ਨਿਊਜ਼ੀਲੈਂਡ ''ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਮਿਲਿਆ ''ਜਸਟਿਸ ਆਫ ਦਾ ਪੀਸ'' ਬਣਨ ਦਾ ਮਾਣ
Monday, Oct 30, 2017 - 03:44 PM (IST)
ਔਕਲੈਂਡ/ਹੁਸ਼ਿਆਰਪੁਰ, (ਜੁਗਰਾਜ ਮਾਨ)— ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ 'ਜਸਟਿਸ ਆਫ ਦਾ ਪੀਸ' (ਜੇ.ਪੀ.) ਦੀ ਸ਼੍ਰੇਣੀ ਵਿਚ ਇਕ ਹੋਰ ਪੰਜਾਬੀ ਹਸਤਾਖਰ ਸ. ਹਰਜਿੰਦਰ ਸਿੰਘ (ਬਸਿਆਲਾ) ਜੁੜ ਗਿਆ ਹੈ। ਸੋਮਵਾਰ ਨੂੰ ਪੁੱਕੀਕੋਹੀ ਜ਼ਿਲ੍ਹਾ ਅਦਾਲਤ ਵਿਚ ਮਾਣਯੋਗ ਜੱਜ ਜੀ.ਟੀ. ਵਿੰਟਰ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ। ਵਰਨਣਯੋਗ ਹੈ ਕਿ ਮਾਣਯੋਗ ਜੱਜ ਭਾਰਤ ਦੇ ਉੱਤਰ ਪ੍ਰਦੇਸ਼ ਵਿਚ ਆਪਣਾ ਕੁਝ ਜੀਵਨ ਕਾਲ ਬਤੀਤ ਕਰ ਚੁੱਕੇ ਹਨ। ਇਕ ਜੇ.ਪੀ. ਦੋ ਤਰ੍ਹਾਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ, ਪਹਿਲੀ ਹੈ ਮਨਿਸਟਰੀਅਲ ਅਤੇ ਦੂਜੀ ਜੁਡੀਸ਼ਲ। ਜੁਡੀਸ਼ਲ ਡਿਊਟੀ ਵਾਸਤੇ ਵੱਖਰੀ ਸਿਖਲਾਈ ਹੁੰੰਦੀ ਹੈ, ਉਂਝ ਮੁੱਖ ਰੂਪ ਵਿਚ ਜੇ.ਪੀ. ਮਨਿਸਟਰੀਅਲ ਡਿਊਟੀ ਹੀ ਨਿਭਾਉਂਦਾ ਹੈ ਬਸ਼ਰਤੇ ਉਸ ਕੋਲ ਜੁਡੀਸ਼ਲ ਦੀ ਵੀ ਟ੍ਰੇਨਿੰਗ ਹੋਵੇ। ਮਨਿਸਟਰੀ ਆਫ ਜਸਟਿਸ ਵੱਲੋਂ ਨਿਰਧਾਰਤ ਮਨਿਸਟਰੀਅਲ ਡਿਊਟੀਜ਼ ਵਿਚ ਸ਼ਾਮਲ ਹੁੰਦਾ ਹੈ। ਹਲਫ ਅਤੇ ਘੋਸ਼ਣਾ ਪੱਤਰ ਲੈਣਾ, ਅਸਲ ਅਰਜੀਦਾਤਾ ਦੇ ਦਸਤਖਤਾਂ ਵਾਸਤੇ ਗਵਾਹੀ ਭਰਨੀ, ਸਰਟੀਫਿਕੇਟ ਅਤੇ ਹੋਰ ਫੋਟੋਸਟੇਟ ਕਾਗਜ਼ ਪੱਤਰ ਤਸਦੀਕ ਕਰਨੇ ਆਦਿ। ਇਹ ਨਿਸ਼ਕਾਮ ਕਮਿਊਨਿਟੀ ਸੇਵਾ ਹੁੰਦੀ ਹੈ ਅਤੇ ਇਸ ਕਾਰਜ ਵਾਸਤੇ ਕੋਈ ਫੀਸ ਨਹੀਂ ਹੁੰਦੀ। ਗਵਰਨਰ ਜਨਰਲ ਦਫਤਰ ਵੱਲੋਂ ਕੀਤੀ ਜਾਂਦੀ ਜੇ.ਪੀ. ਦੀ ਨਿਯੁਕਤੀ ਜੀਵਨ ਭਰ ਲਈ ਹੁੰਦੀ ਹੈ। ਸੋਮਵਾਰ ਨੂੰ ਚਾਰ ਨਵੇਂ ਬਣੇ ਜੇ.ਪੀਜ਼ ਨੂੰ ਨਿਯੁਕਤੀ ਪੱਤਰ ਦਿੱਤੇ ਗਏ।

ਜ਼ਿਕਰਯੋਗ ਹੈ ਕਿ ਸ. ਬਸਿਆਲਾ ਪਿਛਲੇ 10 ਸਾਲਾਂ ਤੋਂ ਨਿਊਜ਼ੀਲੈਂਡ ਦੇ ਪੱਕੇ ਵਸਨੀਕ ਹਨ। ਉਹ ਲੰਬਾ ਸਮਾਂ ਜਲੰਧਰ ਵਿਖੇ ਇਕ ਪ੍ਰਸਿੱਧ ਪੰਜਾਬੀ ਅਖਬਾਰ ਵਿਚ ਵੱਖ-ਵੱਖ ਅਹੁਦਿਆਂ ਉਤੇ ਕੰਮ ਕਰਦੇ ਰਹੇ। ਉਨ੍ਹਾਂ ਦਾ ਜੱਦੀ ਪਿੰਡ ਬਸਿਆਲਾ (ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ) ਹੈ। ਉਹ ਨਿਊਜ਼ੀਲੈਂਡ ਦੀ ਪਹਿਲੀ ਰੋਜ਼ਾਨਾ ਅੱਪਡੇਟ ਹੋਣ ਵਾਲੀ ਪੰਜਾਬੀ ਆਨ-ਲਾਈਨ ਅਖਬਾਰ ਦੇ ਸੰਪਾਦਕ ਹਨ।
ਨਿਊਜ਼ੀਲੈਂਡ ਦੇ ਵਿਚ 'ਜਸਟਿਸ ਆਫ ਦਾ ਪੀਸ' ਸਿਸਟਮ ਦਾ ਇਤਿਹਾਸ ਸਦੀਆਂ ਪੁਰਾਣਾ ਹੈ। ਲਗਪਗ 800 ਸਾਲ ਪਹਿਲਾਂ ਇਸ ਸਨਮਾਨ ਭਰੇ ਅਹੁਦੇ ਨੂੰ ਕਿੰਗਜ਼ ਕੰਜ਼ਰਵੇਟਰ, ਵਾਰਡਨ ਜਾਂ ਫਿਰ 'ਕੀਪਰ ਆਫ ਦਾ ਪੀਸ' (ਸ਼ਾਂਤੀ ਦਾ ਰਖਵਾਲਾ) ਕਿਹਾ ਜਾਂਦਾ ਸੀ ਪਰ 1814 ਦੇ ਵਿਚ ਇਸ ਨੂੰ ਜਸਟਿਸ ਆਫ ਦਾ ਪੀਸ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਸ ਵੇਲੇ ਦੇਸ਼ ਦੇ ਵਿਚ ਕੁੱਲ 6050 ਤੋਂ ਜਿਆਦਾ ਜੇ.ਪੀ. ਹਨ ਅਤੇ 29 ਜੇ.ਪੀ. ਐਸੋਸੀਏਸ਼ਨਜ਼ ਹਨ।
ਨਿਊਜ਼ੀਲੈਂਡ ਵਿਚ ਸਰਗਰਮ ਪੰਜਾਬੀ ਮੀਡੀਆ ਕਰਮੀਆਂ ਅਤੇ ਸਥਾਨਕ ਸਮੁੱਚੇ ਭਾਰਤੀ ਭਾਈਚਾਰੇ ਵੱਲੋਂ ਇਸ ਨਿਯੁਕਤੀ ਦਾ ਭਰਵਾਂ ਸਵਾਗਤ ਕੀਤਾ ਗਿਆ ਹੈ।
