ਸਿੱਖਿਆ ਵਿਭਾਗ ਦਾ ਤੁਗਲਕੀ ਫਰਮਾਨ: ਪ੍ਰਾਇਮਰੀ ਤੇ ਮਾਸਟਰ ਕੇਡਰ ਦੇ ਅਧਿਆਪਕ ਲੈਣਗੇ 12ਵੀਂ ਦੇ ਪ੍ਰੈਕਟੀਕਲ
Saturday, Jan 31, 2026 - 09:05 AM (IST)
ਲੁਧਿਆਣਾ (ਵਿੱਕੀ) : ਜਿੱਥੇ ਇੱਕ ਪਾਸੇ ਵਿਭਾਗ ਦੇ ਹਜ਼ਾਰਾਂ ਮੁਲਾਜ਼ਮ ਆਪਣੀ ਪ੍ਰਮੋਸ਼ਨ ਦਾ ਇੰਤਜ਼ਾਰ ਕਰਦੇ ਹੋਏ ਰਿਟਾਇਰ ਹੋ ਰਹੇ ਹਨ ਅਤੇ ਵਿਭਾਗ ਕਦੇ ਟੈੱਟ ਤਾਂ ਕਦੇ ਕੋਰਟ ਕੇਸ ਦਾ ਬਹਾਨਾ ਬਣਾ ਕੇ ਉਨ੍ਹਾਂ ਨੂੰ ਤਰੱਕੀ ਤੋਂ ਦੂਰ ਰੱਖ ਰਿਹਾ ਹੈ, ਨਾਲ ਹੀ ਹੁਣ ਸਿੱਖਿਆ ਵਿਭਾਗ ਨੇ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਹੈ। ਵਿਭਾਗ ਨੇ 2 ਫਰਵਰੀ ਤੋਂ ਸ਼ੁਰੂ ਹੋਣ ਵਾਲੀਆਂ 12ਵੀਂ ਕਲਾਸ ਦੀਆਂ ਪ੍ਰੈਕਟੀਕਲ ਦੀਆਂ ਪ੍ਰੀਖਿਆਵਾਂ ਲਈ ਪ੍ਰਾਇਮਰੀ ਅਤੇ ਮਾਸਟਰ ਕੇਡਰ ਦੇ ਮੁਲਾਜ਼ਮਾਂ ਨੂੰ 12ਵੀਂ ਦੇ ਪ੍ਰੈਕਟੀਕਲ ਐਗਜ਼ਾਮੀਨਰ ਵਜੋਂ ਡਿਊਟੀ ਲਾ ਕੇ ਤਰੱਕੀ ਦਿੱਤੀ ਹੈ।
ਇਹ ਵੀ ਪੜ੍ਹੋ : ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨੂੰ ਲੈ ਕੇ ਪ੍ਰਸ਼ਾਸਨ ਅਲਰਟ, ਯੁੱਧ ਪੱਧਰ ’ਤੇ ਤਿਆਰੀਆਂ
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਬਹੁਤ ਸਾਰੇ ਅਧਿਆਪਕਾਂ ਕੋਲ ਪ੍ਰੈਕਟੀਕਲ ਵਿਸ਼ੇ ’ਚ ਮਾਸਟਰ ਡਿਗਰੀ ਵੀ ਨਹੀਂ ਹੈ। ਇਸ ਤੋਂ ਉੱਪਰ ਉਨ੍ਹਾਂ ਦੀ ਡਿਊਟੀ ਵੀ 50-60 ਕਿਲੋਮੀਟਰ ਦੂਰ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨੀ ’ਚ ਪਾ ਦਿੱਤਾ ਗਿਆ ਹੈ। ਅਜਿਹਾ ਲੱਗ ਰਿਹਾ ਹੈ ਕਿ ਇਹ ਪ੍ਰੀਖਿਆ ਵਿਦਿਆਰਥੀਆਂ ਨੂੰ ਪਰਖਣ ਦੀ ਬਜਾਏ ਪ੍ਰਾਇਮਰੀ ਅਤੇ ਮਾਸਟਰ ਕੇਡਰ ਨੂੰ ਪਰਖਣ ਲਈ ਹੈ। ਪ੍ਰੀਖਿਆ ਦਾ ਡਰ ਵਿਦਿਆਰਥੀਆਂ ਤੋਂ ਜ਼ਿਆਦਾ ਅਧਿਆਪਕਾਂ ਨੂੰ ਲੱਗ ਰਿਹਾ ਹੈ। ਗੌਰਮੈਂਟ ਸਕੂਲ ਲੈਕਚਰਰ ਯੂਨੀਅਨ, ਪੰਜਾਬ ਨੇ ਇਸ ਮੁੱਦੇ ਦਾ ਗੰਭੀਰ ਨੋਟਿਸ ਲੈਂਦੇ ਹੋਏ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਯੂਨੀਅਨ ਨੇ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਡਿਊਟੀਆਂ ’ਚ ਸੁਧਾਰ ਕੀਤਾ ਜਾਵੇ ਅਤੇ ਦੂਰ-ਦੁਰਾਡੇ ਲਾਈਆਂ ਡਿਊਟੀਆਂ ਨੂੰ ਬਲਾਕ ਅੰਦਰ ਹੀ ਐਡਜਸਟ ਕੀਤਾ ਜਾਵੇ।
