ਵਿਦਿਆਰਥੀਆਂ ''ਚ ਵਧਦੀ ਹਿੰਸਾ ਬਣ ਰਹੀ ਹੈ ਚਿੰਤਾ ਦਾ ਵਿਸ਼ਾ

01/22/2018 5:01:30 PM


ਫਿਰੋਜ਼ਪੁਰ (ਕੁਮਾਰ) - ਸਿੱਖਿਆ ਨੂੰ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਕਿਹਾ ਜਾਂਦਾ ਹੈ, ਜਿਸ ਨਾਲ ਬੱਚੇ ਦੇ ਚਰਿੱਤਰ 'ਚ ਨਿਖਾਰ ਆਉਂਦਾ ਹੈ ਪਰ ਜੇਕਰ ਅਸੀਂ ਮੌਜੂਦਾ ਸਿੱਖਿਆ ਦੇ ਢਾਂਚੇ 'ਤੇ ਨਜ਼ਰ ਮਾਰੀਏ ਤਾਂ ਸਾਡੇ ਗੁਆਂਢੀ ਸੂਬਿਆਂ ਹਰਿਆਣਾ ਤੇ ਯਮੁਨਾ ਨਗਰ ਦੇ ਸਕੂਲਾਂ 'ਚ ਵਿਦਿਆਰਥੀਆਂ ਵੱਲੋਂ ਸ਼ਰੇਆਮ ਗੋਲੀ ਚਲਾ ਕੇ ਪ੍ਰਿੰਸੀਪਲ ਦਾ ਕਤਲ ਕਰਨ ਜਾਂ ਗੁਰੂ ਗ੍ਰਾਮ ਦੇ ਨਿੱਜੀ ਸਕੂਲ ਦੀ ਘਟਨਾ ਨੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਵਿਦਿਆਰਥੀ ਵਰਗ 'ਚ ਵਧਦੀ ਹਿੰਸਾ ਜਿਥੇ ਬੇਹੱਦ ਚਿੰਤਾ ਦਾ ਵਿਸ਼ਾ ਹੈ, ਉਥੇ ਹੀ ਸਾਡੀ ਮੌਜੂਦਾ ਸਿੱਖਿਆ ਪ੍ਰਣਾਲੀ ਬੱਚੇ ਦਾ ਚਰਿੱਤਰ ਸੰਵਾਰਨ ਦੀ ਬਜਾਏ ਉਸ 'ਤੇ ਮਾਨਸਿਕ ਦਬਾਅ ਪਾ ਰਹੀ ਹੈ ਤੇ ਉਸ ਦਾ ਚਰਿੱਤਰ ਖਰਾਬ ਹੋ ਰਿਹਾ ਹੈ। ਸਾਡੇ ਪ੍ਰਤੀਨਿਧ ਵੱਲੋਂ ਇਸ ਮੁੱਦੇ 'ਤੇ ਵੱਖ-ਵੱਖ ਸਿੱਖਿਆ ਮਾਹਿਰਾਂ, ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕਰਨ 'ਤੇ ਸਾਹਮਣੇ ਆਇਆ ਕਿ ਸਿੱਖਿਆ ਦਾ ਵਪਾਰੀਕਰਨ ਕਰਨ ਦੇ ਨਿਰਾਸ਼ਾਜਨਕ ਨਤੀਜੇ ਸਮਾਜ ਦੇ ਸਾਹਮਣੇ ਆਉਣ ਲੱਗੇ ਹਨ।
ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਸਕੂਲ ਮੁਖੀਆਂ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀ ਵਰਗ ਨੂੰ ਅਨੁਸ਼ਾਸਨ 'ਚ ਰੱਖਣਾ ਬੇਹੱਦ ਚੁਣੌਤੀ ਭਰਿਆ ਕੰਮ ਹੈ ਤੇ ਵਿਦਿਆਰਥੀ ਵਰਗ ਛੋਟੀ-ਛੋਟੀ ਗੱਲ 'ਤੇ ਕਲਾਸ 'ਚ, ਸਕੂਲ 'ਚ ਜਾਂ ਸਕੂਲ ਦੇ ਬਾਹਰ ਹਿੰਸਕ ਗਤੀਵਿਧੀਆਂ ਕਰ ਰਿਹਾ ਹੈ। ਕਈ ਅਧਿਆਪਕਾਂ ਨੇ ਦੱਸਿਆ ਕਿ ਵਧ ਰਹੀ ਮੁਕਾਬਲੇਬਾਜ਼ੀ, ਸੋਸ਼ਲ ਮੀਡੀਆ ਦਾ ਜ਼ਿਆਦਾ ਪ੍ਰਯੋਗ, ਦੋਸਤ ਮੰਡਲੀ ਦਾ ਵੱਧਦਾ ਪ੍ਰਭਾਵ, ਸਿੱਖਿਆ ਪ੍ਰਾਪਤੀ ਦੌਰਾਨ ਵਧਦੇ ਖਰਚ ਤੇ ਭਵਿੱਖ ਪ੍ਰਤੀ ਅਨਿਸ਼ਿਚਤਾ ਕਾਰਨ ਵਿਦਿਆਰਥੀ ਵਰਗ ਬੇਹੱਦ ਮਾਨਸਿਕ ਦਬਾਅ ਹੇਠ ਹੈ। 
ਸਿੱਖਿਆ ਮਾਹਿਰ ਡਾਕਟਰ ਸਤਿੰਦਰ ਸਿੰਘ ਨੈਸ਼ਨਲ ਐਵਾਰਡੀ ਪ੍ਰਿੰਸੀਪਲ ਅਨੁਸਾਰ ਅੱਜ ਮਾਪਿਆਂ ਦਾ ਸਾਰਾ ਜ਼ੋਰ ਬੱਚਿਆਂ ਦੀ ਰੁਚੀ ਜਾਣੇ ਬਿਨਾਂ ਉਨ੍ਹਾਂ ਨੂੰ ਡਾਕਟਰ, ਇੰਜੀਨੀਅਰ, ਪ੍ਰਸ਼ਾਸਨਿਕ ਅਧਿਕਾਰੀ ਬਣਾਉਣ ਵੱਲ ਹੈ। ਇਸ ਤੋਂ ਇਲਾਵਾ ਮਹਿੰਗੇ ਸੰਸਥਾਨ ਤੇ ਸ਼ੋਅ ਰੂਮ ਨੁਮਾ ਕੋਚਿੰਗ ਸੈਂਟਰਾਂ ਦੀਆਂ ਦੁਕਾਨਾਂ ਵੀ ਵਿਦਿਆਰਥੀਆਂ ਦੀ ਹਾਲਤ ਖਰਾਬ ਕਰਨ 'ਚ ਅਹਿਮ ਯੋਗਦਾਨ ਦੇ ਰਹੀਆਂ ਹਨ, ਜਿਸ ਕਾਰਨ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਕੇ ਉਨ੍ਹਾਂ ਨੂੰ ਚੰਗੇ ਇਨਸਾਨ ਬਣਾਉਣਾ ਸਮੇਂ ਦੀ ਮੁੱਖ ਜ਼ਰੂਰਤ ਹੈ। ਇਸ ਲਈ ਅਧਿਆਪਕ ਨੂੰ ਦੋਸਤ, ਦਰਸ਼ਨਿਕ ਤੇ ਗਾਈਡ ਦੀ ਭੂਮਿਕਾ ਅਦਾ ਕਰਦੇ ਹੋਏ ਬੱਚਿਆਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣਾ ਚਾਹੀਦਾ ਹੈ।


Related News