ਵੇਰਕਾ ਵਲੋਂ ਸੁੱਕੇ ਦੁੱਧ ਤੇ ਲੰਬੀ ਮਿਆਦ ਵਾਲੇ ਪੈਕੇਟਾਂ ਦੀ ਸਪਲਾਈ ’ਚ ਵਾਧਾ

Monday, Mar 23, 2020 - 11:37 PM (IST)

ਚੰਡੀਗਡ਼੍ਹ (ਅਸ਼ਵਨੀ)- ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕੋਵਿਡ-19 ਦੇ ਵਧਦੇ ਪ੍ਰਕੋਪ ਨਾਲ ਨਜਿੱਠਣ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਵਲੋਂ ਐਲਾਨੇ ਕਰਫਿਊ ਦੌਰਾਨ ਮਿਲਕਫੈੱਡ ਵਲੋਂ ਸੂਬੇ ਦੇ ਲੋਕਾਂ ਲਈ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਅਤੇ ਕਿਸੇ ਵੀ ਤਰ੍ਹਾਂ ਭੈਅਭੀਤ ਹੋਣ ਦੀ ਲੋਡ਼ ਨਹੀਂ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਵੇਰਕਾ ਵੱਲੋਂ ਸੁੱਕੇ ਦੁੱਧ ਦੇ ਪਾਊਡਰ ਅਤੇ ਲੰਬੇ ਮਿਆਦ ਵਾਲੇ ਦੁੱਧ ਦੇ ਪੈਕੇਟਾਂ ਦੀ ਸਪਲਾਈ ’ਚ ਵੀ ਵਾਧਾ ਕਰ ਦਿੱਤਾ ਗਿਆ ਹੈ। ਸੂਬੇ ਦੇ ਪੇਂਡੂ ਇਲਾਕਿਆਂ ਦੇ ਦੁੱਧ ਉਤਪਾਦਕਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਉਹ ਫਿਕਰਮੰਦ ਨਾ ਹੋਣ ਅਤੇ ਉਨ੍ਹਾਂ ਦੇ ਦੁੱਧ ਦੀ ਖਰੀਦ ਦੇ ਸਾਰੇ ਪ੍ਰਬੰਧ ਯਕੀਨੀ ਬਣਾਏ ਜਾਣਗੇ। ਅੱਜ ਇਥੇ ਜਾਰੀ ਬਿਆਨ ’ਚ ਰੰਧਾਵਾ ਨੇ ਕਿਹਾ ਕਿ ਕਰਫਿਊ ਦੌਰਾਨ ਹਾਲਾਂਕਿ ਵੇਰਕਾ ਵਲੋਂ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰਹੇਗੀ ਪਰ ਫਿਰ ਵੀ ਲੋਕਾਂ ਦੀ ਸਹੂਲਤ ਲਈ ਕਮਰੇ ਦੇ ਤਾਪਮਾਨ ’ਚ 100 ਤੋਂ 180 ਦਿਨਾਂ ਤੱਕ ਮਿਆਦ ਵਾਲੇ ਯੂ. ਐੱਚ. ਟੀ. ਦੁੱਧ ਦਾ ਉਤਪਾਦਨ ਵਧਾ ਦਿੱਤਾ ਗਿਆ ਹੈ ਜਿਸ ਨੂੰ ਲੋਕ ਆਪਣੇ ਘਰਾਂ ’ਚ ਲੰਬੇ ਸਮੇਂ ਲਈ ਸਟੋਰ ਕਰ ਸਕਦੇ ਹਨ। ਇਸ ਤੋਂ ਇਲਾਵਾ ਇਕ ਕਿਲੋ ਦੀ ਪੈਕਿੰਗ ਵਾਲੇ ਸਕਿਮ ਅਤੇ ਸੁੱਕਾ ਦੁੱਧ ਪਾਊਡਰ ਦੀ ਸਪਲਾਈ ਵੀ ਵਧਾ ਦਿੱਤੀ ਹੈ, ਜਿਸ ਨੂੰ ਲੰਬੇ ਸਮੇਂ ਤੱਕ ਵਰਤਿਆ ਜਾ ਸਕਦਾ ਹੈ।
ਮਿਲਕਫੈੱਡ ਦੇ ਐੱਮ. ਡੀ. ਕਮਲਦੀਪ ਸਿੰਘ ਸੰਘਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਦੁੱਧ ਦੀ ਪੈਕਿੰਗ ਅਤੇ ਇਸ ਦੀ ਢੋਆ-ਢੋਆਈ ਆਦਿ ਸਭ ਸਾਫ-ਸੁਥਰੇ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਸਬੰਧਤ ਖੇਤਰਾਂ ਨੂੰ ਸੈਨੇਟਾਈਜ਼ਰ ਦੀ ਵਰਤੋਂ ਨਾਲ ਕੀਟਾਣੂ ਮੁਕਤ ਕੀਤਾ ਗਿਆ ਹੈ।


Gurdeep Singh

Content Editor

Related News