ਪੰਜਾਬ ਆਉਣ ਵਾਲੀਆਂ ਗੱਡੀਆਂ 'ਤੇ ਲੱਗੇਗਾ 'ਖ਼ਾਲਸਾ ਟੈਕਸ'! ਨਿਹੰਗ ਸਿੰਘਾਂ ਨੇ ਸਾਂਭ ਲਏ ਮੋਰਚੇ
Wednesday, Jun 03, 2026 - 05:55 PM (IST)
ਚੰਡੀਗੜ੍ਹ: ਪੰਜਾਬ ਵਿਚ ਨਿਹੰਗ ਸਿੰਘਾਂ ਵੱਲੋਂ ਹਿਮਾਚਲ ਪ੍ਰਦੇਸ਼ ਸਰਕਾਰ ਦੇ ਐਂਟਰੀ ਟੈਕਸ ਦੇ ਵਿਰੋਧ ਵਿਚ 'ਖਾਲਸਾ ਟੈਕਸ' ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਨਿਹੰਗ ਜਥੇਬੰਦੀ ਤਰਨਾ ਦਲ ਨੇ ਪੰਜਾਬ ਵਿਚ ਆਪਣਾ ਟੈਕਸ ਵਸੂਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਅਗਵਾਈ ਜਥੇਬੰਦੀ ਦੇ ਪ੍ਰਤੀਨਿਧ ਬਾਬਾ ਅੱਛਰ ਸਿੰਘ ਕਰ ਰਹੇ ਹਨ। ਬੁੱਧਵਾਰ ਤੋਂ ਕੁੱਲੂ-ਮਨਾਲੀ ਹਾਈਵੇਅ 'ਤੇ ਕੀਰਤਪੁਰ ਸਾਹਿਬ ਵਿਖੇ ਹਿਮਾਚਲ ਤੋਂ ਆਉਣ ਵਾਲੀਆਂ ਗੱਡੀਆਂ ਤੋਂ ਇਹ ਵਸੂਲੀ ਕੀਤੀ ਜਾ ਰਹੀ ਹੈ। ਬਾਬਾ ਅੱਛਰ ਸਿੰਘ ਅਨੁਸਾਰ ਵੱਖ-ਵੱਖ ਵਾਹਨਾਂ ਲਈ ਹੇਠ ਲਿਖੀਆਂ ਦਰਾਂ ਤੈਅ ਕੀਤੀਆਂ ਗਈਆਂ ਹਨ:
- ਛੋਟੀਆਂ ਗੱਡੀਆਂ ਅਤੇ ਕਾਰਾਂ: 100 ਰੁਪਏ
- ਛੋਟੇ ਕਮਰਸ਼ੀਅਲ ਵਾਹਨ: 200 ਰੁਪਏ
- ਵੱਡੀਆਂ ਗੱਡੀਆਂ: 300 ਤੋਂ 500 ਰੁਪਏ
ਨਿਹੰਗ ਸਿੰਘਾਂ ਨੇ ਹਿਮਾਚਲ ਸਰਕਾਰ ਵੱਲੋਂ ਲਏ ਜਾ ਰਹੇ ਟੈਕਸ ਨੂੰ 'ਗੁੰਡਾ ਟੈਕਸ' ਦਾ ਨਾਂ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ NHAI ਵੱਲੋਂ ਲਏ ਜਾਂਦੇ ਟੈਕਸ ਨਾਲ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਉਹ ਸੜਕਾਂ ਬਣਾ ਕੇ ਦਿੰਦੇ ਹਨ, ਪਰ ਹਿਮਾਚਲ ਸਰਕਾਰ ਦਾ ਟੈਕਸ ਨਾਜਾਇਜ਼ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਖਾਲਸਾ ਟੈਕਸ ਤੋਂ ਇਕੱਠਾ ਹੋਇਆ ਪੈਸਾ 'ਸਰਬਤ ਦੇ ਭਲੇ' ਲਈ ਵਰਤਿਆ ਜਾਵੇਗਾ ਅਤੇ ਕਿਸੇ ਨਾਲ ਜ਼ੋਰ-ਜ਼ਬਰਦਸਤੀ ਨਹੀਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਸੰਘਰਸ਼ ਲਈ ਪੂਰੀ ਤਰ੍ਹਾਂ ਤਿਆਰ ਹਨ।
ਇੱਥੇ ਦੱਸ ਦਈਏ ਕਿ ਹਿਮਾਚਲ ਸਰਕਾਰ ਨੇ ਫਰਵਰੀ 2026 ਵਿਚ ਇਕ ਨਵੀਂ ਟੋਲ ਨੀਤੀ ਤਹਿਤ ਟੈਕਸ ਦਰਾਂ ਵਿਚ ਭਾਰੀ ਵਾਧਾ ਕਰ ਦਿੱਤਾ ਸੀ, ਜਿਸ ਦਾ ਪੰਜਾਬ ਅਤੇ ਹਰਿਆਣਾ ਦੇ ਸੈਲਾਨੀਆਂ ਅਤੇ ਟ੍ਰਾਂਸਪੋਰਟਰਾਂ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਹਾਲਾਂਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਦਖਲ ਤੋਂ ਬਾਅਦ 31 ਮਾਰਚ 2026 ਨੂੰ ਨਿੱਜੀ ਕਾਰਾਂ 'ਤੇ ਵਧਾਏ ਗਏ ਟੈਕਸ ਨੂੰ ਵਾਪਸ ਲੈ ਲਿਆ ਗਿਆ ਸੀ, ਪਰ ਫਿਰ ਵੀ ਦੋਵਾਂ ਰਾਜਾਂ ਵਿਚਾਲੇ ਇਸ ਨੂੰ ਲੈ ਕੇ ਸਿਆਸੀ ਬਹਿਸ ਜਾਰੀ ਹੈ।
