ਸ਼ਾਮ ਢਲਦੇ ਹੀ ਸ਼ਰਾਬੀਆਂ ਦੇ ਅੱਡੇ ਬਣ ਜਾਂਦੇ ਨੇ ਚਿਕਨ ਕਾਰਨਰ, ਢਾਬੇ ਅਤੇ ਰੇਹੜੀਆਂ

Monday, Jun 12, 2017 - 07:11 AM (IST)

ਸ਼ਾਮ ਢਲਦੇ ਹੀ ਸ਼ਰਾਬੀਆਂ ਦੇ ਅੱਡੇ ਬਣ ਜਾਂਦੇ ਨੇ ਚਿਕਨ ਕਾਰਨਰ, ਢਾਬੇ ਅਤੇ ਰੇਹੜੀਆਂ

ਲੁਧਿਆਣਾ, (ਮਹੇਸ਼)- ਸ਼ਾਮ ਢਲਦੇ ਹੀ ਮਹਾਨਗਰ ਲੁਧਿਆਣਾ ਦੇ ਅੰਦਰੂਨੀ ਤੇ ਬਾਹਰੀ ਇਲਾਕਿਆਂ ਵਿਚ ਲੱਗੀਆਂ ਫਾਸਟ ਫੂਡ ਦੀਆਂ ਰੇਹੜੀਆਂ, ਠੇਲੇ, ਛੋਟੇ-ਮੋਟੇ ਢਾਬੇ ਤੇ ਚਿਕਨ ਕਾਰਨਰ ਅਣ-ਐਲਾਨੇ ਸ਼ਰਾਬ ਦੇ ਅਹਾਤਿਆਂ ਵਿਚ ਬਦਲ ਜਾਂਦੇ ਹਨ। ਸ਼ਹਿਰੀ ਇਲਾਕਿਆਂ ਵਿਚ ਛੋਟੇ-ਮੋਟਿਆਂ ਨੂੰ ਛੱਡ ਕੇ ਅਜਿਹੇ ਅਹਾਤਿਆਂ ਦੀ ਗਿਣਤੀ 36 ਤੋਂ ਵੱਧ ਹੈ, ਜਦ ਕਿ ਬਾਈਪਾਸ ਨਾਲ ਲਗਦੇ ਇਲਾਕਿਆਂ ਵਿਚ ਇਨ੍ਹਾਂ ਦੀ ਗਿਣਤੀ ਸ਼ਹਿਰੀ ਇਲਾਕੇ ਤੋਂ ਦੁੱਗਣੀ ਹੈ।
ਸ਼ਹਿਰ ਦੇ ਕੁਝ ਅੰਦਰੂਨੀ ਇਲਾਕਿਆਂ ਵਿਚ ਪੁਲਸ ਦਾ ਡਰ ਦੇਖਿਆ ਜਾ ਰਿਹਾ ਹੈ ਅਤੇ ਲੁਕ-ਛਿਪਾ ਕੇ ਅਜਿਹਾ ਕੰਮ ਕਰਦੇ ਹਨ, ਜਦ ਕਿ ਬਾਹਰੀ ਇਲਾਕਿਆਂ ਵਿਚ ਕਈ ਪੁਲਸ ਵਾਲੇ ਖੁਦ ਅਜਿਹੇ ਲੋਕਾਂ ਨਾਲ ਘੁਲੇ-ਮਿਲੇ ਹੋਏ ਹਨ ਅਤੇ ਵਹਿੰਦੀ ਗੰਗਾ ਵਿਚ ਹੱਥ ਧੋ ਰਹੇ ਹਨ। ਅਜਿਹੀ ਸਥਿਤੀ ਜਲੰਧਰ ਬਾਈਪਾਸ, ਦਿੱਲੀ ਬਾਈਪਾਸ, ਚੰਡੀਗੜ੍ਹ ਬਾਈਪਾਸ, ਫਿਰੋਜ਼ਪੁਰ ਚੁੰਗੀ ਰੋਡ 'ਤੇ ਰਾਜਪੁਰਾ ਰੋਡ 'ਤੇ ਦੇਖੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਗਿੱਲ ਰੋਡ, ਸਮਰਾਲਾ ਚੌਕ, ਦੁੱਗਰੀ ਮਾਡਲ ਟਾਊਨ, ਸਰਾਭਾ ਮਾਰਕੀਟ ਤੇ ਹੋਰਨਾਂ ਥਾਵਾਂ 'ਤੇ ਲੋਕ ਖੁਦ ਹੀ ਸੜਕਾਂ 'ਤੇ ਬੋਤਲ ਖੋਲ੍ਹ ਕੇ ਬੈਠ ਜਾਂਦੇ ਹਨ, ਜਿਸ ਨਾਲ ਆਏ ਦਿਨ ਝਗੜੇ, ਰੋਡ ਐਕਸੀਡੈਂਟ ਆਦਿ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਕਈ ਮਹਿਲਾ ਸੰਗਠਨ ਇਹ ਵੀ ਦਾਅਵਾ ਕਰ ਰਹੇ ਹਨ ਕਿ ਇਸ ਨਾਲ ਘਰੇਲੂ ਹਿੰਸਾ ਤੇ ਰਾਹ ਜਾਂਦੀਆਂ ਮਹਿਲਾਵਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਫਿਰੋਜ਼ਪੁਰ ਰੋਡ 'ਤੇ ਹੀ ਚੁੰਗੀ ਦੇ ਅੰਦਰ ਤੇ ਬਾਹਰ ਕਈ ਅਜਿਹੇ ਢਾਬੇ ਹਨ, ਜਿੱਥੇ ਪੁਲਸ ਇਹ ਸਭ ਕੁਝ ਰੋਕ ਨਹੀਂ ਰਹੀ, ਜਿਸ ਤੋਂ ਇਲਾਵਾ ਜਲੰਧਰ ਰੋਡ 'ਤੇ ਕਈ ਚਿਕਨ ਕਾਰਨਰ ਤੇ ਪੈਟਰੋਲ ਪੰਪਾਂ ਨੇੜੇ ਵੀ ਜਾਮ ਟਕਰਾਉਂਦੇ ਹਨ, ਜਿੱਥੇ ਕਈ ਪੁਲਸ ਵਾਲੇ ਵੀ ਆਪਣੀ ਦਿਨ ਭਰ ਦੀ ਥਕਾਨ ਉਤਾਰਦੇ ਹਨ।
ਕੀ ਹੈ ਕਾਨੂੰਨ
ਸਹਾਇਕ ਆਬਕਾਰੀ ਤੇ ਟੈਕਸ ਕਮਿਸ਼ਨਰ ਲੁਧਿਆਣਾ-2 ਜਸਪਾਲ ਸਿੰਘ ਗਿੱਲ ਦਾ ਕਹਿਣਾ ਹੈ ਕਿ ਕਾਨੂੰਨ ਮੁਤਾਬਕ ਸ਼ਰਾਬ ਲਾਇਸੈਂਸ ਹੋਲਡਰ ਹੋਟਲਾਂ, ਕਲੱਬਾਂ, ਹਾਰਡ ਵਾਰ, ਬੀਅਰ ਬਾਰ ਤੇ ਡਾਕ ਬੰਗਲਿਆਂ ਵਿਚ ਪਿਲਾਈ ਜਾ ਸਕਦੀ ਹੈ।
ਮੈਰਿਜ ਪੈਲੇਸਾਂ ਵਿਚ ਵਿਆਹ ਤੇ ਹੋਰ ਸਮਾਰੋਹਾਂ ਵਿਚ ਅਸਥਾਈ ਲਾਇਸੈਂਸ ਪ੍ਰਾਪਤ ਕਰ ਕੇ ਸ਼ਰਾਬ ਸਰਵ ਕੀਤੀ ਜਾਂਦੀ ਹੈ। 
ਸਰਕਟ ਹਾਊਸ ਵਿਚ ਆਈ. ਏ. ਐੱਸ. ਰੈਂਕ ਦੇ ਉੱਚ ਅਧਿਕਾਰੀ ਨੂੰ ਕਿਸੇ ਖਾਸ ਸਮਾਰੋਹ ਦੌਰਾਨ ਅਸਥਾਈ ਮਨਜ਼ੂਰੀ ਦਿੱਤੀ ਗਈ ਹੈ ਅਤੇ ਸ਼ਰਾਬ ਦੇ ਠੇਕਿਆਂ ਦੇ ਨਾਲ ਖੁੱਲ੍ਹੇ ਲਾਇਸੈਂਸ ਅਹਾਤਿਆਂ ਵਿਚ ਸ਼ਰਾਬ ਪਿਲਾਈ ਜਾ ਸਕਦੀ ਹੈ।
ਕੀ ਕਹਿੰਦੇ ਹਨ ਅਧਿਕਾਰੀ
ਹਾਲਾਂਕਿ ਪੁਲਸ ਕਮਿਸ਼ਨਰ ਦਫਤਰ ਤੋਂ ਆਰਡਰ ਜਾਰੀ ਹੋਇਆ ਸੀ, ਜੋ ਵੀ ਦੁਕਾਨਦਾਰ ਅਤੇ ਰੇਹੜੀ ਠੇਲੇ ਵਾਲਾ ਸ਼ਰਾਬ ਪਿਲਾਏਗਾ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਸਿਰਫ ਆਦੇਸ਼ ਕਾਗਜ਼ਾਂ 'ਚ ਹੀ ਰਹਿ ਗਏ। ਇਲਾਕਾ ਪੁਲਸ ਉੱਚ ਅਧਿਕਾਰੀਆਂ ਨੂੰ ਦਿਖਾਉਣ ਲਈ ਸਿਰਫ ਛੋਟੀ-ਮੋਟੀ ਕਾਰਵਾਈ ਕਰ ਕੇ ਉਨ੍ਹਾਂ ਦੀਆਂ ਅੱਖਾਂ 'ਚ ਘੱਟਾ ਪਾਉਂਦੀ ਹੈ।


Related News