ਪਿੰਡ ਭੋਰਲਾ ''ਚ ਬੀਮਾਰੀ ਦਾ ਕਹਿਰ, ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਲੋਕ
Friday, Oct 04, 2019 - 03:17 PM (IST)
ਸਮਰਾਲਾ (ਬਿਪਨ) : ਸਮਰਾਲਾ 'ਚ ਪੈਂਦੇ ਪਿੰਡ ਭੋਰਲਾ 'ਚ ਸੈੱਲ ਘਟਣ ਅਤੇ ਡੇਂਗੂ ਵਰਗੀ ਬੀਮਾਰੀ ਕਾਰਨ 150 ਦੇ ਕਰੀਬ ਲੋਕ ਬੀਮਾਰ ਪਏ ਹੋਏ ਹਨ ਅਤੇ ਵੱਖੋ-ਵੱਖ ਹਸਪਤਾਲਾਂ ਅਤੇ ਘਰਾਂ 'ਚ ਆਪਣਾ ਇਲਾਜ ਕਰਵਾ ਰਹੇ ਹਨ। ਪਿੰਡ 'ਚ ਕੋਈ ਸਰਕਾਰੀ ਡਿਸਪੈਂਸਰੀ ਵੀ ਨਹੀਂ ਹੈ, ਜਿਸ ਕਾਰਨ ਪਿੰਡ ਵਾਸੀ ਪ੍ਰਾਈਵੇਟ ਹਸਪਤਾਲਾਂ 'ਚ ਮਹਿੰਗਾ ਇਲਾਜ ਕਰਾਉਣ ਲਈ ਮਜਬੂਰ ਹਨ ਪਰ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਇਹ ਕਹਿੰਦੇ ਹੋਏ ਆਪਣਾ ਪੱਲਾ ਝਾੜ ਲਿਆ ਜਾਂਦਾ ਹੈ ਕਿ ਪਿੰਡ 'ਚ ਡੇਂਗੂ ਦਾ ਕੋਈ ਮਰੀਜ਼ ਨਹੀਂ ਹੈ ਅਤੇ ਸਿਰਫ 5 ਮਰੀਜ਼ ਬੁਖਾਰ ਵਾਲੇ ਹਨ।
ਡੀ. ਐੱਮ. ਸੀ. ਹਸਪਤਾਲ ਤੋਂ ਛੁੱਟੀ ਲੈ ਕੇ ਆਏ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੈੱਲ ਘਟਣ ਕਾਰਨ ਉਹ 5 ਦਿਨਾਂ ਤੋਂ ਹਸਪਤਾਲ ਭਰਤੀ ਸੀ, ਜਿਸ ਤੋਂ ਬਾਅਦ ਹੁਣ ਉਸ ਦੇ ਪਿਤਾ ਜੀ ਹਸਪਤਾਲ 'ਚ ਦਾਖਲ ਹਨ। ਉਸ ਨੇ ਦੱਸਿਆ ਕਿ 150 ਦੇ ਕਰੀਬ ਪਿੰਡ 'ਚ ਬੰਦੇ ਬੀਮਾਰ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ 'ਚ ਮੱਛਰ ਨੂੰ ਮਾਰਨ ਲਈ ਸਪਰੇਅ ਕਰਾਉਣੀ ਚਾਹੀਦੀ ਹੈ, ਜਿਸ ਨਾਲ ਮੱਛਰ ਮਰ ਜਾਣ ਅਤੇ ਬੀਮਾਰੀਆਂ ਨਾ ਫੈਲਣ।
ਪਿੰਡ ਦੇ ਰਹਿਣ ਵਾਲੇ ਜਗਜੀਵਨ ਸਿੰਘ ਦਾ ਕਹਿਣਾ ਹੈ ਕਿ ਪਿੰਡ 'ਚ ਸਫਾਈ ਨਾ ਹੋਣ ਕਾਰਨ ਇਹੋ ਜਿਹੀ ਬੀਮਾਰੀ ਫੈਲ ਰਹੀ ਹੈ। ਪੱਤਰਕਾਰਾਂ ਦੇ ਪਿੰਡ ਜਾਣ ਤੋਂ ਬਾਅਦ ਪਹੁੰਚੀ ਸਿਹਤ ਵਿਭਾਗ ਦੀ ਟੀਮ ਦੇ ਇੰਸਪੈਕਟਰ ਦਾ ਕਹਿਣਾ ਸੀ ਕਿ ਪਿੰਡ 'ਚ 5-7 ਬੰਦੇ ਹੀ ਬੀਮਾਰ ਹਨ ਅਤੇ ਉਨ੍ਹਾਂ ਨੇ ਸਾਰੇ ਪਿੰਡ ਦਾ ਸਰਵੇ ਕਰ ਲਿਆ ਹੈ।