ਵੇਰਕਾ ਮਿਲਕ ਪਲਾਂਟ ''ਚ ਵੱਡਾ ਘਪਲਾ, ਮੁਲਾਜ਼ਮ ਨੇ ਡਕਾਰੇ ਲੱਖਾਂ ਰੁਪਏ
Friday, Jan 30, 2026 - 12:56 PM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਵੇਰਕਾ ਮਿਲਕ ਯੂਨੀਅਨ 'ਚ ਲੱਖਾਂ ਦਾ ਘਪਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਜ਼ਿੰਮੇਵਾਰ ਅਹੁਦੇ 'ਤੇ ਤਾਇਨਾਤ ਵਿਅਕਤੀ ਨੇ ਸੰਸਥਾ ਦੇ ਲੱਖਾਂ ਰੁਪਿਆਂ 'ਤੇ ਹੱਥ ਸਾਫ਼ ਕਰ ਦਿੱਤਾ। ਜਨਰਲ ਮੈਨੇਜੇਰ, ਮਿਲਕ ਯੂਨੀਅਨ ਲੁਧਿਆਣਾ ਵਲੋਂ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਦੀ ਪਛਾਣ ਰਾਜਿੰਦਰ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਮਿਲਕ ਯੂਨੀਅਨ 'ਚ ਬਤੌਰ ਮਿਲਕ ਬਾਰ ਇੰਚਾਰਜ ਵਜੋਂ ਤਾਇਨਾਤ ਸੀ। ਜਾਣਕਾਰੀ ਮੁਤਾਬਕ ਦੋਸ਼ੀ ਰਾਜਿੰਦਰ ਸਿੰਘ ਕੋਲ ਮਿਲਕ ਬਾਰ ਦੀ ਰੋਜ਼ਾਨਾ ਹੋਣ ਵਾਲੀ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਵਿਕਰੀ ਦਾ ਕੈਸ਼ ਸੰਭਾਲਣ ਦੀ ਜ਼ਿੰਮੇਵਾਰੀ ਸੀ।
ਉਸ ਨੂੰ ਨਿਯਮਾਂ ਮੁਤਾਬਕ ਰੋਜ਼ਾਨਾ ਇਹ ਰਾਸ਼ੀ ਯੂਨੀਅਨ ਦੀ ਅਕਾਊਂਟ ਬ੍ਰਾਂਚ 'ਚ ਜਮ੍ਹਾਂ ਕਰਵਾਉਣੀ ਹੁੰਦੀ ਸੀ ਪਰ ਆਪਣੀ ਜ਼ਿੰਮੇਵਾਰੀ ਨੂੰ ਨਾ ਨਿਭਾਉਂਦੇ ਹੋਏ ਦੋਸ਼ੀ ਨੇ ਕਰੀਬ 8,62,849 ਰੁਪਏ ਦੀ ਭਾਰੀ ਰਕਮ ਯੂਨੀਅਨ ਦੇ ਖ਼ਾਤੇ 'ਚ ਜਮ੍ਹਾਂ ਕਰਵਾਉਣ ਦੀ ਬਜਾਏ ਖ਼ੁਰਦ-ਬੁਰਦ ਕਰ ਲਈ। ਜਦੋਂ ਵਿਭਾਗ ਨੂੰ ਇਸ ਵੱਡੀ ਗੜਬੜੀ ਦਾ ਪਤਾ ਲੱਗਿਆ ਤਾਂ ਮਾਮਲੇ ਦੀ ਜਾਂਚ ਕੀਤੀ ਗਈ। ਇਸ 'ਚ ਖ਼ੁਲਾਸਾ ਹੋਇਆ ਕਿ ਇੰਚਾਰਜ ਨੇ ਸੰਸਥਾ ਨਾਲ ਧੋਖਾ ਕੀਤਾ ਹੈ। ਜਨਰਲ ਮੈਨੇਜਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਘਪਲਾ ਪਿਛਲੇ ਕਿੰਨੇ ਸਮੇਂ ਤੋਂ ਚੱਲ ਰਿਹਾ ਸੀ ਅਤੇ ਕੀ ਇਸ 'ਚ ਕੋਈ ਹੋਰ ਵੀ ਸ਼ਾਮਲ ਹਨ।
