ਦਿੱਲੀ ’ਚ ਨੌਜਵਾਨ ਕੁੜੀ ’ਤੇ ਅਣਮਨੁੱਖੀ ਤਸ਼ੱਦਦ ਸਮਾਜ ਦੇ ਮੱਥੇ ’ਤੇ ਕਲੰਕ: ਐਡਵੋਕੇਟ ਧਾਮੀ

Monday, Jan 31, 2022 - 01:23 PM (IST)

ਦਿੱਲੀ ’ਚ ਨੌਜਵਾਨ ਕੁੜੀ ’ਤੇ ਅਣਮਨੁੱਖੀ ਤਸ਼ੱਦਦ ਸਮਾਜ ਦੇ ਮੱਥੇ ’ਤੇ ਕਲੰਕ: ਐਡਵੋਕੇਟ ਧਾਮੀ

ਅੰਮ੍ਰਿਤਸਰ(ਬਿਊਰੋ): ਦਿੱਲੀ ’ਚ ਨੌਜਵਾਨ ਕੁੜੀ ਨਾਲ ਕੀਤਾ ਗਿਆ ਅਣ-ਮਨੁੱਖੀ ਤਸ਼ੱਦਦ ਜ਼ੁਲਮ ਦੀ ਸਿਖ਼ਰ ਹੈ ਅਤੇ ਇਹ ਤਸ਼ੱਦਦ ਸਮਾਜ ਦੇ ਮੱਥੇ ’ਤੇ ਕਲੰਕ ਹੈ।ਇਸ ਤਸ਼ੱਦਦ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਿਸੇ ਮਨੁੱਖ ਨੂੰ ਜਲੀਲ ਕਰਨਾ ਮਾਨਵੀ ਕਦਰਾਂ-ਕੀਮਤਾਂ ਦੇ ਬਿਲਕੁਲ ਵਿਰੁੱਧ ਹੈ, ਜਿਸ ਦੀ ਸ਼੍ਰੋਮਣੀ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ। ਐਡਵੋਕੇਟ ਧਾਮੀ ਨੇ ਦਿੱਲੀ ਵਿਚ ਵਾਪਰੀ ਇਸ ਮੰਦਭਾਗੀ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਇਕ ਬੇਵੱਸ ਅਤੇ ਇਕੱਲੀ ਕੁੜੀ ’ਤੇ ਸਮੂਹਕ ਰੂਪ ਵਿਚ ਜ਼ੁਲਮ ਕੀਤਾ ਗਿਆ ਅਤੇ ਹੋਰ ਵੀ ਅਫ਼ਸੋਸਨਾਕ ਹੈ ਕਿ ਇਸ ਵਿਚ ਔਰਤਾਂ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ: ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ

ਉਨ੍ਹਾਂ ਕਿਹਾ ਕਿ ਕੇਸ ਕੱਟਣ ਅਤੇ ਮੂੰਹ ਕਾਲਾ ਕਰਨ ਦੀ ਜੋ ਮਨੁੱਖਤਾ ਤੋਂ ਗਿਰੀ ਹੋਈ ਹਰਕਤ ਦੋਸ਼ੀਆਂ ਨੇ ਕੀਤੀ ਹੈ, ਇਹ ਸਮਾਜ ਦੇ ਮੂੰਹ ’ਤੇ ਕਲੰਕ ਤੋਂ ਘੱਟ ਨਹੀਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਕਿਸੇ ਵੀ ਹਾਲਤ ਵਿਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ ਅਤੇ ਇਕ-ਇਕ ਦੋਸ਼ੀ ਦੀ ਪਛਾਣ ਕਰਕੇ ਹਰ ਇਕ ਨੂੰ ਉਦਾਹਰਣ ਪੇਸ਼ ਕਰਦੀ ਕਰੜੀ ਸਜ਼ਾ ਦਿੱਤੀ ਜਾਵੇ। ਜੇਕਰ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ ਤਾਂ ਅਜਿਹੇ ਲੋਕਾਂ ਦੇ ਹੌਂਸਲੇ ਹੋਰ ਵਧਣਗੇ, ਜੋ ਸਮਾਜ ਲਈ ਘਾਤਕ ਹਨ। ਐਡਵੋਕੇਟ ਧਾਮੀ ਨੇ ਆਖਿਆ ਕਿ ਇਸ ਮਾਮਲੇ ਦੀ ਸਰਕਾਰਾਂ ਵੱਲੋਂ ਹਰ ਪਹਿਲੂ ’ਤੇ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਮਾਮਲੇ ਦੀ ਪੜਤਾਲ ਲਈ ਦਿੱਲੀ ਸਿੱਖ ਮਿਸ਼ਨ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀ ਜੋ ਵੀ ਰਿਪੋਰਟ ਦੇਣਗੇ ਉਸ ਅਨੁਸਾਰ ਅਗਲੀ ਕਾਰਵਾਈ ਕਰਾਂਗੇ।

ਇਹ ਵੀ ਪੜ੍ਹੋ : ਪੰਜਾਬ ਚੋਣਾਂ ਦੀ ਸਰਵੇ ਰਿਪੋਰਟ ਸਬੰਧੀ ‘ਮੁਸ਼ਕਲ’ ’ਚ ਭਾਜਪਾ, ਜੁਟੀ ਡੈਮੇਜ ਕੰਟਰੋਲ ’ਚ

ਜਾਣੋ ਕੀ ਹੈ ਪੂਰਾ ਮਾਮਲਾ
ਪੁਲਸ ਮੁਤਾਬਕ ਕੁੜੀ ਨਾਲ ਕੁਝ ਲੋਕਾਂ ਦੀ ਪੁਰਾਣੀ ਦੁਸ਼ਮਣੀ ਸੀ, ਇਸ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੀੜਿਤ ਕੁੜੀ ਵਿਆਹੁਤਾ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ। ਪੀੜਿਤ ਦੀ ਭੈਣ ਮੁਤਾਬਕ ਉਨ੍ਹਾਂ ਦੇ ਘਰ ਦੇ ਪਿੱਛੇ ਗੁਆਂਢ ’ਚ ਰਹਿਣ ਵਾਲਾ ਇਕ ਮੁੰਡਾ ਅਕਸਰ ਪੀੜਤਾ ਨਾਲ ਗੱਲ ਕਰਨਾ ਚਾਹੁੰਦਾ ਸੀ, ਉਸ ਮੁੰਡੇ ਨੇ 12 ਨਵੰਬਰ ਨੂੰ ਖ਼ੁਦਕੁਸ਼ੀ ਕਰ ਲਈ ਸੀ। ਮੁੰਡੇ ਦੇ ਪਰਿਵਾਰ ਵਾਲਿਆਂ ਨੂੰ ਲੱਗਦਾ ਸੀ ਕਿ ਖ਼ੁਦਕੁਸ਼ੀ ਦਾ ਕਾਰਨ ਉਹ ਕੁੜੀ ਹੈ। ਵਿਵੇਕ ਵਿਹਾਰ ’ਚ ਰਹਿਣ ਵਾਲੀ ਇਸ ਕੁੜੀ ਦੇ ਵਾਲ ਕੱਟ ਕੇ ਚਿਹਰੇ ’ਤੇ ਕਾਲਿਖ਼ ਲਗਾਈ ਗਈ ਅਤੇ ਗਲ਼ 'ਚ ਜੁੱਤੀਆਂ ਦਾ ਹਾਰ ਪਾ ਕੇ ਗਲੀਆਂ ’ਚ ਘੁਮਾਇਆ ਗਿਆ। ਕੁੜੀ ਦੀ ਛੋਟੀ ਭੈਣ ਦੀ ਸ਼ਿਕਾਇਤ ਦੇ ਬਾਅਦ ਪੁੱਜੀ ਪੁਲਸ ਨੇ ਉਸ ਨੂੰ ਬਚਾਇਆ। ਪੁਲਸ ਨੇ ਇਸ ਮਾਮਲੇ ’ਚ ਗੈਂਗਰੇਪ ਦਾ ਮੁਕੱਦਮਾ ਦਰਜ ਕਰਕੇ ਚਾਰ ਜਨਾਨੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।

ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News