ਐੱਫ. ਸੀ. ਆਈ. ਨੇ ਮੋਤੀਆਂ ਵਾਲੀ ਸਰਕਾਰ ਦੀ ਉਡਾਈ ਨੀਂਦ

Thursday, Apr 19, 2018 - 04:27 PM (IST)

ਐੱਫ. ਸੀ. ਆਈ. ਨੇ ਮੋਤੀਆਂ ਵਾਲੀ ਸਰਕਾਰ ਦੀ ਉਡਾਈ ਨੀਂਦ

ਬਠਿੰਡਾ — ਭਾਰਤੀ ਖੁਰਾਕ ਨਿਗਮ ਨੇ ਇਸ ਵਾਰ ਕਣਕ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਖੁਰਾਕ ਨਿਗਮ ਦੇ ਅਫਸਰਾਂ ਨੇ ਸਪਸ਼ੱਟ ਆਖ ਦਿੱਤਾ ਹੈ ਕਿ ਜੇਕਰ ਰੇਲ ਮੂਵਮੈਂਟ ਹੋਈ ਤਾਂ ਹੀ ਕਣਕ ਖਰੀਦੀ ਜਾਵੇਗੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਵੱਡੀ ਮੁਸ਼ਕਲ ਅਨਾਜ ਰੱਖਣ ਲਈ ਜਗ੍ਹਾ ਦੀ ਕਮੀ ਦੀ ਬਣੀ ਹੈ। 
ਬਠਿੰਡਾ ਤੇ ਮਾਨਸਾ ਜ਼ਿਲਿਆਂ 'ਚ ਪਿਛਲੇ ਵਰ੍ਹਿਆਂ 'ਚ ਐੱਫ.ਸੀ.ਆਈ. ਵੱਲੋਂ 20 ਫ਼ੀਸਦੀ ਤੱਕ ਕਣਕ ਖਰੀਦੀ ਜਾਂਦੀ ਰਹੀ ਹੈ। ਨਿਗਮ ਨੇ ਪਹਿਲਾਂ ਖਰੀਦ ਘਟਾ ਕੇ 10 ਫ਼ੀਸਦੀ ਕਰਾ ਲਈ ਅਤੇ ਹੁਣ ਪੰਜ ਫ਼ੀਸਦੀ ਕਰਨ ਦੀ ਗੱਲ ਆਖੀ ਹੈ । ਖੁਰਾਕ ਨਿਗਮ ਨੇ ਬਠਿੰਡਾ ਅਤੇ ਮਾਨਸਾ ਦੇ 44 ਖਰੀਦ ਕੇਂਦਰਾਂ 'ਚ ਖਰੀਦ ਕਰਨੀ ਸੀ ਪਰ ਹੁਣ ਪੰਜਾਬ ਸਰਕਾਰ ਵੱਲੋਂ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ । ਨਿਗਮ ਨੇ ਬਠਿੰਡਾ 'ਚ ਹੁਣ ਤੱਕ 2500 ਮੀਟਰਿਕ ਟਨ ਕਣਕ ਹੀ ਖਰੀਦੀ ਹੈ।
ਵੇਰਵਿਆਂ ਅਨੁਸਾਰ ਖੁਰਾਕ ਨਿਗਮ ਕੋਲ ਬਠਿੰਡਾ-ਮਾਨਸਾ 'ਚ 12 ਲੱਖ ਮੀਟਰਿਕ ਟਨ ਸਮਰੱਥਾ ਦੇ ਕਵਰਡ ਗੁਦਾਮ ਹਨ ਜਦੋਂ ਕਿ 13.50 ਲੱਖ ਮੀਟਰਿਕ ਟਨ ਚੌਲ ਆ ਚੁੱਕਾ ਹੈ। ਨਿਗਮ ਨੇ ਤਰਕ ਦਿੱਤਾ ਹੈ ਕਿ ਉਸ ਦੇ ਗੁਦਾਮ ਓਵਰਲੋਡ ਹੋ ਚੁੱਕੇ ਹਨ। ਰਾਮਾਂ ਮੰਡੀ ਦੇ ਇਲਾਕੇ 'ਚ ਕਿਸੇ ਤਕਨੀਕੀ ਕੰਮ ਕਾਰਨ ਰੇਲਵੇ ਮੂਵਮੈਂਟ ਰੁਕ ਗਈ ਹੈ। ਐੱਫ.ਸੀ.ਆਈ. ਦੇ ਮੈਨੇਜਰ (ਖਰੀਦ) ਸਿਧਾਰਥ ਨੇ ਕਿਹਾ ਕਿ ਅਗਰ ਕੋਈ ਰੇਲਵੇ ਰੈਕ ਮਿਲਦਾ ਹੈ ਤਾਂ ਹੀ ਉਹ ਕਣਕ ਦੀ ਖਰੀਦ ਸੰਭਵ ਬਣਾ ਸਕਦੇ ਹਨ।
ਸੂਤਰਾਂ ਮੁਤਾਬਕ ਅਜਿਹੀ ਹਾਲਤ ਚਾਰੇ ਪਾਸੇ ਬਣਨ ਲੱਗੀ ਹੈ । ਖੁਰਾਕ ਨਿਗਮ ਦੀ ਕੋਰੀ ਨਾਂਹ ਮਗਰੋਂ ਸਾਰਾ ਭਾਰ ਸੂਬਾਈ ਖਰੀਦ ਏਜੰਸੀਆਂ 'ਤੇ ਪੈਣ ਲੱਗਾ ਹੈ। ਜ਼ਿਲਾ ਖ਼ੁਰਾਕ ਤੇ ਸਪਲਾਈਜ਼ ਕੰਟਰੋਲਰ ਅਮਰਜੀਤ ਸਿੰਘ ਦਾ ਕਹਿਣਾ ਸੀ ਕਿ ਰਾਜ ਦੀਆਂ ਏਜੰਸੀਆਂ ਕੋਲ ਵੀ ਏਨੀ ਜਗ੍ਹਾ ਅਤੇ ਪ੍ਰਬੰਧ ਨਹੀਂ ਹਨ ਕਿ ਐੱਫ.ਸੀ.ਆਈ. ਦੇ ਹਿੱਸੇ ਦੀ ਵੀ ਖਰੀਦ ਕਰ ਸਕੇ ਫਿਰ ਵੀ ਉਨ੍ਹਾਂ ਨੇ ਕਈ ਖਰੀਦ ਕੇਂਦਰਾਂ 'ਚ ਐੱਫ.ਸੀ.ਆਈ. ਨਾਲ ਸਾਂਝੀ ਖਰੀਦ ਲਈ ਮੁੱਖ ਦਫ਼ਤਰ ਨੂੰ ਲਿਖ ਦਿੱਤਾ ਹੈ । ਕੇਂਦਰੀ ਅਦਾਰੇ ਐੱਫ.ਸੀ.ਆਈ. ਦੀ ਨਾਂਹ ਆਉਂਦੇ ਦਿਨਾਂ 'ਚ ਕੈਪਟਨ ਹਕੂਮਤ ਦੀ ਸਾਖ ਨੂੰ ਸੱਟ ਮਾਰ ਸਕਦੀ ਹੈ।


Related News