ਉਦਯੋਗਪਤੀਆਂ, ਵਪਾਰੀਆਂ ਨੂੰ ਧਰਨੇ ਲਾਉਣ ਦੀ ਲੋੜ ਨਹੀ, ਹਰ ਮੁਸ਼ਕਲ ਦਾ ਕਰਾਂਗੇ ਨਿਪਟਾਰਾ- ਸੋਨੀ
Sunday, Sep 26, 2021 - 05:04 PM (IST)
ਅੰਮ੍ਰਿਤਸਰ (ਬਿਊਰੋ)- ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਸਾਡੀ ਸਰਕਾਰ ਵਚਨਬੱਧ ਹੈ ਅਤੇ ਹੁਣ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਧਰਨੇ ਲਾਉਣ ਦੀ ਕੋਈ ਲੋੜ ਨਹੀ ਪਵੇਗੀ ਸਰਕਾਰ ਇੰਨ੍ਹਾਂ ਦੀਆਂ ਹਰ ਮੁਸ਼ਕਲਾਂ ਦਾ ਨਿਪਟਾਰਾ ਮਿੱਥੇ ਸਮੇ ਦੇ ਅੰਦਰ ਅੰਦਰ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਪੰਜਾਬ ਨੇ ਅੰਮ੍ਰਿਤਸਰ ਟਰੇਡ ਐਸੋਸੀਏਸ਼ਨ ਦੀ 10ਵੀ ਵਰ੍ਹੇਗੰਢ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ’ਤੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਵਪਾਰੀਆਂ ਨੂੰ ਇਕੋ ਹੀ ਛੱਤ ਥੱਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਉਨ੍ਹਾਂ ਨੂੰ ਵੱਖ ਵੱਖ ਦਫ਼ਤਰਾਂ ਦੇ ਚੱਕਰ ਨਹੀ ਕੱਟਣੇ ਪੈਣਗੇ। ਸ਼੍ਰੀ ਸੋਨੀ ਨੇ ਕਿਹਾ ਕਿ ਹਰੇਕ ਵਰਗ ਲਈ ਪਿਛਲਾ ਡੇਢ ਸਾਲ ਕੋਰੋਨਾ ਮਹਾਮਾਰੀ ਕਰਕੇ ਚਣੌਤੀ ਭਰਿਆ ਰਿਹਾ ਹੈ ਪਰ ਸਾਡੀ ਸਰਕਾਰ ਨੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਦਾ ਮੁਫ਼ਤ ਇਲਾਜ ਕੀਤਾ ਹੈ ਅਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀ ਵੰਡ ਵੀ ਕੀਤੀ ਹੈ। ਸ਼੍ਰੀ ਸੋਨੀ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਇਸ ਮਹਾਮਾਰੀ ਦੌਰਾਨ ਇਨ੍ਹਾਂ ਵਲੋਂ ਵੀ ਲੋੜਵੰਦ ਲੋਕਾਂ ਦੀ ਵੱਧ ਤੋ ਵੱਧ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋੜਵੰਦ ਲੋਕਾਂ ਦੀ ਪੈਨਸ਼ਨ ’ਚ ਵਾਧਾ ਕੀਤਾ ਗਿਆ ਹੈ ਜੋ ਹੁਣ ਹਰੇਕ ਲਾਭਪਾਤਰੀ ਨੂੰ 1500 ਰੁਪਏ ਪ੍ਰਤੀ ਮਹੀਨਾ ਮਿਲ ਰਹੀ ਹੈ।
ਉਪ ਮੁੱਖ ਮੰਤਰੀ ਪੰਜਾਬ ਸ਼੍ਰੀ ਸੋਨੀ ਨੇ ਟਰੇਡ ਐਸੋਸੀਏਸ਼ਨ ਦੇ ਮੈਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਹੀ ਟੈਕਸਾਂ ਤੋ ਸਰਕਾਰਾਂ ਚੱਲਦੀਆਂ ਹਨ ਅਤੇ ਸਰਕਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਤੁਹਾਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਸ੍ਰੀ ਸੋਨੀ ਨੇ ਕਿਹਾ ਕਿ ਪਿਛਲੇ ਸਾਢੇ ਸਾਲਾਂ ਦੌਰਾਨ ਸਾਡੀ ਸਰਕਾਰ ਨੇ ਚੋਣਾਂ ਦੌਰਾਨ ਜੋ ਵਾਅਦੇ ਕੀਤੇ ਸਨ ਉਹ ਕਾਫ਼ੀ ਹਦ ਤੱਕ ਪੂਰੇ ਕਰ ਲਏ ਗਏ ਹਨ ਅਤੇ ਬਾਕੀ ਰਹਿੰਦੇ ਵਾਅਦੇ ਆਉਂਦੇ ਚਾਰ ਮਹੀਨਿਆਂ ’ਚ ਪੂਰੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ 2022 ’ਚ ਸਾਡੀ ਸਰਕਾਰ ਚੋਣਾਂ ਜਿੱਤ ਕੇ ਫਿਰ ਸੱਤਾ ’ਚ ਆਵੇਗੀ ਅਤੇ ਪੰਜਾਬ ਦੇ ਭਲੇ ਲਈ ਕੰਮ ਕਰੇਗੀ। ਇਸ ਮੌਕੇ ਸ੍ਰੀ ਸੋਨੀ ਨੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਸਵਰਗੀ ਅੰਮ੍ਰਿਤ ਲਾਲ ਜੈਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੰਜਾਬ ਨੂੰ ਬਹੁਤ ਵੱਡੀ ਦੇਣ ਰਹੀ ਹੈ ਅਤੇ ਉਨ੍ਹਾਂ ਵੱਲੋਂ ਹਮੇਸ਼ਾਂ ਹੀ ਪੰਜਾਬ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਇਆ ਗਿਆ ਹੈ।
ਇਸ ਮੌਕੇ ਅੰਮ੍ਰਿਤਸਰ ਟਰੇਡ ਐਸੋਸੀੲੈਸ਼ਨ ਦੇ ਪ੍ਰਧਾਨ ਸ੍ਰੀ ਅਨਿਲ ਕਪੂਰ, ਹੀਰਾ ਲਾਲ, ਸ੍ਰੀ ਮੁਨੀਸ਼ ਜੈਨ ਨੇ ਸ੍ਰੀ ਸੋਨੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਬੋਲਦਿਆਂ ਅੰਮ੍ਰਿਤਸਰ ਟਰੇਡ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਨਿਲ ਕਪੂਰ ਨੇ ਕਿਹਾ ਕਿ ਮਾਝੇ ਲਈ ਇਹ ਮਾਣ ਦੀ ਗੱਲ ਹੈ ਕਿ ਇਕ ਇਮਾਨਦਾਰ, ਸੂਝਵਾਨ ਸ੍ਰੀ ਸੋਨੀ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਇਸ ਮੌਕੇ ਸ੍ਰੀ ਕਪੂਰ ਵੱਲੋਂ ਅੰਮ੍ਰਿਤਸਰ ਟਰੇਡ ਐਸੋਸੀਏਸ਼ਨ ਨੂੰ ਆਉਂਦੀਆਂ ਮੁਸ਼ਕਲਾਂ ਬਾਰੇ ਵੀ ਜਾਣੂੰ ਵੀ ਕਰਵਾਇਆ ਗਿਆ ਜਿਸ ਤੇ ਸ੍ਰੀ ਸੋਨੀ ਨੇ ਕਿਹਾ ਕਿ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕਰਾਂਗੇ। ਇਸ ਮੌਕੇ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਮਹਾਮੰਤਰੀ ਸ੍ਰੀ ਸਮੀਰ ਜੈਨ ਨੇ ਸ੍ਰੀ ਸੋਨੀ ਦੇ ਧਿਆਨ ’ਚ ਲਿਆਂਦਾ ਕਿ ਕੇਂਦਰ ਸਰਕਾਰ ਵੱਲੋਂ ਕੁਝ ਵਸਤਾਂ ਤੇ ਜੀ.ਐਸ.ਟੀ ਵਧਾ ਦਿੱਤੀ ਗਈ ਹੈ ਜਿਸ ਕਰਕੇ ਵਸਤਾਂ ਦੀਆਂ ਕੀਮਤਾਂ ਵੱਧਣ ਨਾਲ ਇਸ ਦਾ ਸਿੱਧਾ ਅਸਰ ਮਹਿੰਗਾਈ ’ਤੇ ਪਵੇਗਾ। ਸ਼੍ਰੀ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਧਿਆਨ ’ਚ ਲਿਆਵੇ ਕਿ ਵਧੀਆਂ ਹੋਈਆਂ ਦਰਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕੱਪੜੇ ’ਤੇ ਟੈਕਸ 5 ਫੀਸਦੀ ਤੋਂ ਵਧਾ ਕੇ 15 ਫੀਸਦੀ, ਗੱਤੇ ਦੇ ਡੱਬਿਆਂ ਅਤੇ ਪੈਨਾਂ ’ਤੇ 12 ਤੋਂ ਵਧਾ ਕੇ 18 ਫੀਸਦੀ ਜੀ.ਐਸ.ਟੀ ਕਰ ਦਿੱਤੀ ਗਈ ਹੈ, ਜਿਸ ਨਾਲ ਪੈਨਾਂ ਦੀਆਂ ਕੀਮਤਾਂ ’ਚ ਵੀ ਵਾਧਾ ਹੋਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਮੁੱਧਲ, ਪੰਜਾਬ ਡਿਸਟਰੀਬਿਊਟਰ ਵੈਲਫੇਅਰ ਦੇ ਮਹਾਂਸਚਿਵ ਆਰ:ਐਸ:ਟਾਰਜਨ, ਆਲ ਇੰਡੀਆ ਕੰਨਜਿਊਮਰ ਦੇ ਸ੍ਰੀ ਵਿਜੈ ਨਰਾਇਣ, ਸ੍ਰੀ ਦਿਨੇਸ਼ ਆਹੂਜਾ, ਸ੍ਰੀ ਅੰਮ੍ਰਿਤਪਾਲ ਵਿੱਕੀ, ਸ੍ਰੀ ਕੋਸ਼ਲ ਗੰਭੀਰ, ਸ੍ਰੀ ਅਵਿਨਾਸ਼ ਸ਼ਰਮਾ, ਸ੍ਰੀ ਸੰਜੈ ਕਪੂਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੇਡ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।