ਤਰਨਤਾਰਨ ਜ਼ਿਲ੍ਹੇ ’ਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਏਰੀਏ ''ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ

Friday, Nov 13, 2020 - 02:38 AM (IST)

ਤਰਨਤਾਰਨ, (ਰਾਜੂ, ਵਾਲੀਆ)- ਤਰਨਤਾਰਨ ਜ਼ਿਲ੍ਹੇ ਵਿਚ ਭਾਰਤ-ਪਾਕਿਸਤਾਨ ਬਾਰਡਰ ’ਤੇ ਕੰਡਿਆਲੀ ਤਾਰ ਲੱਗੀ ਹੋਣ ਦੇ ਬਾਵਜੂਦ ਵੀ ਘੁਸਪੈਠ ਅਤੇ ਸਮਗਲਿੰਗ ਦੀਆਂ ਘਟਨਾਵਾਂ ਜਾਰੀ ਹਨ। ਇਸ ਲਈ ਤਰਨਤਾਰਨ ਜ਼ਿਲ੍ਹੇ ਵਿਚ ਬਾਰਡਰ ਨਾਲ ਲੱਗਦੇ ਪੈਂਦੇ 5 ਥਾਣਿਆਂ ਸਰਾਏ ਅਮਾਨਤ ਖਾਂ, ਖਾਲਡ਼ਾ, ਖੇਮਕਰਨ, ਵਲਟੋਹਾ ਅਤੇ ਸਦਰ ਪੱਟੀ ਨਾਲ ਲੱਗਦੇ 102 ਕਿਲੋਮੀਟਰ ਏਰੀਏ ਵਿਚ ਪ੍ਰਸ਼ਾਸਨ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਤਰਨਤਾਰਨ ਦੇ ਐੱਸ. ਐੱਸ. ਪੀ. ਧਰੂਮਨ ਐੱਚ ਨਿੰਬਾਲੇ (ਆਈ. ਪੀ. ਐੱਸ.) ਨੇ ਦੱਸਿਆ ਕਿ ਫਿਲਹਾਲ ਬਾਰਡਰ ’ਤੇ ਕੰਟਰੋਲ ਕਰਨ ਲਈ ਬੀ. ਐੱਸ. ਐੱਫ. ਦੀਆਂ 3 ਬਟਾਲੀਅਨਾਂ ਦੇ ਅਮਰਕੋਟ, ਭਿੱਖੀਵਿੰਡ ਅਤੇ ਖੇਮਕਰਨ ਵਿਚ 3 ਹੈੱਡ ਕੁਆਰਟਰ ਹਨ ਅਤੇ ਇਸ ਤੋਂ ਇਲਾਵਾ ਥਾਣਾ ਵਲਟੋਹਾ ਦੇ ਇਲਾਕੇ ਵਿਚ ਆਉਂਦੇ ਬਾਰਡਰ ਏਰੀਏ ਵਿਚ ਬੀ. ਐੱਸ. ਐੱਫ. ਫਿਰੋਜ਼ਪੁਰ ਕਵਰ ਕਰਦੀ ਹੈ।

ਉਨ੍ਹਾਂ ਦੱਸਿਆ ਕਿ ਭਾਰਤ ਪਾਕਿਸਤਾਨ ਬਾਰਡਰ ’ਤੇ ਕੰਡਿਆਲੀ ਤਾਰ ਲੱਗਣ ਦੇ ਬਾਵਜੂਦ ਘੁਸਪੈਠ ਅਤੇ ਸਮਗਲਿੰਗ ਦੀਆਂ ਕਾਰਵਾਈਆਂ ਨਿਰੰਤਰ ਜਾਰੀ ਹਨ ਅਤੇ ਹੁਣ ਇਨ੍ਹਾਂ ਨੂੰ ਕੰਟਰੋਲ ਕਰਨ ਲਈ ਬਾਰਡਰ ਤੋਂ ਥੋਡ਼੍ਹਾ ਪਿੱਛੇ ਸੈਕੰਡ ਲਾਈਨ ਆਫ ਡਿਫੈਂਸ ’ਤੇ ਨੌਸ਼ਹਿਰਾ ਢਾਲਾ, ਛੀਨਾ ਬਿਧੀ ਚੰਦ, ਯੂ. ਬੀ. ਡੀ. ਸੀ. ਖਾਲਡ਼ਾ, ਠੱਠੀ ਜੈਮਲ ਸਿੰਘ, ਕਲਸ, ਮਹਿੰਦੀਪੁਰ, ਮੁੱਠਿਆਂਵਾਲਾ ਵਿਚ ਪੱਕੇ ਤੌਰ ’ਤੇ 7 ਨਾਕੇ ਲਗਾਏ ਹੋਏ ਹਨ ਅਤੇ ਹੁਣ ਘੁਸਪੈਠ ਅਤੇ ਸਮਗਲਿੰਗ ਦੀਆਂ ਘਟਨਾਵਾਂ ’ਤੇ ਪੂਰੀ ਤਰ੍ਹਾਂ ਕਾਬੂ ਪਾਉਣ ਲਈ ਬਾਰਡਰ ਦੇ ਨਾਲ ਲੱਗਦੀ ਡਿਫੈਂਸ ਡਰੇਨ ’ਤੇ 22 ਥਾਵਾਂ (ਪੁਲਾਂ) ਦੀ ਸ਼ਨਾਖਤ ਕਰਕੇ 24 ਘੰਟੇ ਪੱਕੇ ਨਾਕੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਨਾਕਾ ਪੁਆਇੰਟਾਂ ਨੂੰ ਹੋਰ ਕਾਰਗਰ ਬਣਾਉਣ ਅਤੇ ਅੱਤਵਾਦੀਆਂ, ਸਮਗਲਰਾਂ ਅਤੇ ਭੈਡ਼ੇ ਅਨਸਰਾਂ ਦੀਆਂ ਲੁਕਵੀਆਂ ਗਤੀਵਿਧੀਆਂ ’ਤੇ ਨਿਗਰਾਨੀ ਰੱਖਣ ਲਈ ਅਤਿ ਆਧੁਨਿਕ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ। ਜੋ ਬਾਰਡਰ ਏਰੀਏ ਵਿਚ ਆਉਣ ਵਾਲੇ ਵਿਅਕਤੀਆਂ ’ਤੇ ਦਿਨ-ਰਾਤ ਨਿਗਰਾਨੀ ਰੱਖਣਗੇ ਅਤੇ ਉਨ੍ਹਾਂ ਦੀਆਂ ਸ਼ੱਕੀ ਗਤੀਵਿਧੀਆਂ ਬਾਰੇ ਵੀ ਸ਼ਨਾਖਤ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਸੀ. ਸੀ. ਟੀ. ਵੀ. ਕੈਮਰੇ ਰਾਤ ਦੇ ਹਨੇਰੇ ਵਿਚ ਵੀ ਪੂਰੀ ਤਰ੍ਹਾਂ ਕੰਮ ਕਰਨ ਦੇ ਸਮਰੱਥ ਹਨ ਅਤੇ ਇਕ ਮਹੀਨੇ ਦਾ ਪਿਛਲਾ ਡਾਟਾ ਵੀ ਰਿਕਾਰਡ ਰੱਖ ਸਕਦੇ ਹਨ। ਇਨ੍ਹਾਂ ਨਾਕਾ ਪੁਆਇੰਟਾਂ ’ਤੇ 24 ਘੰਟੇ ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਚੁਸਤ-ਦਰੁਸਤ ਰਹਿ ਕੇ ਡਿਊਟੀ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਕਰਮਚਾਰੀਆਂ ਨੂੰ ਸਬੰਧਿਤ ਐੱਸ. ਐੱਚ. ਓ., ਹਲਕਾ ਨਿਗਰਾਨ ਅਫਸਰ ਅਤੇ ਜ਼ਿਲਾ ਹੈੱਡ ਕੁਆਰਟਰ ’ਤੇ ਤਾਇਨਾਤ ਗਜ਼ਟਿਡ ਅਫਸਰਾਂ ਵੱਲੋਂ ਸਮੇਂ ਸਮੇਂ ’ਤੇ ਚੈੱਕ ਕੀਤਾ ਜਾਵੇਗਾ।


Bharat Thapa

Content Editor

Related News