ਨਾਈਟ ਡਿਊਟੀ ਦੌਰਾਨ ਗਰਭਵਤੀ ਮਹਿਲਾ ਡਾਕਟਰ ਨਾਲ ਕਾਂਡ, ਹਸਪਤਾਲ 'ਚ ਪੈ ਗਿਆ ਰੌਲਾ
Tuesday, Sep 10, 2024 - 12:24 PM (IST)
ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਦੇ ਢਕੌਲੀ ਸਥਿਤ ਸਰਕਾਰੀ ਹਸਪਤਾਲ ’ਚ 2 ਨੌਜਵਾਨ ਜ਼ਬਰਦਸਤੀ ਦਾਖ਼ਲ ਹੋ ਗਏ। ਉਨ੍ਹਾਂ ਨੇ ਨਾਈਟ ਡਿਊਟੀ ’ਤੇ ਤਾਇਨਾਤ ਮੈਡੀਕਲ ਅਫ਼ਸਰ ਦੀ ਇਜਾਜ਼ਤ ਤੋਂ ਬਿਨਾਂ ਟੀਕੇ ਦੀਆਂ ਸਰਿੰਜਾਂ ਚੋਰੀ ਕਰ ਲਈਆਂ। ਘਟਨਾ ਦੀ ਸੂਚਨਾ ਪੁਲਸ ਨੂੰ ਮਿਲਣ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੋਮਵਾਰ ਦੁਪਹਿਰ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਦੀ ਪਛਾਣ ਦੀਪਕ ਕੁਮਾਰ ਵਾਸੀ ਡੇਰਾਬੱਸੀ ਤੇ ਅਰੁਣ ਨਾਗਰ ਵਾਸੀ ਸੈਕਟਰ-20 ਪੰਚਕੂਲਾ ਵਜੋਂ ਹੋਈ ਹੈ। ਮੁਲਜ਼ਮਾਂ ਨੂੰ ਮੰਗਲਵਾਰ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚਾਲਾਨ ਜਮ੍ਹਾਂ ਕਰਵਾਉਣ ਵਾਲਿਆਂ ਨੂੰ ਪਹਿਲੀ ਵਾਰ ਵੱਡੀ ਰਾਹਤ, ਜਾਣੋ ਕਿਉਂ ਲਿਆ ਗਿਆ ਅਜਿਹਾ ਫ਼ੈਸਲਾ
ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਲੁੱਟ-ਖੋਹ ਤੇ ਹੋਰ ਮਾਮਲੇ ਵੱਖ-ਵੱਖ ਥਾਣਿਆਂ ’ਚ ਦਰਜ ਹਨ, ਜਿਸ ਲਈ ਸਬੰਧਿਤ ਪੁਲਸ ਥਾਣੇ ’ਚ ਸੰਪਰਕ ਕਰ ਕੇ ਦਸਤਾਵੇਜ਼ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ਸਬੰਧੀ ਜ਼ੀਰਕਪੁਰ ਸਬ-ਡਵੀਜ਼ਨ ਦੇ ਡੀ.ਐੱਸ.ਪੀ. ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਹਸਪਤਾਲਾਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ, ਜਿਸ ’ਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਨਹੀਂ ਕੀਤੀ ਜਾਵੇਗੀ। ਉਕਤ ਮੁਲਜ਼ਮ ਦੀਪਕ ਤੇ ਅਰੁਣ ਨਸ਼ੇ ਦੇ ਆਦੀ ਹਨ ਤੇ ਨਸ਼ੇ ਦਾ ਸੇਵਨ ਸਰਿੰਜਾਂ ਲਾ ਕੇ ਕਰਦੇ ਹਨ। ਜ਼ੀਰਕਪੁਰ ਵਿਚ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਡਾਕਟਰ ਦੀ ਪਰਚੀ ਤੋਂ ਬਿਨਾਂ ਨਵੀਆਂ ਸਰਿੰਜਾਂ ਦੇਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਮੰਤਰੀ ਦਾ PSPCL ਮੁਲਾਜ਼ਮਾਂ ਨੂੰ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
ਦੋਵੇਂ ਮੁਲਜ਼ਮ ਐਤਵਾਰ ਰਾਤ ਢਕੌਲੀ ਸਥਿਤ ਸਰਕਾਰੀ ਹਸਪਤਾਲ ’ਚ ਸਰਿੰਜਾਂ ਲੈਣ ਲਈ ਆਏ ਸਨ। ਇਸ ਦੌਰਾਨ ਗਰਭਵਤੀ ਮੈਡੀਕਲ ਅਫ਼ਸਰ ਪ੍ਰਭਜੋਤ ਕੌਰ ਡਿਊਟੀ ’ਤੇ ਮੌਜੂਦ ਸਨ, ਜਿਸ ਨੇ ਦੋਹਾਂ ਮੁਲਜ਼ਮਾਂ ਨੂੰ ਸਰਿੰਜ ਦੇਣ ਤੋਂ ਨਾਂਹ ਕਰ ਦਿੱਤੀ। ਇਸ ਦੌਰਾਨ ਇੱਕ ਨੌਜਵਾਨ ਨੇ ਐਮਰਜੈਂਸੀ ਰੂਮ ਅੰਦਰ ਟੇਬਲ ’ਤੇ ਪਈ ਮੈਡੀਕਲ ਕਿੱਟ ’ਚੋਂ ਸਰਿੰਜ ਕੱਢ ਲਈ ਤੇ ਭੱਜ ਗਿਆ, ਜਦੋਂਕਿ ਦੂਜੇ ਨੌਜਵਾਨ ਨੂੰ ਮਹਿਲਾ ਡਾਕਟਰ ਨੇ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਨੂੰ ਧੱਕਾ ਦੇ ਕੇ ਉਥੋਂ ਫ਼ਰਾਰ ਹੋ ਗਿਆ। ਮੈਡੀਕਲ ਅਫ਼ਸਰ ਨੇ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ, ਜਿਨ੍ਹਾਂ ਵੱਲੋਂ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਵਿਭਾਗ ਹਰਕਤ ’ਚ ਆ ਗਿਆ, ਜਿਸ ਨੇ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲਸ ਨੇ ਦੋਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਫੜ੍ਹੇ ਗਏ ਮੁਲਜ਼ਮਾਂ ’ਚੋਂ ਦੀਪਕ ਖ਼ਿਲਾਫ਼ ਪਹਿਲਾਂ ਵੀ ਢਕੌਲੀ ਥਾਣੇ ’ਚ ਅਤੇ ਅਰੁਣ ਖ਼ਿਲਾਫ਼ ਚੰਡੀਮੰਦਰ ’ਚ ਮਾਮਲਾ ਦਰਜ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8