ਲਗਾਤਾਰ ਘੱਟ ਸਕੋਰ ਵਾਲੀਆਂ ਪਾਰੀਆਂ ਦੌਰਾਨ ਸਹੀ ਲੋਕਾਂ ’ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ : ਜਾਇਸਵਾਲ

05/04/2024 7:58:46 PM

ਨਵੀਂ ਦਿੱਲੀ, (ਭਾਸ਼ਾ)- ਨੌਜਵਾਨ ਭਾਰਤੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸ਼ੁਰੂਆਤੀ ਪੜਾਅ ਦੌਰਾਨ ਜਦੋਂ ਉਹ ਖਰਾਬ ਫਾਰਮ ’ਚ ਸੀ, ਤਾਂ ਉਸ ਨੇ ਪ੍ਰਕਿਰਿਆ ’ਤੇ ਧਿਆਨ ਦਿੱਤਾ ਅਤੇ ਅਜਿਹੇ ਲੋਕਾਂ ’ਚ ਰਹਿਣ ’ਤੇ ਧਿਆਨ ਦਿੱਤਾ, ਜਿਨ੍ਹਾਂ ਨੇ ਉਸ ਨੂੰ ਪਹਿਲਾਂ ਚੰਗੀ ਸਲਾਹ ਦਿੱਤੀ ਸੀ।

ਆਈ. ਪੀ. ਐੱਲ. ਦੇ ਪਹਿਲੇ 7 ਮੈਚਾਂ ’ਚ ਸਿਰਫ 121 ਦੌੜਾਂ ਬਣਾਉਣ ਤੋਂ ਬਾਅਦ ਇਸ ਗੱਲ ’ਤੇ ਸ਼ੱਕ ਸੀ ਕਿ ਕੀ ਜਾਇਸਵਾਲ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ’ਚ ਥਾਂ ਬਣਾ ਸਕੇਗਾ। ਹਾਲਾਂਕਿ ਉਸ ਨੇ ਅਗਲੀਆਂ ਤਿੰਨ ਪਾਰੀਆਂ ’ਚ 104, 24 ਅਤੇ 67 ਦੌੜਾਂ ਬਣਾ ਕੇ ਆਪਣੇ ਆਪ ਨੂੰ ਸਾਬਤ ਕੀਤਾ। ਜਾਇਸਵਾਲ ਨੇ ਇੱਥੇ ਇਕ ਸਮਾਗਮ ਦੌਰਾਨ ਕਿਹਾ,‘‘ਮੈਂ ਆਪਣੀ ਪ੍ਰਕਿਰਿਆ ’ਤੇ ਬਹੁਤ ਧਿਆਨ ਕੇਂਦਰਿਤ ਕਰਦਾ ਹਾਂ ਅਤੇ ਅਭਿਆਸ ਸੈਸ਼ਨਾਂ ’ਚ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ।’’

ਮੈਂ ਸਖਤ ਮਿਹਨਤ ਕਰਨ ਦੇ ਨਾਲ ਸਹੀ ਲੋਕਾਂ ’ਚ ਰਹਿਣਾ ਪਸੰਦ ਕਰਦਾ ਹਾਂ।’’ ਰਾਜਸਥਾਨ ਦੀ ਟੀਮ 10 ਮੈਚਾਂ ’ਚ 16 ਅੰਕਾਂ ਨਾਲ ਪਲੇਆਫ ਦੀ ਦੌੜ ’ਚ ਚੰਗੀ ਸਥਿਤੀ ’ਚ ਹੈ। ਜਾਇਸਵਾਲ ਚਾਹੁੰਦਾ ਹੈ ਕਿ ਉਸ ਦੀ ਟੀਮ ਇਸ ਲੈਅ ਬਰਕਰਾਰ ਰੱਖੇ। ਉਸ ਨੇ ਕਿਹਾ,‘‘ਸਾਡੇ ਲਈ ਸਾਰੀਆਂ ਚੀਜ਼ਾਂ ਠੀਕ ਚੱਲ ਰਹੀਆਂ ਹਨ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਸ ਗਤੀ ਨੂੰ ਜਾਰੀ ਰੱਖਦੇ ਹੋਏ ਆਪਣੇ ਆਉਣ ਵਾਲੇ ਮੈਚਾਂ ’ਚ ਵੀ ਪ੍ਰਕਿਰਿਆ ’ਤੇ ਧਿਆਨ ਦੇਵਾਂਗੇ।’’

ਜਾਇਸਵਾਲ ਮੁਤਾਬਕ ਆਈ. ਪੀ. ਐੱਲ. ਖੇਡਣ ਨਾਲ ਉਸ ਨੂੰ ਅਮਰੀਕਾ ਅਤੇ ਵੈਸਟਇੰਡੀਜ਼ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਨੂੰ ਮਜ਼ਬੂਤ ​​ਕਰਨ ਦਾ ਮੌਕਾ ਮਿਲੇਗਾ। ਭਾਰਤ ਲਈ 17 ਟੀ-20 ਮੈਚ ਖੇਡ ਚੁੱਕੇ ਇਸ ਕਲਾਤਮਕ ਬੱਲੇਬਾਜ਼ ਨੇ ਕਿਹਾ, ‘‘ਸਾਨੂੰ ਬਹੁਤ ਫਾਇਦਾ ਹੋਣ ਵਾਲਾ ਹੈ। ਅਸੀਂ ਆਈ. ਪੀ. ਐੱਲ. ’ਚ ਉਨ੍ਹਾਂ ਹੀ ਖਿਡਾਰੀਆਂ (ਦੂਜੇ ਦੇਸ਼ਾਂ ਦੇ ਖਿਡਾਰੀ ਜੋ ਵਿਸ਼ਵ ਕੱਪ ਖੇਡੇ) ਨਾਲ ਖੇਡ ਰਹੇ ਹਾਂ ਅਤੇ ਅਸੀਂ ਉਨ੍ਹਾਂ ਨੂੰ ਜਾਣਦੇ ਹਾਂ ਅਤੇ ਅਸੀਂ ਇਸ ਲਈ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹਾਂ।’’


Tarsem Singh

Content Editor

Related News