ਬਠਿੰਡਾ ਕੋਰਟ ਕੰਪਲੈਕਸ ''ਚ ਪਈਆਂ ਭਾਜੜਾਂ, ਆਉਣ-ਜਾਣ ''ਤੇ ਲੱਗੀ ਰੋਕ, ਪੜ੍ਹੋ ਕੀ ਰਿਹਾ ਕਾਰਨ

Tuesday, Jun 02, 2026 - 03:54 PM (IST)

ਬਠਿੰਡਾ ਕੋਰਟ ਕੰਪਲੈਕਸ ''ਚ ਪਈਆਂ ਭਾਜੜਾਂ, ਆਉਣ-ਜਾਣ ''ਤੇ ਲੱਗੀ ਰੋਕ, ਪੜ੍ਹੋ ਕੀ ਰਿਹਾ ਕਾਰਨ

ਬਠਿੰਡਾ (ਵਿਜੇ ਵਰਮਾ) : ਬਠਿੰਡਾ ਜ਼ਿਲ੍ਹਾ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਪੂਰੇ ਸ਼ਹਿਰ 'ਚ ਹੜਕੰਪ ਮਚ ਗਿਆ। ਧਮਕੀ ਭਰੀ ਈਮੇਲ ਮਿਲਦੇ ਹੀ ਪੁਲਸ, ਖ਼ੁਫ਼ੀਆ ਏਜੰਸੀਆਂ ਅਤੇ ਸੁਰੱਖਿਆ ਬਲਾਂ 'ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅਦਾਲਤ ਕੰਪਲੈਕਸ ਨੂੰ ਤੁਰੰਤ ਸੁਰੱਖਿਆ ਘੇਰੇ 'ਚ ਲੈ ਲਿਆ ਗਿਆ ਅਤੇ ਸਾਰੇ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ੇ ਬੰਦ ਕਰ ਦਿੱਤੇ ਗਏ। ਸੂਚਨਾ ਮਿਲਦੇ ਹੀ ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੂਰੇ ਕੋਰਟ ਕੰਪਲੈਕਸ, ਪਾਰਕਿੰਗ, ਦਫ਼ਤਰਾਂ ਅਤੇ ਜਨਤਕ ਥਾਵਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ।

ਇਹ ਵੀ ਪੜ੍ਹੋ : ਪੰਜਾਬ : 4 ਸਾਲਾਂ ਦੇ ਇਸ਼ਕ ਦਾ ਬੇਹੱਦ ਦੁਖ਼ਦਾਈ ਅੰਤ, 30 ਸਾਲਾ ਮੁੰਡੇ ਨੇ ਜੋ ਕੀਤਾ, ਕਿਸੇ ਨੇ ਸੋਚਿਆ ਨਾ ਸੀ

ਕਈ ਘੰਟਿਆਂ ਤੱਕ ਚੱਲੇ ਸਰਚ ਆਪਰੇਸ਼ਨ ਦੌਰਾਨ ਅਦਾਲਤ ਕੰਪਲੈਕਸ 'ਚ ਆਉਣ-ਜਾਣ ’ਤੇ ਵੀ ਰੋਕ ਲਗਾ ਦਿੱਤੀ ਗਈ, ਜਿਸ ਕਾਰਨ ਉੱਥੇ ਮੌਜੂਦ ਲੋਕਾਂ 'ਚ ਚਿੰਤਾ ਅਤੇ ਡਰ ਦਾ ਮਾਹੌਲ ਬਣਿਆ ਰਿਹਾ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ, ਜਿਸ ਤੋਂ ਬਾਅਦ ਸੁਰੱਖਿਆ ਪ੍ਰੋਟੋਕਾਲ ਤਹਿਤ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੁੱਢਲੀ ਜਾਂਚ ਦੌਰਾਨ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ ਪਰ ਸੁਰੱਖਿਆ ਏਜੰਸੀਆਂ ਕਿਸੇ ਵੀ ਸੰਭਾਵਨਾ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਰਹੀਆਂ। ਉੱਧਰ, ਸਾਈਬਰ ਸੈੱਲ ਨੂੰ ਵੀ ਸਰਗਰਮ ਕਰ ਦਿੱਤਾ ਗਿਆ ਹੈ। ਮਾਹਿਰਾਂ ਦੀ ਟੀਮ ਈਮੇਲ ਭੇਜਣ ਵਾਲੇ ਦੀ ਪਛਾਣ ਅਤੇ ਉਸ ਦੇ ਸਰੋਤ ਤੱਕ ਪਹੁੰਚਣ ਲਈ ਤਕਨੀਕੀ ਜਾਂਚ 'ਚ ਜੁੱਟੀ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਕਾਂਗਰਸ ਦੇ ਨਵੇਂ ਪ੍ਰਧਾਨ ਦੇ ਐਲਾਨ ਬਾਰੇ ਅਹਿਮ ਖ਼ਬਰ

ਪੁਲਸ ਦਾ ਕਹਿਣਾ ਹੈ ਕਿ ਧਮਕੀ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਮਾਮਲੇ ਦੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਅਦਾਲਤ ਕੰਪਲੈਕਸ ਦੀ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਪੁਲਸ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਦੂਰ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਸਰਚ ਆਪਰੇਸ਼ਨ ਪੂਰੀ ਤਰ੍ਹਾਂ ਖ਼ਤਮ ਹੋਣ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਅਦਾਲਤ ਦੀਆਂ ਆਮ ਗਤੀਵਿਧੀਆਂ ਬਹਾਲ ਕੀਤੀਆਂ ਜਾਣਗੀਆਂ।

ਈਮੇਲ ਰਾਹੀਂ ਧਮਕੀਆਂ ਸੁਰੱਖਿਆ ਏਜੰਸੀਆਂ ਲਈ ਬਣ ਰਹੀਆਂ ਵੱਡੀ ਚੁਣੌਤੀ

ਪਿਛਲੇ ਕੁੱਝ ਸਮੇਂ ਦੌਰਾਨ ਦੇਸ਼ ਦੇ ਵੱਖ-ਵੱਖ ਸਰਕਾਰੀ ਅਦਾਰਿਆਂ, ਸਕੂਲਾਂ, ਹਸਪਤਾਲਾਂ ਅਤੇ ਅਦਾਲਤਾਂ ਨੂੰ ਈਮੇਲ ਰਾਹੀਂ ਬੰਬ ਧਮਾਕਿਆਂ ਦੀਆਂ ਧਮਕੀਆਂ ਮਿਲਣ ਦੇ ਮਾਮਲੇ ਵਧੇ ਹਨ। ਜ਼ਿਆਦਾਤਰ ਮਾਮਲਿਆਂ 'ਚ ਇਹ ਧਮਕੀਆਂ ਝੂਠੀਆਂ ਸਾਬਤ ਹੋਈਆਂ ਹਨ, ਪਰ ਸੁਰੱਖਿਆ ਏਜੰਸੀਆਂ ਕਿਸੇ ਵੀ ਸੂਚਨਾ ਨੂੰ ਹਲਕੇ 'ਚ ਨਹੀਂ ਲੈ ਰਹੀਆਂ। ਬਠਿੰਡਾ ਕੋਰਟ ਨੂੰ ਮਿਲੀ ਇਸ ਧਮਕੀ ਨੇ ਇੱਕ ਵਾਰ ਫਿਰ ਸੁਰੱਖਿਆ ਪ੍ਰਬੰਧਾਂ ਨੂੰ ਹਾਈ ਅਲਰਟ ’ਤੇ ਲਿਆ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:-
 https://whatsapp.com/channel/0029Va94hsaHAdNVur4L170e

 


author

Babita

Content Editor

Related News