ਲੜਕੀਆਂ ਕਾਰੋਬਾਰ ''ਚ ਅੱਗੇ ਆਉਣ, ਸਫਲਤਾ ਮਿਲੇਗੀ: ਕਾਮਨਾ ਰਾਜ

Thursday, Mar 08, 2018 - 11:09 AM (IST)

ਜਲੰਧਰ (ਧਵਨ)— ਸਫਲ ਮਹਿਲਾ ਉਦਯੋਗਪਤੀ ਅਤੇ ਸੀ. ਆਈ. ਆਈ./ਇੰਡੀਅਨ ਵੂਮੈਨਜ਼ ਨੈੱਟਵਰਕ ਉੱਤਰ ਭਾਰਤ ਦੀ ਚੇਅਰਪਰਸਨ ਕਾਮਨਾ ਰਾਜ ਅਗਰਵਾਲ ਨੇ ਕਿਹਾ ਕਿ ਲੜਕੀਆਂ ਨੂੰ ਕਾਰੋਬਾਰ ਦੀ ਦੁਨੀਆ ਵਿਚ ਵੱਧ-ਚੜ੍ਹ ਕੇ ਕਦਮ ਰੱਖਣੇ ਹੋਣਗੇ ਅਤੇ ਸਫਲਤਾ ਉਨ੍ਹਾਂ ਦੇ ਪੈਰ ਚੁੰਮੇਗੀ। ਮਹਿਲਾ ਦਿਵਸ ਨੂੰ ਧਿਆਨ ਵਿਚ ਰੱਖਦਿਆਂ ਸੀ. ਆਈ. ਆਈ./ਇੰਡੀਅਨ ਵੂਮੈਨਜ਼ ਨੈੱਟਵਰਕ ਨੇ ਆਈ. ਐੱਸ. ਬੀ. ਮੋਹਾਲੀ ਨਾਲ ਮਿਲ ਕੇ ਪਛਾਣ ਯਾਤਰਾ 6 ਮਾਰਚ ਨੂੰ ਸ਼ੁਰੂ ਕੀਤੀ ਸੀ, ਜਿਸ ਵਿਚ 23 ਜਵਾਨ ਸੰਭਾਵਿਤ ਮਹਿਲਾ ਉਦਯੋਗਪਤੀਆਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ 'ਚੋਂ 11 ਲੜਕੀਆਂ ਪੰਜਾਬ ਨਾਲ ਸਬੰਧਤ ਸਨ। ਬਾਕੀ ਲੜਕੀਆਂ ਦੱਖਣੀ ਭਾਰਤ ਤੋਂ ਆਈਆਂ ਸਨ। ਇਨ੍ਹਾਂ ਲੜਕੀਆਂ ਨੂੰ ਵੱਖ-ਵੱਖ ਉਦਯੋਗਾਂ ਅਤੇ ਫੈਕਟਰੀਆਂ 'ਚ ਜਾ ਕੇ ਉਨ੍ਹਾਂ ਵਿਚ ਮਹਿਲਾ ਉਦਯੋਗਪਤੀ ਬਣਨ ਦਾ ਜਜ਼ਬਾ ਪੈਦਾ ਕੀਤਾ ਜਾ ਰਿਹਾ ਹੈ। ਇਨ੍ਹਾਂ ਲੜਕੀਆਂ ਨੂੰ ਜਲੰਧਰ ਤੋਂ ਇਲਾਵਾ ਅੰਮ੍ਰਿਤਸਰ ਅਤੇ ਲੁਧਿਆਣਾ ਦੇ ਉਦਯੋਗਾਂ ਵਿਚ ਵੀ ਲਿਜਾਇਆ ਜਾਵੇਗਾ। 

PunjabKesari
ਇਹ ਲੜਕੀਆਂ ਬੁੱਧਵਾਰ ਦੁਪਹਿਰ ਧੋਗੜੀ ਪਿੰਡ ਸਥਿਤ ਜੀ. ਡੀ. ਪੀ. ਏ. ਫਾਸਟਨਰਸ ਫੈਕਟਰੀਆਂ ਵਿਚ ਗਈਆਂ, ਜਿੱਥੇ ਉਨ੍ਹਾਂ ਡਾਇਰੈਕਟਰ ਕਾਮਨਾ ਰਾਜ ਅਗਰਵਾਲ ਨਾਲ ਗੱਲਬਾਤ ਕੀਤੀ। ਇਨ੍ਹਾਂ ਲੜਕੀਆਂ ਨੇ ਜੀ. ਐੱਨ. ਏ. ਯੂਨੀਵਰਸਿਟੀ ਦਾ ਦੌਰਾ ਕੀਤਾ ਅਤੇ ਗੁਰਦੀਪ ਸਿੰਘ ਨਾਲ ਮੁਲਾਕਾਤ ਵੀ ਕੀਤੀ। ਕਾਮਨਾ ਰਾਜ ਅਗਰਵਾਲ ਨੇ ਕਿਹਾ ਕਿ ਸੀ. ਆਈ. ਆਈ. ਵੱਲੋਂ ਹਰ ਸਾਲ ਲੜਕੀਆਂ ਅੰਦਰ ਕਾਰੋਬਾਰ 'ਚ ਅੱਗੇ ਆਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੀਆਂ ਨੂੰ ਆਪਣੇ ਅੰਦਰ ਦਲੇਰੀ ਪੈਦਾ ਕਰਨ ਦੀ ਲੋੜ ਹੈ ਤਾਂ ਹੀ ਉਹ ਵਿਸ਼ਵ ਮੁਕਾਬਲੇ ਦਾ ਸਾਹਮਣਾ ਕਰ ਸਕਣੀਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੁੜੀਆਂ ਵਿਚ ਕਾਰੋਬਾਰ ਆਉਣ ਦਾ ਜਜ਼ਬਾ ਬਹੁਤ ਘੱਟ ਦੇਖਿਆ ਗਿਆ ਹੈ। ਇਸ ਲਈ ਦੱਖਣ ਭਾਰਤ ਦੇ ਮੁਕਾਬਲੇ ਉੱਤਰ ਭਾਰਤ 'ਚ ਲੜਕੀਆਂ 'ਚ ਜਜ਼ਬਾ ਪੈਦਾ ਕਰਨ ਦੀ ਲੋੜ ਹੈ।ਕਾਮਨਾ ਰਾਜ ਅਗਰਵਾਲ ਕੋਲੋਂ ਲੜਕੀਆਂ ਨੇ ਪੁੱਛਿਆ ਕਿ ਉਨ੍ਹਾਂ ਦੀ ਸਫਲਤਾ ਦਾ ਰਾਜ ਕੀ ਹੈ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜੇਕਰ ਲੜਕੀਆਂ ਦਾ ਇਰਾਦਾ ਦ੍ਰਿੜ੍ਹ ਹੋਵੇ ਅਤੇ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਸਫਲਤਾ ਜ਼ਰੂਰ ਉਨ੍ਹਾਂ ਦੇ ਪੈਰ ਚੁੰਮੇਗੀ। ਉਨ੍ਹਾਂ ਕਿਹਾ ਕਿ ਸਿਰਫ ਇਕ ਦਲ ਦੇ ਦੌਰੇ ਨਾਲ ਲੜਕੀਆਂ ਵਿਚ ਜਾਗਰੂਕਤਾ ਆਉਣ ਵਾਲੀ ਨਹੀਂ, ਇਸ ਲਈ ਲਗਾਤਾਰ ਉਪਰਾਲੇ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਦਲ 'ਚ ਸ਼ਾਮਲ 23 ਲੜਕੀਆਂ ਮੈਨੇਜਮੈਂਟ, ਇੰਜੀਨੀਅਰਿੰਗ ਅਤੇ ਹੋਰ ਕੋਰਸ ਕਰ ਰਹੀਆਂ ਹਨ। ਜਦੋਂ ਉਹ ਆਪਣੀਆਂ ਸਿੱਖਿਆ ਸੰਸਥਾਵਾਂ ਵਿਚ ਵਾਪਸ ਜਾਣਗੀਆਂ ਤਾਂ ਫਿਰ ਉਹ ਵੱਖ-ਵੱਖ ਉਦਯੋਗਿਕ ਸੰਸਥਾਵਾਂ ਵਿਚ ਮਿਲੇ ਤਜਰਬੇ ਨੂੰ ਹੋਰ ਲੜਕੀਆਂ ਨਾਲ ਸਾਂਝਾ ਕਰਨਗੀਆਂ। ਇਸ ਨਾਲ ਲੜਕੀਆਂ ਅੰਦਰ ਜਾਗਰੂਕਤਾ ਪੈਦਾ ਕਰਨ ਵਾਲੀ ਲਹਿਰ ਬਣ ਜਾਵੇਗੀ। ਇਸ ਦਾ ਅਸਰ ਹੋਰ ਲੜਕੀਆਂ 'ਤੇ ਵੀ ਪਵੇਗਾ।
ਕਾਮਨਾ ਰਾਜ ਨੇ ਕਿਹਾ ਕਿ ਲੜਕੀਆਂ ਨੂੰ ਘਰ ਵਿਚ ਬੰਦ ਹੋ ਕੇ ਨਹੀਂ ਰਹਿਣਾ ਚਾਹੀਦਾ, ਸਗੋਂ ਸੁਨਹਿਰੀ ਭਵਿੱਖ ਉਨ੍ਹਾਂ ਦੀ ਉਡੀਕ ਕਰ ਰਿਹਾ ਹੈ। ਇਨ੍ਹਾਂ ਲੜਕੀਆਂ ਨੇ ਬਾਅਦ ਵਿਚ ਏ. ਡੀ. ਸੀ. ਪੀ. ਦੀਪਿਕਾ ਸਿੰਘ ਨਾਲ ਮਿਲ ਕੇ ਉਨ੍ਹਾਂ ਦੇ ਵਿਚਾਰ ਜਾਣੇ। ਉਨ੍ਹਾਂ ਮਿਡਲੈਂਡ ਬੈਂਕ ਵਲੋਂ ਸੰਚਾਲਿਤ ਵੱਖ-ਵੱਖ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਜੋ ਪਿੰਡ ਵਿਚ ਚੰਗਾ ਕਾਰੋਬਾਰ ਕਰ ਰਹੇ ਹਨ। ਆਈ. ਐੱਸ. ਬੀ. ਨਾਲ ਜੁੜੇ ਕੁਮਾਰਾ ਗੁਰੂ ਸੋਮਿਆ ਸਿੰਧਬਾਨੀ, ਰੀਮਾ ਗੁਪਤਾ, ਜੋਨ ਬਾਂਸਲਤੇ ਸੀ. ਆਈ. ਆਈ.-ਆਈ. ਡਬਲਯੂ. ਐੱਨ. ਪ੍ਰਮੁੱਖ ਸੁਮਨਪ੍ਰੀਤ ਸਿੰਘ ਨੇ ਮਹੱਤਵਪੂਰਨ ਸੁਝਾਅ ਇਨ੍ਹਾਂ ਲੜਕੀਆਂ ਨੂੰ ਦਿੱਤੇ।


Related News