ਘਰ ''ਚੋਂ ਭਾਰਤੀ ਅਤੇ ਵਿਦੇਸ਼ੀ ਕਰੰਸੀ ਚੋਰੀ
Friday, Jun 16, 2017 - 03:33 PM (IST)

ਕੋਟਕਪੂਰਾ(ਨਰਿੰਦਰ)-ਥਾਣਾ ਸਿਟੀ ਸ਼ਹਿਰ ਦੇ ਮੁਹੱਲੇ 'ਚ ਇਕ ਘਰ 'ਚੋਂ ਭਾਰਤੀ ਅਤੇ ਵਿਦੇਸ਼ੀ ਕਰੰਸੀ ਚੋਰੀ ਹੋਣ ਨੂੰ ਲੈ ਕੇ ਇਕ ਔਰਤ ਨੂੰ ਗ੍ਰਿਫਤਾਰ ਕਰ ਲਏ ਜਾਣ ਦਾ ਪਤਾ ਲੱਗਾ ਹੈ।
ਇਸ ਸਬੰਧ ਵਿਚ ਥਾਣਾ ਸਿਟੀ ਦੀ ਪੁਲਸ ਵੱਲੋਂ ਹਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਹਿੰਮਤ ਸਿੰਘ ਵਾਸੀ ਹੀਰਾ ਸਿੰਘ ਨਗਰ ਗਲੀ ਨੰਬਰ-5 ਕੋਟਕਪੂਰਾ ਦੇ ਬਿਆਨਾਂ 'ਤੇ ਘਰ ਦੀ ਨੌਕਰਾਣੀ ਅਮਨਦੀਪ ਕੌਰ ਵਾਸੀ ਕੋਟਕਪੂਰਾ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹਰਵਿੰਦਰ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਹ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ ਅਤੇ ਉਸ ਨੇ ਲੰਘੀ 2 ਜੂਨ ਨੂੰ ਆਪਣੇ ਬੈੱਡਰੂਮ ਦੀ ਅਲਮਾਰੀ ਵਿਚ 2 ਲੱਖ ਰੁਪਏ ਰੱਖੇ ਸਨ, ਜਿਨ੍ਹਾਂ ਨੂੰ ਉਨ੍ਹਾਂ ਦੀ ਨੌਕਰਾਣੀ ਵੱਲੋਂ ਚੋਰੀ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਉਸ ਨੇ 7 ਜੂਨ ਨੂੰ ਅਲਮਾਰੀ ਵਿਚ 50 ਹਜ਼ਾਰ ਥਾਈਲੈਂਡ ਦੇ ਡਾਲਰ ਰੱਖੇ ਸਨ, ਜਿਨ੍ਹਾਂ ਵਿਚੋਂ ਉਕਤ ਨੌਕਰਾਣੀ ਨੇ 4 ਹਜ਼ਾਰ ਡਾਲਰ ਚੋਰੀ ਕਰ ਲਏ। ਉਸ ਨੇ ਦੱਸਿਆ ਕਿ ਪੜਤਾਲ ਕਰਨ 'ਤੇ ਉਕਤ ਔਰਤ ਨੇ ਮੰਨਿਆ ਕਿ ਫੜੇ ਜਾਣ ਦੇ ਡਰ ਕਾਰਨ ਉਸ ਨੇ ਡਾਲਰ ਅੱਗ ਲਾ ਕੇ ਸਾੜ ਦਿੱਤੇ ਹਨ। ਰਖੇਗੀ।
ਇਸ ਸਬੰਧੀ ਵਿਚ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਦੌਰਾਨ ਅੱਜ ਸਵੇਰੇ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ। ਉਨ੍ਹਾਂ ਦੱਸਿਆ ਕਿ ਰਿਮਾਂਡ ਦੌਰਾਨ ਪੁੱਛਗਿੱਛ ਕਰਨ 'ਤੇ 32 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ਅਤੇ ਹੋਰ ਤਫਤੀਸ਼ ਜਾਰੀ ਹੈ।