ਪੁਲਸ ਅਧਿਕਾਰੀਆਂ ਦੇ ਤਬਾਦਲਿਆਂ ’ਚ ਮੁੱਖ ਮੰਤਰੀ ਮਾਨ ਨੇ ਡੀ. ਜੀ. ਪੀ. ਨੂੰ ਦਿੱਤਾ ਫ੍ਰੀ ਹੈਂਡ

Sunday, Nov 13, 2022 - 02:55 PM (IST)

ਜਲੰਧਰ (ਧਵਨ)–ਪੰਜਾਬ ’ਚ ਅੱਜ ਹੋਏ 33 ਉੱਚ ਪੁਲਸ ਅਧਿਕਾਰੀਆਂ ਦੇ ਤਬਾਦਲਿਆਂ ਵਿਚ ਕੋਈ ਸਿਆਸੀ ਦਖ਼ਲਅੰਦਾਜ਼ੀ ਨਹੀਂ ਰਹੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਤਬਾਦਲਿਆਂ ਵਿਚ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੂੰ ਫ੍ਰੀ ਹੈਂਡ ਦਿੱਤਾ ਹੈ ਤਾਂ ਜੋ ਉਹ ਤੇਜ਼-ਤਰਾਰ ਪੁਲਸ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਦੇ ਸਕਣ। ਮੁੱਖ ਮੰਤਰੀ ਦੀ ਸ਼ਰਤ ਇਹੀ ਸੀ ਕਿ ਨਵੇਂ ਅਧਿਕਾਰੀ ਇਸ ਤਰੀਕੇ ਨਾਲ ਨਿਯੁਕਤ ਕੀਤੇ ਜਾਣ ਕਿ ਉਹ ਲਾਅ ਐਂਡ ਆਰਡਰ ਨੂੰ ਮਜ਼ਬੂਤੀ ਨਾਲ ਬਣਾ ਕੇ ਰੱਖ ਸਕਣ।

ਪਿਛਲੇ 2-3 ਦਿਨਾਂ ਤੋਂ ਡੀ. ਜੀ. ਪੀ. ਗੌਰਵ ਯਾਦਵ ਨਵੇਂ ਪੁਲਸ ਅਧਿਕਾਰੀਆਂ ਦੀ ਟੀਮ ਬਣਾਉਣ ’ਚ ਲੱਗੇ ਹੋਏ ਸਨ। ਗੌਰਵ ਯਾਦਵ ਵੱਲੋਂ ਡੀ. ਜੀ. ਪੀ. ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਪਹਿਲਾ ਵੱਡੇ ਪੱਧਰ ’ਤੇ ਕੀਤਾ ਗਿਆ ਫੇਰ-ਬਦਲ ਹੈ। ਡੀ. ਜੀ. ਪੀ. ਨੇ ਪੁਰਾਣੇ ਤਜ਼ਰਬੇ ਵਾਲੇ ਪੁਲਸ ਅਧਿਕਾਰੀਆਂ ਨੂੰ ਵੀ ਅਹਿਮ ਸਥਾਨਾਂ ’ਤੇ ਤਾਇਨਾਤ ਕਰਵਾਇਆ ਹੈ। ਉਨ੍ਹਾਂ ਨੇ ਸਾਰੇ ਅਧਿਕਾਰੀਆਂ ਦੀ ਸੂਚੀ ਹੋਰ ਪੁਲਸ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਤਿਆਰ ਕੀਤੀ ਹੈ, ਜਿਸ ’ਤੇ ਮੁੱਖ ਮੰਤਰੀ ਨੇ ਮੋਹਰ ਲਾ ਦਿੱਤੀ ਹੈ। ਇਨ੍ਹਾਂ ਪੁਲਸ ਅਧਿਕਾਰੀਆਂ ਦੀ ਤਾਇਨਾਤੀ ਵਿਚ ਆਮ ਆਦਮੀ ਪਾਰਟੀ ਦੇ ਕਿਸੇ ਵੀ ਹੋਰ ਸਿਆਸਤਦਾਨ ਦੀ ਦਖ਼ਲਅੰਦਾਜ਼ੀ ਨਹੀਂ ਵੇਖੀ ਗਈ।

ਇਹ ਵੀ ਪੜ੍ਹੋ : ਸਰਹੱਦ ਪਾਰ: ਲਵ ਮੈਰਿਜ ਦਾ ਖ਼ੌਫ਼ਨਾਕ ਅੰਤ, ਵਿਆਹ ਦੇ ਇਕ ਮਹੀਨੇ ਬਾਅਦ ਪ੍ਰੇਮੀ-ਪ੍ਰੇਮਿਕਾ ਦਾ ਕਤਲ

ਸ਼ਨੀਵਾਰ ਨਿਯੁਕਤ ਕੀਤੇ ਗਏ ਅਧਿਕਾਰੀਆਂ ਵਿਚ ਜਸਕਰਨ ਸਿੰਘ ਦੀ ਅੰਮ੍ਰਿਤਸਰ ਵਿਚ ਤਾਇਨਾਤੀ ਅਹਿਮ ਹੈ। ਜਸਕਰਨ ਸਿੰਘ ਪਹਿਲਾਂ ਵੀ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਇਸੇ ਤਰ੍ਹਾਂ ਗੁਰਿੰਦਰ ਸਿੰਘ ਢਿੱਲੋਂ ਨੂੰ ਆਈ. ਜੀ. ਲਾਅ ਐਂਡ ਆਰਡਰ ਤਾਇਨਾਤ ਕਰਕੇ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਬੀ. ਚੰਦਰਸ਼ੇਖਰ ਨੂੰ ਜੇਲਾਂ ਦਾ ਏ. ਡੀ. ਜੀ. ਪੀ. ਨਿਯੁਕਤ ਕਰਕੇ ਸਰਕਾਰ ਨੇ ਜੇਲ੍ਹਾਂ ਅੰਦਰ ਨਸ਼ਿਆਂ ’ਤੇ ਪਾਬੰਦੀ ਲਾਉਣ ਦੇ ਸੰਕੇਤ ਦਿੱਤੇ ਹਨ। ਇਸੇ ਤਰ੍ਹਾਂ ਮਨਦੀਪ ਸਿੰਘ ਸਿੱਧੂ ਨੂੰ ਲੁਧਿਆਣਾ ਵਿਚ ਪੁਲਸ ਕਮਿਸ਼ਨਰ ਲਾਇਆ ਗਿਆ ਹੈ, ਜੋ ਪਹਿਲਾਂ ਕਈ ਜ਼ਿਲਿਆਂ ਵਿਚ ਐੱਸ. ਐੱਸ. ਪੀ. ਰਹਿ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਸਾਰੇ ਨਵੇਂ ਪੁਲਸ ਅਧਿਕਾਰੀਆਂ ਵਿਚ ਵਿਵੇਕਸ਼ੀਲ ਸੋਨੀ, ਸੰਦੀਪ ਗਰਗ, ਗੁਰਮੀਤ ਸਿੰਘ ਚੌਹਾਨ ਤੇ ਉਪਿੰਦਰਜੀਤ ਸਿੰਘ ਘੁੰਮਣ ਨੂੰ ਪਹਿਲਾਂ ਐੱਸ. ਐੱਸ. ਪੀ. ਵਜੋਂ ਕੰਮ ਕਰਨ ਦਾ ਤਜ਼ਰਬਾ ਹੈ। ਨਵੇਂ ਪੁਲਸ ਅਧਿਕਾਰੀਆਂ ਨੂੰ ਸੋਮਵਾਰ ਨੂੰ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 28 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਪਿਉ-ਪੁੱਤ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News