ਹਵੇਲੀ ''ਚ ਖੜ੍ਹੀ ਗੱਡੀ ''ਚੋਂ ਬੈਗ ਸਮੇਤ ਜ਼ਰੂਰੀ ਦਸਤਾਵੇਜ਼ ਚੋਰੀ
Friday, Mar 30, 2018 - 04:31 PM (IST)

ਬਟਾਲਾ (ਬੇਰੀ, ਸੈਂਡੀ) : ਚੋਰਾਂ ਵੱਲੋਂ ਗੱਡੀ 'ਚੋਂ ਬੈਗ ਚੋਰੀ ਕਰ ਲਏ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਕਾਬਲ ਸਿੰਘ ਪੁੱਤਰ ਸਵ. ਪਾਲ ਸਿੰਘ ਵਾਸੀ ਪਿੰਡ ਭਿੱਟੇਵਿੱਢ ਚੀਮਾ ਹਾਲ ਵਾਸੀ ਲੁਧਿਆਣਾ ਨੇ ਦੱਸਿਆ ਕਿ ਉਹ ਨਹਿਰੀ ਵਿਭਾਗ 'ਚ ਨੌਕਰੀ ਕਰਦਾ ਹੈ ਅਤੇ ਇਕ ਰਿਹਾਇਸ਼ੀ ਮਕਾਨ ਉਸ ਨੇ ਲੁਧਿਆਣਾ ਵਿਖੇ ਬਣਾਇਆ ਹੋਇਆ ਹੈ। ਉਹ ਆਪਣੇ ਮਾਪਿਆਂ ਨੂੰ ਮਿਲਣ ਲਈ ਪਿੰਡ ਆਇਆ ਸੀ ਅਤੇ ਗੱਡੀ ਆਪਣੀ ਬਾਹਰ ਹਵੇਲੀ 'ਚ ਖੜ੍ਹੀ ਕਰ ਕੇ ਘਰ ਚਲਾ ਗਿਆ। ਅਗਲੇ ਦਿਨ ਆ ਕੇ ਦੇਖਿਆ ਤਾਂ ਗੱਡੀ 'ਚ ਪਏ ਦੋਵੇਂ ਬੈਗ ਚੋਰੀ ਹੋ ਚੁੱਕੇ ਸਨ। ਉਸ ਨੇ ਦੱਸਿਆ ਕਿ ਇਕ ਬੈਗ 'ਚ ਕੱਪੜੇ, ਇਨਕਮ ਟੈਕਸ ਦੀਆਂ ਰਿਟਰਨਾਂ, ਬੈਂਕ ਦੀਆਂ ਕਾਪੀਆਂ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ, ਜਦਕਿ ਦੂਜੇ ਬੈਗ 'ਚ ਉਸ ਦਾ ਲਾਈਸੈਂਸੀ ਰਿਵਾਲਵਰ ਸਮੇਤ 20 ਰਾਊਂਡ ਜ਼ਿੰਦਾ ਸਨ, ਜੋ ਚੋਰ ਚੋਰੀ ਕਰ ਕੇ ਲੈ ਗਏ ਸਨ। ਉਸ ਨੇ ਦੱਸਿਆ ਕਿ ਗਲਤੀ ਨਾਲ ਉਸ ਦੀ ਗੱਡੀ ਦੇ ਲਾਕ ਖੁੱਲ੍ਹੇ ਰਹਿ ਗਏ ਸਨ। ਇਸ ਮਾਮਲੇ ਸਬੰਧੀ ਪੁਲਸ ਨੇ ਥਾਣਾ ਸੇਖਵਾਂ 'ਚ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਹੈ।