ਓਮਾਨ 'ਚ ਫਸੇ ਭਾਰਤੀ ਮਜ਼ਦੂਰਾਂ ਨੇ PM ਮੋਦੀ ਤੋਂ ਮੰਗੀ ਮਦਦ

02/21/2020 8:54:00 PM

ਨਵੀਂ ਦਿੱਲੀ-ਮਸਕਟ - ਓਮਾਨ ਦੇ ਸੰਕਟ ਵਿਚ ਫਸੇ 30 ਭਾਰਤੀ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਹੈ। ਇਨ੍ਹਾਂ ਤਮਾਮ ਮਜ਼ਦੂਰਾਂ ਦਾ ਆਖਣਾ ਹੈ ਕਿ ਉਹ ਵਾਪਸ ਭਾਰਤ ਆਉਣਾ ਚਾਹੁੰਦੇ ਹਨ, ਪ੍ਰਧਾਨ ਮੰਤਰੀ ਜੀ ਸਾਡੀ ਘਰ ਵਾਪਸੀ ਵਿਚ ਮਦਦ ਕਰੋ। ਇਨ੍ਹਾਂ ਲੋਕਾਂ ਦਾ ਦੋਸ਼ ਹੈ ਕਿ ਇਥੇ ਜਿਸ ਕੰਪਨੀ ਵਿਚ ਇਹ ਲੋਕ ਕੰਮ ਕਰਦੇ ਸਨ, ਉਥੋਂ ਇਨ੍ਹਾਂ ਨੂੰ ਪਿਛਲੇ 6 ਮਹੀਨਿਆਂ ਤੋਂ ਤਨਖਾਹ ਅਤੇ ਬਕਾਇਆ ਰਾਸ਼ੀ ਨਹੀਂ ਮਿਲੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਹ ਲੋਕ ਵਾਪਸ ਆਪਣੇ ਘਰ ਵੀ ਨਹੀਂ ਆ ਪਾ ਰਹੇ ਹਨ। ਇਸ ਕਾਰਨ ਇਨ੍ਹਾਂ ਤਮਾਮ ਭਾਰਤੀ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੀ ਘਰ ਵਾਪਸੀ ਵਿਚ ਮਦਦ ਕਰਨ।

 

ਉਥੇ ਓਮਾਨ ਸਥਿਤ ਭਾਰਤੀ ਦੂਤਘਰ ਦਾ ਆਖਣਾ ਹੈ ਕਿ ਇਹ ਮਾਮਲਾ ਹਾਲ ਹੀ ਵਿਚ ਸਾਡੇ ਸਾਹਮਣੇ ਆਇਆ ਹੈ, ਅਸੀਂ ਇਨ੍ਹਾਂ ਮਜ਼ਦੂਰਾਂ ਦੇ ਸੰਪਰਕ ਵਿਚ ਹਾਂ। ਇਸ ਤੋਂ ਇਲਾਵਾ ਅਸੀਂ ਓਮਾਨ ਦੇ ਪ੍ਰਸ਼ਾਸਨ ਦੇ ਵੀ ਸੰਪਰਕ ਵਿਚ ਹਾਂ ਅਤੇ ਇਸ ਮਾਮਲੇ ਵਿਚ ਕਾਨੂੰਨੀ ਸਲਾਹ ਲੈ ਰਹੇ ਹਾਂ। ਅਸੀਂ ਇਨ੍ਹਾਂ ਲੋਕਾਂ ਦੀ ਸਮੱਸਿਆ ਦਾ ਹੱਲ ਕੱਢਣ ਵਿਚ ਜਿਹਡ਼ੀ ਵੀ ਲੋਡ਼ੀਂਦੀ ਮਦਦ ਹੋਵੇ ਤਾਂ ਉਸ ਨੂੰ ਜ਼ਰੂਰ ਮੁਹੱਈਅ ਕਰਾਵਾਂਗੇ। ਦੱਸ ਦਈਏ ਕਿ ਇਹ ਤਮਾਮ ਮਜ਼ਦੂਰ, ਝਾਰਖੰਡ, ਤਮਿਲਨਾਡੂ ਅਤੇ ਕੇਰਲ ਦੇ ਦੱਸੇ ਜਾ ਰਹੇ ਹਨ। ਇਸ ਤੋਂ ਪਹਿਲਾਂ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਟਵਿੱਟਰ 'ਤੇ ਇਨ੍ਹਾਂ ਮਜ਼ਦੂਰਾਂ ਦੀ ਘਰ ਵਾਪਸੀ ਲਈ ਵਿਦੇਸ਼ ਮੰਤਰੀ ਨੂੰ ਟਵੀਟ ਕਰ ਮਦਦ ਦੀ ਗੁਹਾਰ ਲਾਈ ਸੀ। ਨਾਲ ਹੀ ਇਨ੍ਹਾਂ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੀ ਕੰਪਨੀ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਸੀ।

ਇਨ੍ਹਾਂ ਤਮਾਮ ਮਜ਼ਦੂਰਾਂ ਨੇ ਫੋਨ ਕਰਕੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਹ ਸਾਰੇ ਮਜ਼ਦੂਰ ਰੁਜ਼ਗਾਰ ਦੀ ਭਾਲ ਵਿਚ ਓਮਾਨ ਗਏ ਸਨ। ਇਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜਿਸ ਕੰਪਨੀ ਵਿਚ ਇਹ ਲੋਕ ਕੰਮ ਕਰਦੇ ਸਨ, ਉਥੋਂ ਇਨ੍ਹਾਂ ਨੂੰ 7 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ, ਨਾਲ ਹੀ ਇਨ੍ਹਾਂ ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ 24 ਘੰਟਿਆਂ ਵਿਚ ਇਕ ਵਾਰ ਖਾਣਾ ਦਿੱਤਾ ਜਾਂਦਾ ਹੈ। ਜਦ ਵੀ ਇਹ ਲੋਕ ਤਨਖਾਹ ਮੰਗਦੇ ਹਨ, ਇਨ੍ਹਾਂ ਨੂੰ ਧਮਕੀ ਦਿੱਤੀ ਜਾਂਦੀ ਹੈ। ਇਹ ਮਜ਼ਦੂਰ ਸਾਲ 2017 ਵਿਚ ਓਮਾਨ ਗਏ ਸਨ।


Khushdeep Jassi

Content Editor

Related News