ਖਾਤੇ ''ਚ 1 ਲੱਖ ਰੁਪਏ ਆਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

Wednesday, Aug 09, 2017 - 02:39 AM (IST)

ਖਾਤੇ ''ਚ 1 ਲੱਖ ਰੁਪਏ ਆਉਣ ਦਾ ਝਾਂਸਾ ਦੇ ਕੇ ਮਾਰੀ ਠੱਗੀ

ਤਲਵੰਡੀ ਸਾਬੋ,   (ਮੁਨੀਸ਼)-  ਤਲਵੰਡੀ ਸਾਬੋ ਪੁਲਸ ਨੇ ਔਰਤਾਂ ਨੂੰ ਬੈਂਕ 'ਚ ਖਾਤੇ ਖੁੱਲ੍ਹਵਾ ਕੇ 1 ਲੱਖ ਰੁਪਏ ਆਉਣ ਦਾ ਕਥਿਤ ਝਾਂਸਾ ਦੇਣ ਵਾਲੀ ਇਕ ਔਰਤ ਸਮੇਤ 5 ਲੋਕਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦਰਜ ਮਾਮਲੇ ਅਤੇ ਜਾਣਕਾਰੀ ਅਨੁਸਾਰ ਬਲਜੀਤ ਕੌਰ ਵਾਸੀ ਬਹਿਮਣ ਜੱਸਾ ਸਿੰਘ ਨੇ ਬਰਿੰਦਰ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੂੰ ਇਕ ਦਰਖਾਸਤ ਦਿੱਤੀ ਕਿ ਉਨ੍ਹਾਂ ਦੇ ਪਿੰਡ ਦੀ ਇਕ ਔਰਤ ਨੇ ਉਨ੍ਹਾਂ ਨੂੰ ਦੱਸਿਆ ਕਿ ਕੇਂਦਰ ਅਤੇ ਪੰਜਾਬ ਸਰਕਾਰ ਔਰਤਾਂ ਦੇ ਖਾਤਿਆਂ 'ਚ 1 ਲੱਖ ਰੁਪਏ ਪਾ ਰਹੀ ਹੈ। 
ਉਕਤ ਔਰਤ ਨੇ ਕਿਹਾ ਕਿ ਮੈਂ ਪੈਸੇ ਪਾਉਣ ਲਈ ਕੇਸ ਤਿਆਰ ਕਰ ਰਹੀ ਹਾਂ, ਜਿਨ੍ਹਾਂ ਬੈਂਕਾਂ ਦੇ ਖਾਤਿਆਂ 'ਚ ਪੈਸੇ ਆਉਣੇ ਹਨ, ਉਨ੍ਹਾਂ ਤੋਂ ਵਾਕਿਫ ਹਾਂ।
ਉਨ੍ਹਾਂ ਦਰਖਾਸਤ 'ਚ ਦੱਸਿਆ ਕਿ ਔਰਤ ਨੇ ਕਿਹਾ ਕਿ ਜੇ ਤੁਸੀਂ ਖਾਤੇ ਖੁਲ੍ਹਵਾਉਣੇ ਹਨ ਤਾਂ ਆਪਣੇ ਰਿਹਾਇਸ਼ ਦੇ ਸਬੂਤ ਤੇ ਇਸ 'ਤੇ ਆਉਂਦਾ ਖਰਚਾ 3500 ਬਿਨਾਂ ਪੈਨ ਕਾਰਡ ਅਤੇ ਪੈਨ ਕਾਰਡ ਵਾਲਿਆਂ 3300 ਰੁਪਏ ਦੇਣਗੀਆਂ, ਜਿਸ ਕਰਕੇ ਪਿੰਡ ਦੀਆਂ ਕਾਫੀ ਔਰਤਾਂ ਨੇ ਇਹ ਪੈਸੇ ਦੇ ਕੇ ਆਪਣੇ ਖਾਤੇ ਖੁਲ੍ਹਵਾ ਲਏ, ਜਿਸ ਤੋਂ ਬਾਅਦ ਖਾਤਾਧਾਰਕਾਂ ਨੂੰ 1 ਫਰਮ ਦੀਆਂ ਬੈਂਕ ਵਾਲੀਆਂ ਪਾਸ ਬੁੱਕਾਂ ਜਾਰੀ ਕੀਤੀਆਂ ਗਈਆਂ ਪਰ ਉਨ੍ਹਾਂ 'ਚ ਕੋਈ ਪੈਸੇ ਨਹੀਂ ਆਏ। 
ਵਾਰ-ਵਾਰ ਪੀੜਤਾਂ ਵੱਲੋਂ ਔਰਤ ਤੋਂ ਪੈਸੇ ਬਾਰੇ ਪੁੱਛਣ 'ਤੇ ਉਹ ਕੁੱਝ ਸਮਾਂ ਰੁੱਕ ਜਾਓ ਕਹਿੰਦੀ ਰਹੀ। 
ਦਰਖਾਸਤ 'ਚ ਪੀੜਤਾ ਨੇ ਦੱਸਿਆ ਕਿ ਆਖਰ ਔਰਤ ਨੇ ਇਹ ਕਹਿ ਦਿੱਤਾ ਕਿ ਨਰਿੰਦਰ ਮੋਦੀ ਨੇ ਸਕੀਮ ਬੰਦ ਕਰ ਦਿੱਤੀ ਹੈ, ਇਸ ਕਰਕੇ ਪੈਸੇ ਨਹੀਂ ਆਉਣਗੇ। 
ਮਾਮਲੇ ਦੀ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਜਾਂਚ ਕਰਵਾਉਣ ਤੋਂ ਬਾਅਦ ਤਲਵੰਡੀ ਸਾਬੋ ਪੁਲਸ ਨੂੰ ਮਾਮਲਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ। ਤਲਵੰਡੀ ਸਾਬੋ ਪੁਲਸ ਨੇ ਬਲਜੀਤ ਕੌਰ ਵਾਸੀ ਬਹਿਮਣ ਜੱਸਾ ਸਿੰਘ ਦੇ ਬਿਆਨ 'ਤੇ ਬਲਵਿੰਦਰ ਸਿੰਘ, ਕਿਰਨਦੀਪ ਸਿੰਘ, ਗੁਰਸ਼ਿੰਦਰਜੀਤ ਸਿੰਘ ਵਾਸੀ ਚਿਰੰਜੀਖੇੜਾ, ਰਜਤ ਵਾਸੀ ਲਹਿਰਾਗਾਗਾ ਅਤੇ ਹਰਪ੍ਰੀਤ ਕੌਰ ਵਾਸੀ ਬਹਿਮਣ ਜੱਸਾ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Related News