ਨੀਲਾਮੀ ਦੌਰਾਨ ਪ੍ਰਾਪਰਟੀ ਰੇਟਾਂ ਨੂੰ ਘੱਟ ਕਰੇਗਾ ਇੰਪਰੂਵਮੈਂਟ ਟਰੱਸਟ

04/03/2018 11:36:04 AM

ਜਲੰਧਰ (ਪੁਨੀਤ)— ਆਰਥਿਕ ਤੰਗੀ ਨਾਲ ਜੂਝ ਰਿਹਾ ਇੰਪਰੂਵਮੈਂਟ ਟਰੱਸਟ ਅਗਲੀ ਨੀਲਾਮੀ 'ਚ ਆਪਣੀ ਪ੍ਰਾਪਰਟੀ ਦੇ ਰੇਟਾਂ ਨੂੰ ਘਟਾਉਣ ਜਾ ਰਿਹਾ ਹੈ, ਜਿਸ ਲਈ ਸਰਕਾਰ ਵੱਲੋਂ ਕਮਿਸ਼ਨ ਲੈਣ ਲਈ ਤਿਆਰੀ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਬਾਜ਼ਾਰ ਮੰਦਾ ਚੱਲ ਰਿਹਾ ਹੈ ਅਤੇ ਟਰੱਸਟ ਦੀ ਨੀਲਾਮੀ 'ਚ ਬੋਲੀਦਾਤੇ ਖਾਸ ਦਿਲਚਸਪੀ ਨਹੀਂ ਦਿਖਾ ਰਹੇ। 
ਪਿਛਲੀ ਵਾਰ ਟਰੱਸਟ ਵੱਲੋਂ 100 ਕਰੋੜ ਦੀ ਪ੍ਰਾਪਰਟੀ ਨੀਲਾਮੀ ਵਿਚ ਰੱਖੀ ਗਈ ਸੀ, ਜਿਸ 'ਚੋਂ ਸਿਰਫ 95 ਲੱਖ ਦੀਆਂ ਜਾਇਦਾਦਾਂ ਹੀ ਵਿੱਕ ਸਕੀਆਂ ਅਤੇ ਟਰੱਸਟ ਬੋਲੀ ਕਰਵਾਉਣ 'ਚ ਖਰਚ ਹੋਏ ਲੱਖਾਂ ਰੁਪਏ ਵੀ ਨਹੀਂ ਵਸੂਲ ਕਰ ਸਕਿਆ। ਇਸ 95 ਲੱਖ ਦਾ 10 ਫੀਸਦੀ ਟਰੱਸਟ ਨੂੰ ਮੌਕੇ 'ਤੇ ਹੀ ਮਿਲ ਗਿਆ, ਜਦੋਂਕਿ ਬਾਕੀ ਦੀ ਰਕਮ ਮਿਲਣ 'ਚ ਅਜੇ ਸਮਾਂ ਲੱਗੇਗਾ। ਨਿਯਮਾਂ ਮੁਤਾਬਕ ਟਰੱਸਟ ਵੱਲੋਂ ਨੀਲਾਮੀ ਕਰਵਾਉਣ ਤੋਂ ਬਾਅਦ ਸਰਕਾਰ ਕੋਲੋਂ ਇਕ ਪਰਮਿਸ਼ਨ ਲੈਣੀ ਪਵੇਗੀ ਅਤੇ ਉਕਤ ਪਰਮਿਸ਼ਨ ਲੈਣ ਤੋਂ ਬਾਅਦ ਬੋਲੀਦਾਤਾ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ, ਜਿਸ 'ਚ ਉਹ ਬਾਕੀ ਦੀ ਰਕਮ ਜਮ੍ਹਾ ਕਰਵਾ ਸਕਦਾ ਹੈ। 
94.97 ਏਕੜ ਬਣਿਆ ਪਰੇਸ਼ਾਨੀ ਦਾ ਕਾਰਨ: 2011 'ਚ ਲਾਂਚ ਕੀਤੀ ਗਈ 94.97 ਏਕੜ ਸੂਰਿਆ ਐਨਕਲੇਵ ਐਕਸਟੈਂਸ਼ਨ ਸਕੀਮ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਇਸ ਸਕੀਮ ਦੇ ਫਲਾਪ ਹੋਣ ਤੋਂ ਬਾਅਦ ਲੋਕਾਂ ਦਾ ਟਰੱਸਟ ਤੋਂ ਭਰੋਸਾ ਉਠਦਾ ਜਾ ਰਿਹਾ ਹੈ ਤੇ ਨੀਲਾਮੀ ਪ੍ਰਕਿਰਿਆ 'ਚ ਉਹ ਰੁਚੀ ਨਹੀਂ ਦਿਖਾ ਰਹੇ। 94.97 ਏਕੜ ਦੇ ਕਬਜ਼ੇ ਤੱਕ ਟਰੱਸਟ ਨਹੀਂ ਹਟਾ ਸਕਿਆ ਅਤੇ ਅੱਜ ਆਪਣੇ ਪਲਾਟਾਂ ਦੀ ਪੋਜ਼ੈਸ਼ਨ ਲੈਣ ਲਈ ਭਟਕ ਰਿਹਾ ਹੈ। ਕਈ ਵਾਰ ਟਰੱਸਟ ਖਿਲਾਫ ਹੋਏ ਪ੍ਰਦਰਸ਼ਨਾਂ ਦੇ ਬਾਵਜੂਦ ਸਰਕਾਰ 'ਤੇ ਕੰੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ ਅਤੇ ਲੋਕ ਕਾਂਗਰਸ ਸਰਕਾਰ ਨੂੰ ਕੋਸ ਰਹੇ ਹਨ। 
ਟਰੱਸਟ ਦੀ ਨਵੀਂ ਬੋਤਲ 'ਚ ਹੋਵੇਗੀ ਪੁਰਾਣੀ ਸ਼ਰਾਬ: ਦੁਬਾਰਾ ਨੀਲਾਮੀ ਕਰਵਾਉਣ ਦੀ ਜੋ ਤਿਆਰੀ ਕੀਤੀ ਜਾ ਰਹੀ ਹੈ, ਉਸ 'ਤੇ ਨਵੀਂ ਬੋਤਲ ਵਿਚ ਪੁਰਾਣੀ ਸ਼ਰਾਬ ਵਾਲੀ ਕਹਾਵਤ ਠੀਕ ਬੈਠਦੀ ਹੈ। 7 ਸਾਲਾਂ 'ਚ ਟਰੱਸਟ ਦੀ ਕੋਈ ਵੀ ਨਵੀਂ ਸਕੀਮ ਨਹੀਂ ਆਈ, ਜਿਸ ਕਾਰਨ ਟਰੱਸਟ ਕੋਲ ਪੁਰਾਣੀਆਂ ਜਾਇਦਾਦਾਂ ਪਈਆਂ ਹਨ ਜੋ ਕਈ ਵਾਰ ਨੀਲਾਮੀ 'ਚ ਰੱਖੀਆਂ ਜਾ ਰਹੀਆਂ ਹਨ। ਅੱਜ ਵੀ ਜੋ ਬੋਲੀ ਕਰਵਾਈ ਜਾਣੀ ਹੈ, ਉਸ 'ਚ ਜ਼ਿਆਤਰ ਪੁਰਾਣੀ ਪ੍ਰਾਪਰਟੀ ਹੀ ਸ਼ਾਮਲ ਹੈ। ਦੇਖਣਾ ਹੋਵੇਗਾ ਕਿ ਟਰੱਸਟ ਦੀ ਇਸ ਕਰਵਾਈ ਜਾ ਰਹੀ ਨੀਲਾਮੀ 'ਚ ਕੀ ਰਿਸਪਾਂਸ ਮਿਲਦਾ ਹੈ।


Related News