈਂ ਵੈਡਿੰਗ ਵਿਲਾ ਰਿਜ਼ੋਰਟ ਨੇੜੇ ਪੁੱਜਾ ਤਾਂ ਪਲਸਰ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਝਪਟ ਮਾਰ ਕੇ ਮੇਰੀ ਸੋਨੇ ਦੀ ਚੇਨ ਲਾਹ ਲਈ। ਜਿਸ ਉਪਰੰਤ ਇਨ੍ਹਾਂ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਮੈਨੂੰ ਜ਼ਖਮੀ ਕਰ ਦਿੱਤਾ ਅਤੇ ਮੇਰੇ ਕੋਲੋਂ ਪੰਜ ਹਜ਼ਾਰ ਰੁਪਏ ਦੀ ਨਕਦੀ, ਇਕ ਸੋਨੇ ਦਾ ਕੜਾ ਤੇ 2 ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਦੂਜੇ ਪਾਸੇ ਲੁੱਟ-ਖੋਹ ਦੀ ਵਾਰਦਾਤ ਦਾ ਪਤਾ ਲੱਗਣ 'ਤੇ ਪੁਲਸ ਚੌਕੀ ਨਡਾਲਾ ਦੇ ਇੰਚਾਰਜ ਏ. ਐੱਸ. ਆਈ. ਪਾਲ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪੁੱਜੇ। ਇਸ ਸਬੰਧ ਵਿਚ ਐੱਸ. ਐੱਚ. ਓ. ਸੁਭਾਨਪੁਰ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
