ਬਾਘਾਪੁਰਾਣਾ ਦੇ ਦੋ ਪ੍ਰੀਖਿਆ ਕੇਂਦਰਾਂ ''ਚ ਨਿਗਰਾਨਾਂ ਨੇ ਚਿੜੀ ਵੀ ਫੜਕਣ ਨਾ ਦਿੱਤੀ

Thursday, Mar 08, 2018 - 03:18 AM (IST)

ਬਾਘਾਪੁਰਾਣਾ,  (ਚਟਾਨੀ)-  ਨਕਲ ਦੇ ਰੁਝਾਨ 'ਤੇ ਨਕੇਲ ਪਾਉਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਅਪਣਾਏ ਜਾ ਰਹੇ ਨੁਕਤਿਆਂ ਨੇ ਨਕਲਚੀ ਵਿਦਿਆਰਥੀਆਂ ਤੇ ਨਕਲ ਦੇ ਹਾਮੀ ਅਧਿਆਪਕਾਂ ਦੀਆਂ ਆਸਾਂ 'ਤੇ ਇਸ ਵਾਰ ਮੁਕੰਮਲ ਤੌਰ 'ਤੇ ਪਾਣੀ ਫੇਰ ਦਿੱਤਾ ਹੈ। ਪਾਰਦਰਸ਼ੀ ਢੰਗ ਨਾਲ ਪ੍ਰੀਖਿਆ ਪ੍ਰਣਾਲੀ ਨੂੰ ਨੇਪਰੇ ਚਾੜ੍ਹਨ ਤੇ ਸਖਤ ਨਿਗਰਾਨਾਂ ਵਜੋਂ ਜਾਣੇ ਜਾਂਦੇ ਪ੍ਰਿੰਸੀਪਲ ਜਗਰੂਪ ਸਿੰਘ ਤੇ ਪ੍ਰਿੰਸੀਪਲ ਗੁਰਦੇਵ ਸਿੰਘ ਹੁਰਾਂ ਦੀ ਨਿਗਰਾਨੀ ਹੇਠ ਇਥੇ ਸਰਕਾਰੀ ਸੈਕੰਡਰੀ ਸਕੂਲ ਲੜਕੇ ਅਤੇ ਪੰਜਾਬ ਕੋ-ਐਜੂਕੇਸ਼ਨ ਸੈਕੰਡਰੀ ਸਕੂਲ 'ਚ ਹੋ ਰਹੀ 12ਵੀਂ ਦੀ ਪ੍ਰੀਖਿਆ 'ਚ ਚਿੜੀ ਤੱਕ ਫੜਕਣ ਨਾ ਦਿੱਤੀ ਜਾਣ ਕਾਰਨ ਨਕਲ ਨਾਲ ਬੇੜੀ ਪਾਰ ਕਰਨ ਵਾਲੇ ਵਿਦਿਆਰਥੀਆਂ ਦੇ ਹੋਸ਼ ਉੱਡੇ ਪਏ ਹਨ। 
ਪ੍ਰੀਖਿਆ ਆਰੰਭ ਹੋਣ ਤੋਂ ਪਹਿਲਾਂ ਇਕ-ਇਕ ਪ੍ਰੀਖਿਆਰਥੀ ਦੀ ਲਈ ਜਾਂਦੀ ਤਲਾਸ਼ੀ ਅਤੇ ਪ੍ਰੀਖਿਆ ਦੌਰਾਨ ਹਰੇਕ ਨਿਗਰਾਨ ਵੱਲੋਂ ਰੱਖੀ ਜਾਂਦੀ ਬਾਜ ਅੱਖ ਸਦਕਾ ਕੇਂਦਰ 'ਚ ਅਜਿਹੀ ਸੁੰਨ ਪੱਸਰੀ ਹੁੰਦੀ ਹੈ ਕਿ ਪੱਤਾ ਹਿਲਦਾ ਵੀ ਸੁਣਾਈ ਦਿੰਦਾ ਹੈ, ਉਕਤ ਪ੍ਰੀਖਿਆ ਕੇਂਦਰਾਂ ਦੇ ਆਸ-ਪਾਸ ਹੁਣ ਅਜਿਹੇ ਸਹਾਇਕਾਂ ਦਾ ਦਾਅ ਵੀ ਨਹੀਂ ਲੱਗਦਾ, ਜਿਹੜੇ ਪਰਚੀਆਂ ਰਾਹੀਂ ਆਪਣੇ ਬੱਚਿਆਂ ਦੀ ਮਦਦ ਕਰਦੇ ਰਹੇ ਹਨ। ਪ੍ਰਿੰਸੀਪਲ ਜਗਰੂਪ ਸਿੰਘ ਤੇ ਗੁਰਦੇਵ ਸਿੰਘ ਹੁਰਾਂ ਨੇ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪਾਰਦਰਸ਼ਤਾ ਵਾਲੇ ਮਾਹੌਲ ਨੂੰ ਬਹਾਲ ਰੱਖਣ ਦੇ ਹਾਮੀ ਰਹੇ ਹਨ ਅਤੇ ਸਿੱਖਿਆ ਸਕੱਤਰ ਦੇ ਸਖਤੀ ਵਾਲੇ ਹੁਕਮਾਂ ਦੇ ਉਹ ਭਰਪੂਰ ਪ੍ਰਸ਼ੰਸਕ ਹਨ। ਅਜਿਹੇ ਹੁਕਮਾਂ ਉੱਪਰ ਸਖਤੀ ਨਾਲ ਪਹਿਰਾ ਦੇ ਕੇ ਉਹ ਖੁਦ ਵੀ ਸਕੂਨ ਮਹਿਸੂਸ ਕਰਦੇ ਹਨ।
ਬੱਚਿਆਂ ਦੀ ਪਿਛਲੇ ਦਰਵਾਜ਼ਿਓਂ ਮਦਦ ਕਰਨ ਵਾਲੇ ਅਧਿਆਪਕਾਂ ਨੂੰ ਪ੍ਰਿੰਸੀਪਲ ਜਗਰੂਪ ਸਿੰਘ ਨੇ ਝੰਜੋੜਦਿਆਂ ਕਿਹਾ ਕਿ ਅਜਿਹਾ ਕਰ ਕੇ ਉਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ ਨਾ ਕਿ ਉਨ੍ਹਾਂ ਦੀ ਮਦਦ। ਅੱਜ ਦੇ ਵੱਖ-ਵੱਖ ਤਿੰਨ ਵਿਸ਼ਿਆਂ ਫਿਜ਼ਿਕਸ, ਪੋਲੀਟੀਕਲ ਸਾਇੰਸ ਅਤੇ ਕਾਮਰਸ ਲਈ ਸਰਕਾਰੀ ਸੈਕੰਡਰੀ ਸਕੂਲ ਲੜਕੇ ਵਿਖੇ 400 ਬੱਚਿਆਂ ਨੇ ਨਿਗਰਾਨ ਅਮਲੇ ਦੇ 17 ਮੈਂਬਰਾਂ ਦੀ ਸਖਤ ਨਿਗਰਾਨੀ ਹੇਠ ਪ੍ਰੀਖਿਆ ਦਿੱਤੀ।


Related News