ਕੈਂਸਰ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ, ਦੂਰ-ਦੁਰਾਡੇ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ, ਹੁਣ ਏਮਜ਼ ਬਠਿੰਡਾ 'ਚ...

Wednesday, Jun 03, 2026 - 11:27 AM (IST)

ਕੈਂਸਰ ਦੇ ਮਰੀਜ਼ਾਂ ਨੂੰ ਮਿਲੇਗੀ ਰਾਹਤ, ਦੂਰ-ਦੁਰਾਡੇ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ, ਹੁਣ ਏਮਜ਼ ਬਠਿੰਡਾ 'ਚ...

ਬਠਿੰਡਾ (ਮਨਜੀਤ) : ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਦੇ ਲੋਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ’ਚ ਅਹਿਮ ਭੂਮਿਕਾ ਨਿਭਾਅ ਰਹੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਬਠਿੰਡਾ ਲਈ ਮੰਗਲਵਾਰ ਦਾ ਦਿਨ ਇਤਿਹਾਸਕ ਅਤੇ ਯਾਦਗਾਰੀ ਸਾਬਤ ਹੋਇਆ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਏਮਜ਼ ਦੇ ਦੂਜੇ ਕਨਵੋਕੇਸ਼ਨ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਿਰੱਕਤ ਕਰਦਿਆਂ ਕਈ ਅਤਿ-ਆਧੁਨਿਕ ਸਿਹਤ ਸਹੂਲਤਾਂ ਦਾ ਉਦਘਾਟਨ ਕੀਤਾ। ਆਪਣੇ ਦੌਰੇ ਦੌਰਾਨ ਕੇਂਦਰੀ ਮੰਤਰੀ ਨੇ ਅਤਿ-ਆਧੁਨਿਕ ਪੀ. ਈ. ਟੀ.-ਸੀਟੀ ਸਕੈਨ ਸੈਂਟਰ ਦਾ ਉਦਘਾਟਨ ਕੀਤਾ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੀ ਸ਼ੁਰੂਆਤੀ ਪਛਾਣ ਅਤੇ ਸਹੀ ਇਲਾਜ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹੋਰ ਨੇੜਲੇ ਇਲਾਕਿਆਂ ਦੇ ਮਰੀਜ਼ਾਂ ਨੂੰ ਹੁਣ ਦੂਰ-ਦੁਰਾਡੇ ਸ਼ਹਿਰਾਂ ’ਚ ਜਾਣ ਦੀ ਲੋੜ ਨਹੀਂ ਪਵੇਗੀ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਟੋਲ ਪਲਾਜ਼ਿਆਂ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਲਈ ਅਹਿਮ ਖ਼ਬਰ, NHAI ਅੱਗੇ ਰੱਖੀ ਗਈ...

ਇਸ ਦੇ ਨਾਲ ਹੀ ਨੱਡਾ ਨੇ ਦੂਜੇ ਹਾਈ ਐਨਰਜੀ ਲੀਨੀਅਰ ਐਕਸਲੇਰੇਟਰ ਦਾ ਵੀ ਉਦਘਾਟਨ ਕੀਤਾ। ਇਹ ਮਸ਼ੀਨ ਕੈਂਸਰ ਦੇ ਮਰੀਜ਼ਾਂ ਨੂੰ ਆਧੁਨਿਕ ਰੇਡੀਓਥੈਰੇਪੀ ਇਲਾਜ ਮੁਹੱਈਆ ਕਰਵਾਉਣ ’ਚ ਸਹਾਇਕ ਸਾਬਤ ਹੋਵੇਗੀ। ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਨੇ ਚਾਈਲਡ ਡਿਵੈੱਲਪਮੈਂਟ ਐਂਡ ਅਰਲੀ ਇੰਟਰਵੈਂਸ਼ਨ ਸੈਂਟਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਨੱਡਾ ਨੇ ਬਰਨਜ਼ ਆਈ. ਸੀ. ਯੂ. ਦਾ ਵੀ ਉਦਘਾਟਨ ਕੀਤਾ। ਉਦਘਾਟਨ ਸਮਾਰੋਹ ਤੋਂ ਬਾਅਦ ਏਮਜ਼ ਬਠਿੰਡਾ ਦਾ ਦੂਜਾ ਕਨਵੋਕੇਸ਼ਨ ਸਮਾਰੋਹ ਕਰਵਾਇਆ ਗਿਆ, ਜਿਸ ’ਚ ਡਾਕਟਰੀ ਅਤੇ ਹੋਰ ਸਿਹਤ ਸਬੰਧੀ ਕੋਰਸਾਂ ਦੀ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਪ੍ਰਦਾਨ ਕੀਤੇ ਗਏ।

ਇਹ ਵੀ ਪੜ੍ਹੋ : ਗਰਮੀ ਦੀਆਂ ਛੁੱਟੀਆਂ ਵਿਚਾਲੇ ਸਕੂਲਾਂ ਲਈ ਆਏ ਨਵੇਂ ਹੁਕਮ, ਸਿੱਖਿਆ ਵਿਭਾਗ ਵਲੋਂ ਸਖ਼ਤ ਹਦਾਇਤਾਂ ਜਾਰੀ

ਆਪਣੇ ਸੰਬੋਧਨ ਦੌਰਾਨ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨਵੇਂ ਡਾਕਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਡੀਕਲ ਪੇਸ਼ਾ ਸਿਰਫ ਇਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਮਾਧਿਅਮ ਹੈ। ਏਮਜ਼ ਬਠਿੰਡਾ ਦੀ ਪ੍ਰਧਾਨ ਪ੍ਰੋ. ਡਾ. ਨੀਰਜਾ ਭਾਟਲਾ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਡਾਇਰੈਕਟਰ ਪ੍ਰੋ. (ਡਾ.) ਰਤਨ ਗੁਪਤਾ ਨੇ ਸੰਸਥਾ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਸਮਾਗਮ ’ਚ ਵਿਜੈ ਨੇਹਰਾ, ਵਧੀਕ ਸਕੱਤਰ, ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ, ਪ੍ਰੋ. ਰਾਜੀਵ ਆਹੂਜਾ ਡਾਇਰੈਕਟਰ, ਆਈ.ਆਈ.ਟੀ. ਰੋਪੜ, ਡਾ. ਯੋਗੇਂਦਰ ਮਲਿਕ, ਪ੍ਰੋ. ਕਮਲੇਸ਼ ਉਪਾਧਿਆਏ ਆਦਿ ਮੌਜੂਦ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e

 


author

Babita

Content Editor

Related News