ਪੰਜਾਬ ''ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵੇਗੀ ਭਾਜਪਾ: ਤਰੁਣ ਚੁੱਘ

Wednesday, Jun 03, 2026 - 01:12 PM (IST)

ਪੰਜਾਬ ''ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਵੇਗੀ ਭਾਜਪਾ: ਤਰੁਣ ਚੁੱਘ

ਚੰਡੀਗੜ੍ਹ (ਵੈੱਬ ਡੈਸਕ): ਅੱਜ ਪੰਜਾਬ ਭਾਜਪਾ ਦੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੱਲੋਂ ਅਹੁਦਾ ਸੰਭਾਲਿਆ ਗਿਆ। ਇਸ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸਭ ਤੋਂ ਪਹਿਲਾਂ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਰਹੇ ਅਸ਼ਵਨੀ ਸ਼ਰਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦਾ ਸਮਾਂ ਪੰਜਾਬ ਵਿਚ ਭਾਜਪਾ ਲਈ ਇਕ ਨਵੀਂ ਪੁਲਾਂਘ ਵਾਲਾ ਰਿਹਾ, ਜਿਨ੍ਹਾਂ ਨੇ ਬੜੀ ਬਾਖੂਬੀ ਪਾਰਟੀ ਦੀ ਗੱਲ ਲੋਕਾਂ ਦੇ ਦਿਲਾਂ ਤਕ ਪਹੁੰਚਾਈ ਤੇ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਪਾਰਟੀ ਦੀ ਮੌਜੂਦਗੀ ਪ੍ਰਮੁਖਤਾ ਨਾਲ ਦਰਜ ਕਰਵਾਈ। 

ਇਸ ਦੇ ਨਾਲ ਹੀ ਉਨ੍ਹਾਂ ਨੇ ਨਵ-ਨਿਯੁਕਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਜਰਨੈਲ ਚੁਣ ਲਿਆ ਹੈ ਤੇ ਉਨ੍ਹਾਂ ਦੀ ਅਗਵਾਈ ਵਿਚ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਹਤ ਤੇ ਸਿੱਖਿਆ ਕ੍ਰਾਂਤੀ ਦੇ ਨਾਂ 'ਤੇ ਪੰਜਾਬੀਆਂ ਨਾਲ ਧੋਖਾ ਕੀਤਾ ਅਤੇ ਪੰਜਾਬ ਨੂੰ ਲੁੱਟ ਲਿਆ। ਅੱਜ ਭਾਜਪਾ ਚੰਡੀਗੜ੍ਹ ਤੋਂ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਸ ਸਰਕਾਰ ਦੇ ਜਾਣ ਦਾ ਬਿਗੁਲ ਵਜਾ ਰਹੀ ਹੈ। 

ਤਰੁਣ ਚੁੱਘ ਨੇ ਪੰਜਾਬ ਵਿਚ ਹੋਏ ਗ੍ਰਨੇਡ ਹਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਅੱਜ ਪੰਜਾਬ ਵਿਚ ਪੁਲਸ ਹੀ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕ ਕਿੱਥੇ ਸੁਰੱਖਿਅਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੱਜ ਡਰ ਦੇ ਮਾਹੌਲ ਵਿਚ ਹੈ, ਭਾਰਤੀ ਜਨਤਾ ਪਾਰਟੀ ਇਸ ਡਰ ਦੇ ਮਾਹੌਲ ਨੂੰ ਖ਼ਤਮ ਕਰੇਗੀ। ਚੁੱਘ ਨੇ ਕਿਹਾ ਕਿ ਪੰਜਾਬ ਵਿਚ 'ਯੁੱਧ ਨਸ਼ਿਆਂ ਵਿਰੁੱਧ'  2 ਵਾਰ ਫ਼ੇਲ੍ਹ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਵਲ ਢਿੱਲੋਂ ਦੀ ਲੀਡਰਸ਼ਿਪ ਵਿਚ ਪੂਰੀ ਪਾਰਟੀ ਇਕ ਆਵਾਜ਼ ਵਿਚ ਕਹਿ ਰਹੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਨਸ਼ਾ ਵੇਚਣ ਵਾਲੇ ਤੇ ਨਸ਼ਾ ਲਿਆਉਣ ਵਾਲੇ ਦੋਵੇਂ ਬਖਸ਼ੇ ਨਹੀਂ ਜਾਣਗੇ। ਅੱਜ ਆਮ ਲੋਕਾਂ ਦੀ ਆਵਾਜ਼ ਹੈ ਕਿ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਤ ਕਰੇਗੀ।


author

Anmol Tagra

Content Editor

Related News