ਬੱਬੂ ਮਾਨ ਦਾ ਕੋਰੋਨਾ ਪੀੜਤਾਂ ਲਈ ਵੱਡਾ ਐਲਾਨ, ਖੋਲ੍ਹੇ ਹਵੇਲੀ ਦੇ ਦਰਵਾਜ਼ੇ, ਕਿਹਾ 'ਮਰੀਜ਼ਾਂ ਨੂੰ ਮਿਲੇਗੀ ਹਰ ਸਹੂਲਤ'
Monday, May 31, 2021 - 12:56 PM (IST)
ਚੰਡੀਗੜ੍ਹ (ਬਿਊਰੋ) : ਦੇਸ਼ ਭਰ 'ਚ ਕੋਰੋਨਾ ਆਫ਼ਤ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਇਸ ਦੌਰਾਨ ਆਮ ਲੋਕਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਕਈ ਬਾਲੀਵੁੱਡ ਦੇ ਪੰਜਾਬੀ ਕਲਾਕਾਰ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ।
ਕੋਰੋਨਾ ਪੀੜਤਾਂ ਲਈ ਬੱਬੂ ਮਾਨ ਨੇ ਖੋਲ੍ਹੇ ਹਵੇਲੀ ਦੇ ਦਰਵਾਜ਼ੇ
ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕੋਰੋਨਾ ਬਿਮਾਰੀ ਨੂੰ ਮੁੱਖ ਰੱਖਦਿਆਂ ਆਪਣੇ ਪਿੰਡ ਖੰਟ ਵਿਖੇ ਆਪਣੀ ਹਵੇਲੀ ਦੇ ਦਰਵਾਜ਼ੇ ਕੋਰੋਨਾ ਪੀੜਤਾਂ ਲਈ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ''ਹਵੇਲੀ ਨੂੰ ਆਰਜ਼ੀ ਤੌਰ 'ਤੇ ਹਸਪਤਾਲ ਵਜੋਂ ਵਰਤਿਆ ਜਾਵੇਗਾ ਅਤੇ ਮਰੀਜ਼ਾਂ ਨੂੰ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਕੋਰੋਨਾ ਮਹਾਮਾਰੀ ਦੇ ਹਾਲਾਤ 'ਚ ਸਾਡਾ ਫ਼ਰਜ਼ ਬਣਦਾ ਹੈ ਕਿ ਆਪੋ-ਆਪਣੀ ਸਮਰੱਥਾ ਅਨੁਸਾਰ ਲੋੜਵੰਦਾਂ ਦੀ ਸੰਭਵ ਮਦਦ ਕੀਤੀ ਜਾਵੇ।''
ਕਿਸਾਨੀ ਮੁੱਦੇ 'ਤੇ ਆਖੀ ਵੱਡੀ ਗੱਲ
ਕਿਸਾਨੀ ਮੁੱਦੇ 'ਤੇ ਗੱਲਬਾਤ ਕਰਦਿਆਂ ਬੱਬੂ ਮਾਨ ਨੇ ਕਿਹਾ ਕਿ ''ਕਿਸਾਨੀ ਕਿੱਤਾ ਸਾਡਾ ਪਿਤਾ-ਪੁਰਖੀ ਕਿੱਤਾ ਹੈ ਅਤੇ ਅਸੀਂ ਕਿਵੇਂ ਇਸ ਨੂੰ ਛੱਡ ਸਕਦੇ ਹਾਂ। ਜ਼ਮੀਨਾਂ ਬੜੀ ਜਦੋ-ਜਹਿਦ ਤੋਂ ਬਾਅਦ ਸਾਨੂੰ ਮਿਲੀਆਂ ਹਨ। ਕਿਸਾਨਾਂ ਕੋਲ ਇਸ ਤੋਂ ਇਲਾਵਾ ਕਮਾਈ ਦਾ ਕੋਈ ਹੋਰ ਸਾਧਨ ਵੀ ਨਹੀਂ ਹੈ। ਪੰਜਾਬ ਦਾ ਕਾਫ਼ੀ ਮਜ਼ਦੂਰ ਵਰਗ ਆਪਣੀ ਰੋਜ਼ੀ ਲਈ ਕਿਸਾਨਾਂ ਨਾਲ ਜੁੜਿਆ ਹੋਇਆ ਹੈ।''
ਦੱਸਣਯੋਗ ਹੈ ਕਿ ਬੱਬੂ ਮਾਨ ਆਪਣੇ ਗੀਤਾਂ ਰਾਹੀਂ ਹਮੇਸ਼ਾ ਤੋਂ ਹੀ ਕਿਸਾਨਾਂ ਦੀ ਗੱਲ ਕਰਦੇ ਰਹੇ ਹਨ। ਕਿਸਾਨ ਅੰਦੋਲਨ ਨੂੰ ਬੀਤੇ ਕੁਝ ਦਿਨ ਯਾਨੀ ਕਿ 26 ਮਈ ਨੂੰ 6 ਮਹੀਨੇ ਪੂਰੇ ਹੋ ਚੁੱਕੇ ਹਨ ਤੇ ਕਿਸਾਨਾਂ ਦੀ ਹਿਮਾਇਤ ’ਚ ਕਿਸਾਨ ਤੇ ਕਿਸਾਨਾਂ ਦਾ ਸਮਰਥਨ ਕਰਨ ਵਾਲੇ ਹਰ ਇਕ ਸ਼ਖ਼ਸ ਨੇ ਕਾਲਾ ਦਿਵਸ ਮਨਾਇਆ। ਬੱਬੂ ਮਾਨ ਨੇ ਵੀ ਕਿਸਾਨਾਂ ਦੇ ਸਮਰਥਨ ਅਤੇ ਕਾਲੇ ਦਿਵਸ ਮੌਕੇ ਇਕ ਖ਼ਾਸ ਪੋਸਟ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਸੀ। ਬੱਬੂ ਮਾਨ ਨੇ ਕਾਲੇ ਝੰਡੇ ਵਾਲੀ ਇਕ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀ ਕਰਦਿਆਂ ਲਿਖਿਆ, ‘ਕਿਰਤੀ ਤੇ ਕਾਮੇ ਹਾਂ ਖ਼ੂਨ ’ਚ ਜੋਸ਼ ਹੈ। ਸਰਕਾਰ ਤੇ ਪੂੰਜੀਪਤੀਆਂ ਖ਼ਿਲਾਫ਼ ਸਾਡਾ ਰੋਸ ਹੈ।’