ਪੰਜਾਬੀ ਮੁੰਡੇ ਨੂੰ ਅਮਰੀਕਾ ''ਚ ਹੋਈ 75 ਸਾਲ ਦੀ ਕੈਦ ! 55 ਸਾਲ ਤੱਕ ਨਹੀਂ ਮਿਲੇਗੀ ਜਮਾਨਤ, ਜਾਣੋ ਵਜ੍ਹਾ
Wednesday, Jun 03, 2026 - 12:23 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨਸ਼ਾ ਤਸਕਰੀ ਦੇ ਗੰਭੀਰ ਮਾਮਲੇ 'ਚ ਇਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਅਦਾਲਤ ਵੱਲੋਂ 75 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਰਿਪੋਰਟਾਂ ਮੁਤਾਬਕ, ਦੋਸ਼ੀ ਡਰਾਈਵਰ ਦੀ ਪਛਾਣ ਜੋਬਨਪ੍ਰੀਤ ਸਿੰਘ (30 ਸਾਲ) ਵਜੋਂ ਹੋਈ ਹੈ, ਜਿਸ ਨੂੰ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਕੋਕੀਨ ਬਰਾਮਦਗੀਆਂ ਵਿੱਚੋਂ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਹੈ।
ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇਲੀਨੋਏ ਸਟੇਟ ਪੁਲਸ (ISP) ਨੇ ਇੰਟਰਸਟੇਟ 74 'ਤੇ ਰੁਟੀਨ ਚੈਕਿੰਗ ਦੌਰਾਨ ਜੋਬਨਪ੍ਰੀਤ ਸਿੰਘ ਦੇ ਕਮਰਸ਼ੀਅਲ ਟ੍ਰੇਲਰ ਨੂੰ ਰੋਕਿਆ ਸੀ। ਚੈਕਿੰਗ ਦੌਰਾਨ ਜਦੋਂ ਪੁਲਸ ਦੇ ਸਨਿਫਿੰਗ ਡੌਗ ਨੇ ਸ਼ੱਕ ਜਤਾਇਆ ਤਾਂ ਪੁਲਸ ਨੇ ਟਰੱਕ ਦੇ ਪਿਛਲੇ ਹਿੱਸੇ ਦੀ ਤਲਾਸ਼ੀ ਲਈ।
ਜਾਂਚ ਟੀਮ ਨੂੰ ਟਰੱਕ ਦੇ ਅੰਦਰੋਂ ਕਾਲੇ ਰੰਗ ਦੇ 4 ਵੱਡੇ ਕੂੜੇ ਵਾਲੇ ਬੈਗ ਮਿਲੇ, ਜਿਨ੍ਹਾਂ 'ਚ ਬੇਹੱਦ ਚਲਾਕੀ ਨਾਲ ਨਸ਼ੀਲਾ ਪਦਾਰਥ ਛੁਪਾਇਆ ਹੋਇਆ ਸੀ। ਜਦੋਂ ਇਨ੍ਹਾਂ ਬੈਗਾਂ ਦੀ ਜਾਂਚ ਕੀਤੀ ਗਈ ਤਾਂ ਇਨ੍ਹਾਂ 'ਚੋਂ 106 ਕਿਲੋਗ੍ਰਾਮ ਕੋਕੀਨ ਨਿਕਲੀ। ਅਮਰੀਕੀ ਜਾਂਚ ਏਜੰਸੀਆਂ ਇਸ ਕੋਕੀਨ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ ਲਗਭਗ 10.6 ਮਿਲੀਅਨ ਅਮਰੀਕੀ ਡਾਲਰ ਦੱਸੀ ਜਾ ਰਹੀ ਹੈ, ਜੋ ਭਾਰਤੀ ਕਰੰਸੀ ਮੁਤਾਬਕ 90 ਕਰੋੜ ਰੁਪਏ ਤੋਂ ਵੀ ਵੱਧ ਬਣਦੀ ਹੈ।
ਇਹ ਵੀ ਪੜ੍ਹੋ- ਭਾਰਤ ਸਣੇ 60 ਦੇਸ਼ਾਂ ''ਤੇ ਇਕ ਹੋਰ ''ਟੈਰਿਫ਼ ਬੰਬ'' ਸੁੱਟਣ ਦੀ ਤਿਆਰੀ ''ਚ ਅਮਰੀਕਾ ! ਟਰੰਪ ਪ੍ਰਸ਼ਾਸਨ ਨੇ ਬਣਾਇਆ Plan
ਇਹ ਮੈਕਲੀਨ ਕਾਊਂਟੀ ਦੇ ਇਤਿਹਾਸ 'ਚ ਨਸ਼ੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਮੰਨੀ ਜਾ ਰਹੀ ਹੈ। ਅਦਾਲਤ 'ਚ ਸੁਣਵਾਈ ਦੌਰਾਨ ਮੁਲਜ਼ਮ ਜੋਬਨਪ੍ਰੀਤ ਸਿੰਘ ਨੇ ਅਦਾਲਤ ਵਿੱਚ ਦਾਅਵਾ ਕੀਤਾ ਸੀ ਕਿ ਉਹ ਟਰੱਕ ਵਿੱਚ ਸਿਰਫ਼ ਸਬਜ਼ੀਆਂ ਦੀ ਸਪਲਾਈ ਲੈ ਕੇ ਜਾ ਰਿਹਾ ਸੀ ਅਤੇ ਉਸ ਨੂੰ ਇਸ ਗੱਲ ਦੀ ਬਿਲਕੁਲ ਜਾਣਕਾਰੀ ਨਹੀਂ ਸੀ ਕਿ ਟਰੱਕ ਵਿੱਚ ਕੂੜੇ ਦੇ ਬੈਗਾਂ 'ਚ ਕੋਕੀਨ ਰੱਖੀ ਹੋਈ ਹੈ। ਪਰ ਸਰਕਾਰੀ ਵਕੀਲਾਂ ਨੇ ਅਦਾਲਤ 'ਚ ਸਾਬਿਤ ਕਰ ਦਿੱਤਾ ਕਿ ਪੁਲਸ ਵੱਲੋਂ ਰੋਕਣ ਦੇ ਇਸ਼ਾਰੇ ਦੇ ਬਾਵਜੂਦ ਜੋਬਨਪ੍ਰੀਤ ਨੇ ਟਰੱਕ ਰੋਕਣ ਵਿੱਚ ਕਾਫ਼ੀ ਸਮਾਂ ਲਗਾਇਆ ਅਤੇ ਪੁੱਛਗਿੱਛ ਦੌਰਾਨ ਵੀ ਉਹ ਬੇਹੱਦ ਘਬਰਾਇਆ ਹੋਇਆ ਸੀ।
ਸਾਰੇ ਸਬੂਤਾਂ ਅਤੇ ਜਿਊਰੀ ਦੇ ਫੈਸਲੇ ਤੋਂ ਬਾਅਦ, ਅਦਾਲਤ ਨੇ ਉਸ ਨੂੰ ਨਸ਼ਾ ਤਸਕਰੀ ਦਾ ਦੋਸ਼ੀ ਮੰਨਦਿਆਂ 75 ਸਾਲ ਦੀ ਕੈਦ ਦੀ ਵੱਡੀ ਸਜ਼ਾ ਸੁਣਾਈ ਹੈ। ਇਹੀ ਨਹੀਂ, ਪੈਰੋਲ ਲਈ ਅਪਲਾਈ ਕਰਨ ਲਈ ਉਸ ਨੂੰ ਘੱਟੋ-ਘੱਟ 55 ਸਾਲ (75 ਫ਼ੀਸਦੀ ਸਜ਼ਾ) ਤੱਕ ਜੇਲ੍ਹ 'ਚ ਕੈਦ ਕੱਟਣੀ ਪਵੇਗੀ। ਸਥਾਨਕ ਕਾਨੂੰਨ ਪ੍ਰਸ਼ਾਸਨ ਨੇ ਇਸ ਕਾਰਵਾਈ ਨੂੰ ਨਸ਼ਾ ਮਾਫ਼ੀਆ ਖ਼ਿਲਾਫ਼ ਇੱਕ ਵੱਡੀ ਜਿੱਤ ਦੱਸਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
