ਗੰਭੀਰ ਬਿਮਾਰੀ ਦੀ ਲਪੇਟ 'ਚ 30 ਸਾਲਾ ਨੌਜਵਾਨ, ਲੱਖਾਂ ਦਾ ਇੰਜੈਕਸ਼ਨ ਦੇ ਸਕਦੈ ਨਵੀਂ ਜ਼ਿੰਦਗੀ

Sunday, Nov 13, 2022 - 10:21 PM (IST)

ਗੰਭੀਰ ਬਿਮਾਰੀ ਦੀ ਲਪੇਟ 'ਚ 30 ਸਾਲਾ ਨੌਜਵਾਨ, ਲੱਖਾਂ ਦਾ ਇੰਜੈਕਸ਼ਨ ਦੇ ਸਕਦੈ ਨਵੀਂ ਜ਼ਿੰਦਗੀ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਕਰੀਬ 5 ਸਾਲ ਤੋਂ ਗੰਭੀਰ ਬਿਮਾਰੀ ਨਾਲ ਜੂਝ ਰਹੇ ਸ੍ਰੀ ਮੁਕਤਸਰ ਸਾਹਿਬ ਦੇ 30 ਸਾਲਾ ਨੌਜਵਾਨ ਰਾਹੁਲ ਦੇ ਇਲਾਜ 'ਤੇ ਖਰਚ ਹੋਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਵਿਗੜੀ ਹੋਈ ਹੈ। ਕਰੀਬ ਸਾਢੇ 4 ਸਾਲ ਪਹਿਲਾਂ ਬੀ. ਟੈੱਕ. ਪਾਸ ਇਹ ਨੌਜਵਾਨ ਨੌਕਰੀ ਨਾ ਮਿਲਣ ਦੇ ਚੱਲਦਿਆਂ ਖੁਦ ਦਾ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਇਕ ਦਿਨ ਕੰਮ 'ਤੇ ਹੀ ਅਚਾਨਕ ਬਿਮਾਰ ਹੋ ਗਿਆ ਤਾਂ ਉਸ ਦਿਨ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

ਇਹ ਵੀ ਪੜ੍ਹੋ : UK 'ਚ ਵਿਸ਼ਵ ਜੰਗਾਂ ਵਿੱਚ ਸ਼ਹੀਦ ਹੋਏ ਸਮੂਹ ਫ਼ੌਜੀਆਂ ਦੀ ਯਾਦ 'ਚ ਸਮਾਗਮ ਆਯੋਜਿਤ, ਦੇਖੋ ਤਸਵੀਰਾਂ

ਅੱਜ ਇਹ ਨੌਜਵਾਨ ਕਰੀਬ ਸਾਢੇ 4 ਸਾਲ ਤੋਂ ਹਰ ਮਹੀਨੇ ਖੂਨ ਦੇ ਇਕ ਤੋਂ ਦੋ ਯੂਨਿਟ ਲਵਾ ਰਿਹਾ ਹੈ ਅਤੇ ਸਰੀਰਕ ਪੱਖੋਂ ਕਮਜ਼ੋਰ ਹੋ ਚੁੱਕਾ ਹੈ। ਵੱਖ-ਵੱਖ ਥਾਵਾਂ ਤੋਂ ਚੱਲੇ ਇਲਾਜ ਉਪਰੰਤ ਆਖਿਰ ਪੀ.ਜੀ.ਆਈ. ਜਾ ਕੇ ਪਰਿਵਾਰ ਨੂੰ ਇਹ ਪਤਾ ਲੱਗਾ ਕਿ ਇਸ ਨੌਜਵਾਨ ਨੂੰ ਪਲਾਸਟਿਕ ਅਨੀਮੀਆ ਨਾਂ ਦੀ ਬਿਮਾਰੀ ਹੈ। ਇਸ ਬਿਮਾਰੀ ਵਿਚ ਨਾ ਤਾਂ ਪੀੜਤ ਦਾ ਆਪਣਾ ਖੂਨ ਬਣਦਾ ਹੈ ਅਤੇ ਨਾ ਹੀ ਪਲੇਟਲੈੱਟਸ ਬਣਦੇ ਹਨ। ਵਿਅਕਤੀ ਨੂੰ ਦੂਸਰੇ ਖੂਨ ਦੇ ਸਹਾਰੇ ਹੀ ਜੀਣਾ ਪੈਂਦਾ ਹੈ। ਬੀਤੇ ਕਾਫ਼ੀ ਸਮੇਂ ਤੋਂ ਇਸ ਬਿਮਾਰੀ ਨਾਲ ਪੀੜਤ ਹੋਣ ਕਾਰਨ ਰਾਹੁਲ ਦੀ ਬੋਨ ਮੈਰੋ ਬਿਲਕੁਲ ਕੰਮ ਕਰਨਾ ਬੰਦ ਕਰ ਗਈ ਹੈ।

ਇਹ ਵੀ ਪੜ੍ਹੋ : ਇਟਲੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਵਿਸ਼ਾਲ ਸਮਾਗਮ

ਛੋਟਾ ਭਰਾ ਸਾਹਿਲ ਦੱਸਦਾ ਹੈ ਕਿ ਉਹ ਪੀ.ਜੀ.ਆਈ. ਦੇ ਡਾਕਟਰਾਂ ਦੀ ਸਲਾਹ ਨਾਲ ਬੋਨ ਮੈਰੋ ਟਰਾਂਸਪਲਾਟ ਲਈ ਖੁਦ ਤਿਆਰ ਹੋਇਆ ਪਰ ਜਦ ਟੈਸਟ ਕੀਤੇ ਗਏ ਤਾਂ ਉਨ੍ਹਾਂ ਦੀ ਬੋਨ ਮੈਰੋ ਸਿਰਫ਼ 50 ਫ਼ੀਸਦੀ ਹੀ ਮੈਚ ਹੋਈ, ਜਿਸ ਕਾਰਨ ਟਰਾਂਸਪਲਾਂਟ ਨਹੀਂ ਹੋ ਸਕੀ। ਸਾਹਿਲ ਅਨੁਸਾਰ ਹੁਣ ਇਸ ਦਾ ਇਕ ਹੀ ਇਲਾਜ ਹੈ ਅਤੇ ਉਹ ਇਲਾਜ ਹੈ ਯੂ.ਐੱਸ.ਏ. ਤੋਂ ਆਉਣ ਵਾਲੀ ਏ.ਟੀ.ਜੀ. ਇੰਜੈਕਸ਼ਨ ਕਿੱਟ, ਜਿਸ ਦੀ ਕੀਮਤ 5 ਤੋਂ 7 ਲੱਖ ਰੁਪਏ ਹੈ। ਸਾਹਿਲ ਅਨੁਸਾਰ ਬੀਤੇ ਕਰੀਬ 5 ਸਾਲ ਤੋਂ ਇਸ ਬਿਮਾਰੀ ਨਾਲ ਜੂਝਣ ਕਾਰਨ ਘਰ ਦੇ ਆਰਥਿਕ ਹਾਲਾਤ ਬਹੁਤ ਕਮਜ਼ੋਰ ਹੋ ਗਏ ਹਨ। ਜੋ ਪੈਸਾ ਸੀ ਉਹ ਬੀਤੇ ਸਮੇਂ 'ਚ ਬਿਮਾਰੀ 'ਤੇ ਹੀ ਲੱਗ ਗਿਆ।

ਇਹ ਵੀ ਪੜ੍ਹੋ : ਸਕਾਟਲੈਂਡ: ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਧੂਮਧਾਮ ਨਾਲ ਮਨਾਇਆ ਗੁਰਪੁਰਬ

ਰਾਹੁਲ ਨੂੰ ਤਾਂ ਬਿਮਾਰੀ ਨੇ ਘਰ ਬਿਠਾਇਆ ਹੀ ਪਰ ਨਾਲ ਹੀ ਰਾਹੁਲ ਦੇ ਇਲਾਜ ਅਤੇ ਸਾਂਭ-ਸੰਭਾਲ ਲਈ ਬੀਤੇ ਕਰੀਬ 1 ਸਾਲ ਤੋਂ ਸਾਹਿਲ ਨੂੰ ਵੀ ਆਪਣੀ ਐੱਮ.ਆਰ. ਦੀ ਨੌਕਰੀ ਛੱਡਣੀ ਪਈ। ਹੁਣ ਪੀ.ਜੀ.ਆਈ. ਦੇ ਡਾਕਟਰਾਂ ਨੇ 20 ਦਿਨ ਦਾ ਸਮਾਂ ਦਿੱਤਾ ਹੈ ਅਤੇ ਪਰਿਵਾਰ ਨੇ ਸਰਕਾਰੀ, ਗੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਰਾਹੁਲ ਦੇ ਏ.ਟੀ.ਜੀ. ਕਿੱਟ ਦੇ ਇੰਜੈਕਸ਼ਨ ਲਵਾਏ ਜਾ ਸਕਣ ਅਤੇ ਉਹ ਆਪਣੀ ਜ਼ਿੰਦਗੀ ਜੀਅ ਸਕੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News