ਫਲਾਇੰਗ ਸਕੁਐਡ ਟੀਮ ਨੇ ਛਾਪੇਮਾਰੀ ਦੌਰਾਨ ਨਜਾਇਜ਼ ਸ਼ਰਾਬ ਕੀਤੀ ਬਰਾਮਦ

02/02/2017 4:17:45 PM

ਬਟਾਲਾ—ਵਿਧਾਨ ਸਭਾ ਚੋਣਾਂ ''ਚ ਨਸ਼ੇ ਦੀ ਵਰਤੋਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਚੋਣ ਕਮਿਸ਼ਨ ਦੀਆਂ ਸਾਰੀਆਂ ਟੀਮਾਂ ਪੂਰੀ ਤਰਾਂ ਮੁਸ਼ਤੈਦ ਹਨ। ਐਸ. ਡੀ. ਐਮ. ਬਟਾਲਾ ਕਮ-ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਪ੍ਰਿਥੀ ਸਿੰਘ ਦੀ ਅਗਵਾਈ ਹੇਠ ਤਾਇਨਾਤ ਫਲਾਇੰਗ ਟੀਮਾਂ ਵੱਲੋਂ 24 ਘੰਟੇ ਨਿਗਰਾਨੀ ਰੱਖੀ ਜਾ ਰਹੀ ਹੈ। ਬੀਤੀ ਸ਼ਾਮ ਫਲਾਇੰਗ ਸਕੁਐਡ ਟੀਮ ਨੇ ਬਟਾਲਾ ਦੇ ਹਰਨਾਮ ਨਗਰ ਸਥਿਤ ਇੱਕ ਘਰ ''ਚ ਗੁਪਤ ਸੂਚਨਾ ਦੇ ਅਧਾਰ ''ਤੇ ਰੇਡ ਕਰਕੇ ਵੋਟਰਾਂ ਨੂੰ ਭਰਮਾਉਣ ਲਈ ਵੰਡੀਆਂ ਜਾਣ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ। ਰਿਟਰਨਿੰਗ ਅਫਸਰ ਵਿਧਾਨ ਸਭਾ ਹਲਕਾ ਪ੍ਰਿਥੀ ਸਿੰਘ ਨੇ ਦੱਸਿਆ ਕਿ ਫਲਾਇੰਗ ਸਕੁਐਡ ਟੀਮ ਵੱਲੋਂ ਹਰਨਾਮ ਨਗਰ ਦੇ ਵਾਸੀ ਨਰਿੰਦਰ ਮੋਹਨ ਪੁੱਤਰ ਰੂਪ ਚੰਦ ਦੇ ਘਰੋਂ ਛਾਪੇਮਾਰੀ ਕਰਕੇ 28 ਬੋਤਲਾਂ ਅੰਗਰੇਜ਼ੀ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸ਼ਰਾਬ ਵੋਟਰਾਂ ਨੂੰ ਵੰਡੀ ਜਾਣੀ ਸੀ।  ਪ੍ਰਿਥੀ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਸ਼ਰਾਬ ਸਮੇਤ ਥਾਣਾ ਸਿਵਲ ਲਾਈਨ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਸ ਖਿਲਾਫ ਪੁਲਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਿਥੀ ਸਿੰਘ ਨੇ ਕਿਹਾ ਕਿ ਸਾਰੀਆਂ ਟੀਮਾਂ ਵੱਲੋਂ ਪੂਰੀ ਤਰਾਂ ਨਾਲ ਚੌਕਸੀ ਵਰਤੀ ਜਾ ਰਹੀ ਹੈ ਅਤੇ ਕਿਸੇ ਨੂੰ ਵੀ ਵੋਟਾਂ ਖਰੀਦਣ ਲਈ ਪੈਸੇ, ਸ਼ਰਾਬ ਜਾਂ ਕਿਸੇ ਤਰਾਂ ਤੋਹਫੇ ਬਿਲਕੁਲ ਨਹੀਂ ਵੰਡਣ ਦਿੱਤੇ ਜਾਣਗੇ।

Related News