ਸਹੁਰਾ ਪਰਿਵਾਰ ਤੋਂ ਦੁਖੀ ਵਿਆਹੁਤਾ ਨੇ ਲਿਆ ਫਾਹਾ

02/26/2018 5:36:55 AM

ਅੰਮ੍ਰਿਤਸਰ,  (ਅਰੁਣ)-  ਹਰੀਪੁਰਾ ਇਲਾਕੇ 'ਚ ਇਕ ਵਿਆਹੁਤਾ ਦੀ ਭੇਤਭਰੀ ਹਾਲਤ 'ਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਲੜਕੀ ਦੀ ਮੌਤ ਦਾ ਜ਼ਿੰਮੇਵਾਰ ਉਸ ਦੇ ਸਹੁਰਾ ਪਰਿਵਾਰ ਨੂੰ ਠਹਿਰਾਇਆ ਹੈ। ਲੜਕੀ ਦੇ ਵਾਰਿਸਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਲੜਕੀ ਦੀ ਮੌਤ ਦੀ ਖ਼ਬਰ ਦਿੱਤੇ ਬਿਨਾਂ ਹੀ ਉਸ ਦਾ ਸਹੁਰਾ ਪਰਿਵਾਰ ਸਸਕਾਰ ਕਰਨ ਦੀ ਤਿਆਰੀ 'ਚ ਸੀ, ਜਦਕਿ ਰਾਸ਼ਟਰਵਾਦੀ ਸ਼ਿਵ ਸੈਨਾ (ਪੰਜਾਬ) ਦੀ ਮਦਦ ਨਾਲ ਉਨ੍ਹਾਂ ਦੀ ਇਸ ਕਾਰਵਾਈ ਨੂੰ ਰੋਕਿਆ ਗਿਆ।
ਗੁਰੂ ਨਾਨਕਪੁਰਾ ਵਾਸੀ ਲੜਕੀ ਦੇ ਭਰਾ ਅਰਜੁਨ ਕੁਮਾਰ ਪੁੱਤਰ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਮਧੂ ਦਾ ਵਿਆਹ ਕਰੀਬ 7 ਸਾਲ ਪਹਿਲਾਂ ਹਰੀਪੁਰਾ ਵਾਸੀ ਸੰਦੀਪ ਨਾਲ ਹੋਇਆ ਸੀ। ਮਧੂ ਦਾ ਸਹੁਰਾ ਪਰਿਵਾਰ ਅਕਸਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ। ਮਧੂ ਦੀ ਮੌਤ ਦੀ ਖ਼ਬਰ ਵੀ ਉਨ੍ਹਾਂ ਨੂੰ ਨਹੀਂ ਦੱਸੀ ਗਈ, ਜਦਕਿ ਉਸ ਦਾ ਸਹੁਰਾ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ 'ਚ ਸੀ।
ਰਾਸ਼ਟਰਵਾਦੀ ਸ਼ਿਵ ਸੈਨਾ ਦੇ ਵਰਕਰਾਂ ਨੇ ਲਾਇਆ ਰੋਸ ਧਰਨਾ 
ਰਾਸ਼ਟਰਵਾਦੀ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸਚਿਨ ਬਹਿਲ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਭਰਾ ਅਰਜੁਨ ਕੁਮਾਰ ਸ਼ਿਵ ਸੈਨਾ ਵਰਕਰ ਹੈ, ਘਟਨਾ ਦੀ ਸੂਚਨਾ ਮਿਲਦਿਆਂ ਹੀ ਸ਼ਿਵ ਸੈਨਿਕ ਮੌਕੇ 'ਤੇ ਪੁੱਜ ਗਏ, ਜਿਨ੍ਹਾਂ ਨੂੰ ਦੇਖਦਿਆਂ ਸਹੁਰਾ ਪਰਿਵਾਰ ਲਾਸ਼ ਨੂੰ ਛੱਡ ਕੇ ਮੌਕੇ ਤੋਂ ਇਧਰ-ਉਧਰ ਹੋ ਗਿਆ। ਪੁਲਸ ਨੂੰ ਇਤਲਾਹ ਕੀਤੇ ਜਾਣ 'ਤੇ ਵੀ ਕੋਈ ਠੋਸ ਕਾਰਵਾਈ ਨਾ ਹੁੰਦੀ ਦੇਖ ਕੇ ਸ਼ਿਵ ਸੈਨਿਕਾਂ ਵੱਲੋਂ ਨਵਾਂ ਕੋਟ ਖੇਤਰ 'ਚ ਧਰਨਾ ਲਾਇਆ ਗਿਆ, ਜਿਸ ਤੋਂ ਬਾਅਦ ਏ. ਸੀ. ਪੀ. ਸੈਂਟਰਲ ਨਰਿੰਦਰ ਸਿੰਘ ਅਤੇ ਥਾਣਾ ਇਸਲਾਮਾਬਾਦ ਮੁਖੀ ਇੰਸਪੈਕਟਰ ਇਕਬਾਲ ਸਿੰਘ ਸਮੇਤ ਪੁਲਸ ਪਾਰਟੀ ਮੌਕੇ 'ਤੇ ਪੁੱਜੀ।
ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ : ਏ. ਸੀ. ਪੀ. ਸੈਂਟਰਲ 
ਏ. ਸੀ. ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਮਧੂ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਲਾਸ਼ ਨੂੰ ਮੁਰਦਾਘਰ ਵਿਖੇ ਰੱਖ ਦਿੱਤਾ ਗਿਆ ਹੈ। ਸੋਮਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਲੜਕੀ ਦੇ ਭਰਾ ਅਰਜੁਨ ਕੁਮਾਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਕੁਮਾਰ, ਸਹੁਰਾ ਅਸ਼ੋਕ ਕੁਮਾਰ, ਦਿਓਰ ਦੀਪੂ, ਕਰਨ, ਰਿਸ਼ੀ ਤੇ ਸੀਮਾਵਤੀ ਤੋਂ ਇਲਾਵਾ ਲੀਲਾਵਤੀ ਖਿਲਾਫ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ।


Related News