ਆਮਦਨ ਕਰ ਵਿਭਾਗ ਦੇ ਸਾਹਮਣੇ ਆਇਆ ਬੋਗਸ ਰਿਫੰਡ ਘਪਲਾ
Thursday, Apr 12, 2018 - 02:09 PM (IST)

ਲੁਧਿਆਣਾ (ਸੇਠੀ)-ਆਮਦਨ ਕਰ ਵਿਭਾਗ ਦੇ ਸਾਹਮਣੇ ਇਕ ਵੱਡਾ ਬੋਗਸ ਰਿਫੰਡ ਘਪਲਾ ਆਇਆ ਹੈ, ਜਿਸ ਦੀ ਵਿਭਾਗੀ ਜਾਂਚ ਤੋਂ ਬਾਅਦ 350 ਕੇਸ ਸਾਹਮਣੇ ਆਏ ਹਨ। ਇਸ ਸਬੰਧੀ ਵਿਭਾਗ ਵੱਲੋਂ ਬੁੱਧਵਾਰ ਨੂੰ ਇਕ ਟੈਕਸ ਪ੍ਰੈਕਟੀਸ਼ਨਰ ਦਾ ਸਰਵੇ ਵੀ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਰਿਫੰਡ ਕੇਸਾਂ ਦੀ ਅਸੈੱਸਮੈਂਟ ਕਰਦੇ ਸਮੇਂ ਕੁੱਝ ਕੇਸ ਬੋਗਸ ਨਜ਼ਰ ਆਏ, ਜਿਸ ਦੀ ਬਾਰੀਕੀ ਨਾਲ ਜਾਂਚ ਕਰਨ 'ਤੇ ਉਨ੍ਹਾਂ ਦੀ ਗਿਣਤੀ 350 ਦੇ ਲੱਗਭਗ ਪੁੱਜ ਗਈ ਅਤੇ ਇਹ ਬੋਗਸ ਰਿਫੰਡ 2 ਕਰੋੜ ਦੇ ਹਨ। ਵਿਭਾਗ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਿਨ੍ਹਾਂ ਲੋਕਾਂ ਨੇ ਬੋਗਸ ਰਿਫੰਡ ਅਪਲਾਈ ਕੀਤਾ ਹੈ, ਉਨ੍ਹਾਂ ਨੇ ਆਮਦਨ ਕਰ ਟੈਕਸ ਜਮ੍ਹਾ ਨਹੀਂ ਕਰਵਾਇਆ, ਜਿਸ ਨਾਲ ਵਿਭਾਗ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਨੇ ਇਨ੍ਹਾਂ ਸਾਰੇ ਕੇਸਾਂ ਨੂੰ ਚੈੱਕ ਕਰਨਾ ਸ਼ੁਰੂ ਕੀਤਾ। ਇਹ ਪਤਾ ਲਾਉਣ ਦਾ ਯਤਨ ਕਰ ਰਹੇ ਹਨ ਕਿ ਇਹ ਬੋਗਸ ਰਿਫੰਡ ਕੇਸ ਕਿਨ੍ਹਾਂ ਕਿਨ੍ਹਾਂ ਟੈਕਸ ਪ੍ਰੈਕਟੀਸ਼ਨਰਾਂ ਵੱਲੋਂ ਕਲੇਮ ਕਰਵਾਇਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਦੀ ਗਿਣਤੀ ਵਿਚ ਹੋਰ ਵਾਧਾ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਵਿਭਾਗ ਦੇ ਸਾਹਮਣੇ ਅਜਿਹਾ ਸਕੈਮ ਸ਼ਾਇਦ ਪਹਿਲੀ ਵਾਰ ਆਇਆ ਹੋਵੇਗਾ ਪਰ ਸਵਾਲ ਇਹ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਫ੍ਰਾਡ ਰਿਫੰਡ ਕੇਸ ਅਪਲਾਈ ਕਿਵੇਂ ਹੋਏ ਅਤੇ ਕਿੰਨਾ ਸਮਾਂ ਲੱਗਾ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਇਸ 'ਤੇ ਵੀ ਕੰਮ ਕਰ ਰਿਹਾ ਹੈ ਕਿ ਕੀ ਇਨ੍ਹਾਂ ਕੇਸਾਂ ਤੋਂ ਪਹਿਲਾਂ ਵੀ ਬੋਗਸ ਰਿਫੰਡ ਅਪਲਾਈ ਹੋਏ ਹਨ। ਇਸ ਲਈ ਇਸ ਕੇਸ ਨਾਲ ਵਿਭਾਗ ਚਿੰਤਾ ਵਿਚ ਨਜ਼ਰ ਆ ਰਿਹਾ ਹੈ ਅਤੇ ਉਹ ਇਹ ਕੇਸ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਦਾ ਯਤਨ ਕਰ ਰਿਹਾ ਹੈ।